ਪਿੰਡ ਭੁੱਲਰ ਵਿਚ ਡਰਗ ਤਸਕਰਾਂ  ਦਾ ਬਾਈਕਾਟ ਦਾ ਫੈ਼ਸਲਾ

ਪਿੰਡ ਭੁੱਲਰ ਵਿਚ ਡਰਗ ਤਸਕਰਾਂ  ਦਾ ਬਾਈਕਾਟ ਦਾ ਫੈ਼ਸਲਾ

ਅੰਮ੍ਰਿਤਸਰ ਟਾਈਮਜ਼

ਦੋਦਾ: ਜ਼ਿਲ੍ਹਾ ਮੁਕਤਸਰ ਦੇ ਪਿੰਡ ਭੁੱਲਰ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਡੇਰਾ ਬਾਬਾ ਲੱਖਣਦਾਸ ਵਿਚ ਮੀਟਿੰਗ ਕੀਤੀ, ਜਿਸ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਠੱਲ੍ਹਣ ਲਈ ਸਰਬਸੰਮਤੀ ਨਾਲ ਇੱਕ ਕਮੇਟੀ ਬਣਾਈ ਗਈ। ਇਹ ਕਮੇਟੀ ਨਸ਼ੇ ਵੇਚਣ ਤੇ ਇਸ ਵਿੱਚ ਸਹਿਯੋਗ ਕਰਨ ਵਾਲਿਆਂ ’ਤੇ ਅੱਖ ਰੱਖੇਗੀ। ਇਸ ਮੌਕੇ ਸਰਪੰਚ ਹਰਭਗਵਾਨ ਸਿੰਘ ਤੇ ਸਮੂਹ ਪਿੰਡ ਵਾਸੀ ਮੌਜੂਦ ਸਨ। ਹਾਜ਼ਰ ਪਤਵੰਤਿਆਂ ਨੇ ਸਰਬਸੰਮਤੀ ਨਾਲ ਫੈ਼ਸਲਾ ਲਿਆ ਕਿ ਜੋ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚੇਗਾ ਜਾਂ ਇਸ ਵਿੱਚ ਸਹਿਯੋਗ ਕਰੇਗਾ, ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡੋਂ ਬਾਹਰਲੇ ਕਿਸੇ ਸ਼ੱਕੀ ਵਿਅਕਤੀ ਦੀ ਵੀ ਪਿੰਡ ਵਿੱਚ ਦਾਖ਼ਲ ਹੋਣ ਮੌਕੇ ਤਲਾਸ਼ੀ ਲਈ ਜਾਵੇਗੀ। ਉਨ੍ਹਾਂ ਪਿੰਡ ਦੇ ਦੁਕਾਨਦਾਰਾਂ ਤੇ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾ ਵੇਚਣ ਨੂੰ ਕਿਹਾ। ਇਸ ਦੌਰਾਨ ਨਸ਼ਿਆਂ ਦੇ ਸਬੰਧ ’ਚ ਫੜੇ ਵਿਅਕਤੀਆਂ ਦੀ ਕਾਨੂੰਨੀ ਤੌਰ ’ਤੇ ਜ਼ਮਾਨਤ ਤੇ ਸ਼ਨਾਖਤ ਆਦਿ ਨਾ ਕਰਨ ਦਾ ਵੀ ਪ੍ਰਣ ਲਿਆ ਗਿਆ ।