ਕੈਲੀਫੋਰਨੀਆ ਦੇ ਜੱਜ ਵਿਰੁੱਧ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਆਇਦ

ਕੈਲੀਫੋਰਨੀਆ ਦੇ ਜੱਜ ਵਿਰੁੱਧ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਆਇਦ
ਕੈਪਸ਼ਨ--ਜੈਫਰੀ ਫਰਗੂਸਨ

ਹੱਤਿਆ ਤੋਂ ਬਾਅਦ ਜੱਜ ਨੇ ਖੁਦ ਹੀ ਅਦਾਲਤ ਨੂੰ ਦਿੱਤੀ ਜਾਣਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਦੇ ਇਕ ਜੱਜ ਵਿਰੁੱਧ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਆਇਦ ਕਰਨ ਦੀ ਖਬਰ ਹੈ। ਔਰੇਂਜ ਕਾਊਂਟੀ ਸੁਪਰੀਅਰ ਕੋਰਟ ਜੱਜ ਜੈਫਰੀ ਫਰਗੂਸਨ (72) ਉਪਰ ਦੋਸ਼ ਲਾਏ ਗਏ ਹਨ ਕਿ ਉਸ ਨੇ ਆਪਣੀ ਪਤਨੀ ਸ਼ੈਰਾਇਲ ਫਰਗੂਸਨ (65) ਦੀ ਤਕਰਾਰ ਤੋਂ ਬਾਅਦ ਅਨਾਹੀਮ ਹਿਲਜ਼ ਸਥਿੱਤ ਆਪਣੇ ਘਰ ਵਿਚ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿਚ ਵਾਪਰੀ ਸੀ। ਦਾਇਰ ਅਦਾਲਤੀ ਦਸਤਾਵਜ਼ਾਂ ਵਿੱਚ ਮੁਦਈ ਪੱਖ ਨੇ ਦਾਅਵਾ ਕੀਤਾ ਹੈ ਕਿ ਫਰਗੂਸਨ ਨੇ ਘਰ ਤੋਂ ਬਾਹਰ ਰਾਤ ਦਾ ਖਾਣਾ ਖਾਣ ਸਮੇ ਆਪਣੀ   ਪਤਨੀ ਵੱਲ ਉਂਗਲ ਤਾਣ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਦੋਨੋ ਘਰ ਵਾਪਿਸ ਆਏ ਤਾਂ ਪਤਨੀ ਸ਼ੈਰਾਇਲ ਫਰਗੂਸਨ ਨੇ ਆਪਣੇ ਪਤੀ ਨੂੰ ਕਿਹਾ ਹਿੰਮਤ ਹੈ  ਤਾਂ ਮਾਰ ਗੋਲੀ। ਤੂੰ ਮੇਰੇ 'ਤੇ ਅਸਲ ਹਥਿਆਰ ਤਾਣ ਕੇ ਤਾਂ ਵੇਖ।'' ਇਸ  ਉਪਰੰਤ ਜੈਫਰੀ ਫਰਗੂਸਨ ਨੇ ਆਪਣੇ ਪਿਸਤੌਲ ਨਾਲ ਸ਼ੈਰਾਇਲ ਫਰਗੂਸਨ ਨੂੰ ਗੋਲੀ ਮਾਰ ਦਿੱਤੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਸ ਦੇ ਕੁਝ ਮਿੰਟ ਬਾਅਦ ਫਰਗੂਸਨ ਨੇ ਆਪਣੇ ਅਦਾਲਤ ਦੇ ਕਲਰਕ ਤੇ ਸ਼ੈਰਿਫ ਦਫਤਰ ਨੂੰ ਮੈਸੇਜ ਭੇਜਿਆ ਕਿ  '' ਮੈ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਹੈ, ਮੈ ਕਲ ਅਦਾਲਤ ਵਿਚ ਨਹੀਂ ਬਲਕਿ ਪੁਲਿਸ ਹਿਰਾਸਤ ਵਿਚ ਹੋਵਾਂਗਾ। ਮੁਆਫ ਕਰ ਦੇਣਾ।'' ਔਰੇਂਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਫਰਗੂਸਨ ਦੇ ਬਾਲਗ ਪੁੱਤਰ ਵੱਲੋਂ 911 'ਤੇ ਫੋਨ ਕਰਕੇ ਦਸਿਆ ਗਿਆ ਕਿ ਉਸ ਦੀ ਮਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਉਪਰੰਤ ਅਨਾਹੀਮ ਪੁਲਿਸ ਵਿਭਾਗ ਨੇ ਫਰਗੂਸਨ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁਦਈ ਪੱਖ ਅਨੁਸਾਰ ਜੱਜ ਦੇ ਘਰੋਂ ਰਾਈਫਲਾਂ, ਸ਼ਾਟਗੰਨ ਤੇ ਹੈਂਡ ਗੰਨ ਸਮੇਤ 47 ਹਥਿਆਰ ਤੇ 26000 ਕਾਰਤੂਸ ਬਰਾਮਦ ਹੋਏ ਹਨ। ਮੁਦਈ ਪੱਖ ਅਨੁਸਾਰ ਜਦੋਂ ਫਰਗੂਸਨ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਇਸੇ ਦੌਰਾਨ ਫਰਗੂਸਨ ਦੇ ਵਕੀਲਾਂ ਪੌਲ ਮੇਅਰ ਤੇ ਜੌਹਨ ਬਾਰਨੈਟ ਨੇ ਕਿਹਾ ਹੈ ਕਿ ਇਹ ਸਮੁੱਚੇ ਫਰਗੂਸਨ ਪਰਿਵਾਰ ਨਾਲ ਵਾਪਰਿਆ ਦੁਖਾਂਤ ਹੈ। ਇਹ ਅਚਾਨਕ ਵਾਪਰੀ ਘਟਨਾ ਹੈ ਤੇ ਇਸ ਤੋਂ ਵਧ ਕੁਝ ਨਹੀਂ ਹੈ।