ਅਮਰੀਕਾ ਦੇ 3 ਹੋਰ ਰਾਜਾਂ ਵਿਚ ਓਮੀਕਰੋਨ ਵਾਇਰਸ ਦੇ ਮਾਮਲਿਆਂ ਦੀ ਹੋਈ ਪੁਸ਼ਟੀ

ਅਮਰੀਕਾ ਦੇ 3 ਹੋਰ ਰਾਜਾਂ ਵਿਚ ਓਮੀਕਰੋਨ ਵਾਇਰਸ ਦੇ ਮਾਮਲਿਆਂ ਦੀ ਹੋਈ ਪੁਸ਼ਟੀ

*ਪਹਿਲਾਂ ਵਾਂਗ 'ਨਿੱਜੀ ਬਚਾਅ' ਦੀ ਨੀਤੀ ਅਪਣਾਉਣ 'ਤੇ ਜੋਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਅਮਰੀਕਾ ਦੇ 3 ਹੋਰ ਰਾਜਾਂ ਨਿਊਜਰਸੀ , ਪੈਨਸਿਲਵਾਨੀਆ ਤੇ ਮਿਸੌਰੀ ਵਿਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਅਮਰੀਕਾ ਦੇ ਘੱਟੋ ਘੱਟ 12 ਰਾਜਾਂ ਵਿਚ ਓਮੀਕਰੋਨ ਵਾਇਰਸ ਦਸਤਕ ਦੇ ਚੁੱਕਾ ਹੈ। ਇਨ੍ਹਾਂ ਵਿਚ ਕੈਲੀਫੋਰਨੀਆ, ਕੋਲੋਰਾਡੋ, ਹਵਾਈ, ਲੋਇਸਆਨਾ, ਮੈਰੀਲੈਂਡ, ਮਿਨੀਸੋਟਾ, ਮਿਸੌਰੀ, ਨੇਬਰਾਸਕਾ, ਨਿਊਜਰਸੀ, ਨਿਊਯਾਰਕ, ਪੈਨਸਿਲਵਾਨੀਆ ਤੇ ਉਟਾਹ ਸ਼ਾਮਿਲ ਹਨ।

 ਨਿੱਜੀ ਬਚਾਅ ਦੀ ਨੀਤੀ- ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਮਾਹਿਰਾਂ ਤੇ ਰਾਜਸੀ ਆਗੂਆਂ ਵੱਲੋਂ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਬਾਰੇ ਭੇਜੇ ਜਾ ਰਹੇ ਸੰਦੇਸ਼ਾਂ ਵਿਚ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਕੋਵਿਡ ਤੋਂ ਬਚਣ ਲਈ ਢੰਗ- ਤਰੀਕੇ ਬਾਰੇ ਭਲੀਭਾਂਤ ਜਾਣਦੇ ਹਾਂ ਤੇ ਓਮੀਕਰੋਨ ਦੇ ਮਾਮਲੇ ਵਿਚ ਪਹਿਲਾਂ ਵਾਂਗ ਹੀ ਨਿੱਜੀ ਬਚਾਅ ਦਾ ਢੰਗ- ਤਰੀਕਾ ਅਪਣਾਉਣਾ ਪਵੇਗਾ। ਨਿਊਜਰਸੀ ਦੇ ਗਵਰਨਰ ਫਿਲ ਮਰਫੀ ਨੇ ਰਾਜ ਵਿਚ ਓਮੀਕਰੋਨ ਆਉਣ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਮਾਸਕ ਪਾਉਣ, ਵੈਕਸੀਨ ਲਵਾਉਣ ਤੇ ਬੂਸਟਰ ਖੁਰਾਕ ਲੈਣ ਲਈ ਕਿਹਾ ਹੈ ਤਾਂ ਜੋ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਓਮੀਕਰੋਨ ਦੇ ਇਕ ਮਾਮਲੇ ਦਾ ਜਿਕਰ ਕਰਦਿਆਂ ਸਿਹਤ ਵਿਭਾਗ ਤੇ ਸੀਨੀਅਰ ਨਾਗਰਿਕਾਂ ਦੀਆਂ ਸੇਵਾਵਾਂ ਬਾਰੇ ਮਿਸੌਰੀ ਦੇ ਮੁੱਖੀ ਨੇ ਕਿਹਾ ਹੈ '' ਨਿੱਜੀ ਬਚਾਅ' ਦੀ ਨੀਤੀ ਪਹਿਲਾਂ ਵਾਂਗ ਹੀ ਕੋਵਿਡ ਨਾਲ ਲੜਨ ਲਈ ਕਾਰਗਰ ਹੈ।'' ਪੈਨਸਿਲਵਾਨੀਆ ਦੇ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਰਾਜ ਵਿਚ ਕੋਰੋਨਾ ਦਾ ਨਵਾਂ ਰੂਪ ਆ ਗਿਆ ਹੈ ਪਰੰਤੂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸਾਨੂੰ ਵਾਇਰਸ ਨੂੰ ਕਾਬੂ ਕਰਨਾ ਆਉਂਦਾ ਹੈ। ਟੀਕਾਕਰਣ ਕਰਵਾਉਣਾ, ਬੂਸਟਰ ਖੁਰਾਕ ਲੈਣਾ ਤੇ ਆਪਣੇ ਪੰਜ ਸਾਲ ਤੋਂ ਉਪਰ ਦੇ ਬੱਚਿਆਂ ਨੂੰ ਵੈਕਸੀਨ ਲਵਾ ਕੇ ਅਸੀਂ ਆਪਣੇ ਆਪ ਤੇ ਹੋਰਨਾਂ ਨੂੰ ਸੁਰੱਖਿਅਤ ਰਖ ਸਕਦੇ ਹਾਂ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਸਿਹਤ ਬਾਰੇ ਹੰਗਾਮੀ ਪ੍ਰੋਗਰਾਮ ਦੇ ਡਾਇਰੈਕਟਰ ਡਾਕਟਰ ਮਾਈਕ ਰਿਆਨ ਨੇ ਕਿਹਾ ਹੈ ਕਿ '' ਜੇਕਰ ਅਸੀਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਅਨੁਸਾਰ ਵਿਚਰਦੇ ਹਾਂ ਤਾਂ ਮੇਰਾ ਵਿਚਾਰ ਹੈ ਕਿ ਅਸੀਂ ਓਮੀਕਰੋਨ ਤੋਂ ਬਚਾਅ ਲਈ ਉਚਿੱਤ ਰਾਹ ਉਪਰ ਚੱਲ ਰਹੇ ਹਾਂ। ਬਚਾਅ ਲਈ ਵੈਕਸੀਨ ਲਵਾਉਣਾ ਪਹਿਲੀ ਲੋੜ ਹੈ।''