ਬੇਘਰੇ ਲੋਕਾਂ ਦੀ ਸਮੱਸਿਆ ਹੱਲ ਕਰਨਾ ਮੇਰੀ ਉੱਚ ਤਰਜ਼ੀਹ- ਜੈਸਿਕਾ ਲਾਲ

ਬੇਘਰੇ ਲੋਕਾਂ ਦੀ ਸਮੱਸਿਆ ਹੱਲ ਕਰਨਾ ਮੇਰੀ ਉੱਚ ਤਰਜ਼ੀਹ- ਜੈਸਿਕਾ ਲਾਲ
ਕੈਪਸ਼ਨ:  ਜੈਸਿਕਾ ਲਾਲ

* ਲਾਸ ਏਂਜਲਸ ਤੋਂ ਮੇਅਰ ਦੀ ਚੋਣ ਲੜ ਰਹੀ ਜੈਸਿਕਾ ਨੂੰ ਜਿੱਤਣ ਦੀ ਪੂਰੀ ਉਮੀਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਹਾਲ ਹੀ ਵਿਚ ਲਾਸ ਏਂਜਲਸ ਤੋਂ ਮੇਅਰ ਦੀ ਚੋਣ ਵਿਚ ਕੁੱਦੀ ਭਾਰਤੀ ਮੂਲ ਦੀ ਅਮਰੀਕਨ ਨਾਗਰਿਕ ਜੈਸਿਕਾ ਲਾਲ ਨੇ ਐਲਾਨ ਕੀਤਾ ਹੈ ਕਿ ਬੇਘਰ ਹੋਣਾ ਇਕ ਵੱਡਾ ਸੰਤਾਪ ਹੈ ਤੇ ਇਹ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਗੰਭੀਰ ਹੋਈ ਹੈ। ਇਸ ਸਮੱਸਿਆ ਨੂੰ ਹੱਲ ਕਰਨਾ ਮੇਰੀ  ਉੱਚ ਤਰਜੀਹ ਹੋਵੇਗੀ। ਉਨਾਂ ਨੇ ਆਪਣੇ ਐਲਾਨ ਵਿਚ ਕਿਹਾ ਹੈ '' ਲਾਸ ਏਂਜਲਸ ਲਈ ਇਹ ਫੈਸਲੇ ਦੀ ਘੜੀ ਹੈ। ਮੈ  ਲਾਸ ਏਂਜਲਸ ਦੇ ਮੇਅਰ ਵਜੋਂ ਮਸਲਿਆਂ ਦੇ ਹੱਲ ਲਈ ਆਪਣੀ ਭੂਮਿਕਾ ਬਾਰੇ ਬਹੁਤ ਗੰਭੀਰਤਾ ਨਾਲ ਸੋਚ ਵਿਚਾਰ ਕੀਤੀ ਹੈ। ਮੇਰਾ ਵਿਸ਼ਵਾਸ਼ ਹੈ ਕਿ ਮੈ ਸ਼ਹਿਰ ਨੂੰ ਅਜਿਹਾ ਬਣਾਉਣ ਦੇ ਸਮਰੱਥ ਹਾਂ ਜਿਸ ਉਪਰ ਸਾਨੂੰ ਸਾਰਿਆਂ ਨੂੰ ਮਾਣ ਹੋਵੇ।'' ਜੈਸਿਕਾ ਨੂੰ ਉਮੀਦ ਹੈ ਕਿ ਉਹ ਚੋਣ ਜਿੱਤ ਜਾਵੇਗੀ। ਇਸ ਵੇਲੇ ਏਰਿਕ ਗਰਸੇਟੀ ਲਾਸ ਏਂਜਲਸ ਦੀ ਮੇਅਰ ਹੈ ਜਿਸ ਨੂੰ ਰਾਸ਼ਟਰਪਤੀ ਜੋ ਬਾਇਡਨ ਭਾਰਤ ਵਿਚ ਅਮਰੀਕੀ ਰਾਜਦੂਤ ਵਜੋਂ ਨਿਯੁਕਤ ਕਰਨਾ ਚਹੁੰਦੇ ਹਨ। ਇਸ ਸਬੰਧੀ ਰਸਮੀ ਪੁਸ਼ਟੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਕਾਰੋਬਾਰੀ ਆਗੂ ਜੈਸਿਕਾ ਦਾ ਕਹਿਣਾ ਹੈ ਕਿ ਲਾਸ ਏਂਜਲਸ ਵਿਚ ਬੇਘਰ ਲੋਕਾਂ ਦੀ ਸਮੱਸਿਆ ਨਾਲੋਂ ਹੋਰ ਕੋਈ ਵੀ ਮਸਲਾ ਵੱਡਾ ਨਹੀਂ ਹੈ। ਇਸ ਸਭ ਤੋਂ ਵੱਡਾ ਸੰਕਟ ਹੈ ਜਿਸ ਨੂੰ ਹੱਲ ਕਰਨ ਲਈ ਸਾਡੀਆਂ ਸਰਕਾਰਾਂ ਚੰਗੇ ਇਰਾਦੇ ਦੇ ਬਾਵਜੂਦ ਅਸਫਲ ਰਹੀਆਂ ਹਨ। ਇਹ ਮਾਨਵੀ ਸੰਕਟ ਹੈ ਜੋ ਲਾਸ ਏਂਜਲਸ ਉਪਰ ਇਕ ਧੱਬੇ ਵਾਂਗ ਹੈ। ਉਨਾਂ ਕਿਹਾ ਕਿ ''ਵੋਟਰਾਂ ਵੱਲੋਂ ਟੈਕਸ ਦੇ ਰੂਪ ਵਿਚ ਬੇਮਿਸਾਲ ਨਿਵੇਸ਼ ਕਰਨ ਦੇ ਬਾਵਜੂਦ ਸਮੱਸਿਆ ਗਹਿਰੀ ਹੋਈ ਹੈ। ਮੈ ਪਿਛਲੇ ਇਕ ਦਹਾਕੇ ਦੌਰਾਨ ਸਿਟੀ ਹਾਲ ਦੇ ਅੰਦਰ ਤੇ ਬਾਹਰ ਸ਼ਹਿਰ ਦੇ ਮੁੱਦੇ ਹੱਲ ਕਰਨ ਲਈ ਸੰਘਰਸ਼ ਕੀਤਾ ਹੈ। ਮੇਰਾ ਇਹ ਤਜ਼ਰਬਾ ਕੰਮ ਆਵੇਗਾ ਤੇ ਇਹ ਹੀ ਕਾਰਨ ਹੈ ਕਿ ਮੈ ਮੰੁੰਕਮਲ ਰੂਪ ਵਿਚ ਬੇਘਰੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਤਿਆਰ ਹਾਂ।'' ਇਥੇ ਜਿਕਰਯੋਗ ਹੈ ਕਿ 37 ਸਾਲਾ ਲਾਲ ਨੂੰ ਅਨੇਕਾਂ ਸੰਸਥਾਵਾਂ ਦੀ ਅਗਵਾਈ ਕਰਨ ਦਾ ਤਜ਼ਰਬਾ ਹੈ। ਪਿਛਲੇ 5 ਸਾਲ ਤੋਂ ਉਹ ਸੈਂਟਰਲ ਸਿਟੀ ਐਸੋਸੀਏਸ਼ਨ , ਜਿਸ ਦੇ 300 ਤੋਂ ਵਧ ਮੈਂਬਰ ਹਨ, ਦੀ ਸੀ ਈ ਓ ਵਜੋਂ ਕੰਮ ਕਰ ਰਹੀ ਹੈ। ਇਹ ਐਸੋਸੀਏਸ਼ਨ ਲਾਸ ਏਂਜਲਸ ਦੇ ਬੱਚਾ ਸੰਭਾਲ, ਬੇਰੁਜ਼ਗਾਰੀ ਤੇ ਬੇਘਰ ਵਰਗੇ ਅਹਿਮ ਮੁੱਦਿਆਂ ਦੇ ਹੱਲ ਲਈ ਯਤਨਸ਼ੀਲ ਹੈ। ਬੇਘਰ ਲੋਕਾਂ ਦੀ ਸਮੱਸਿਆ ਤੋਂ ਇਲਾਵਾ ਜੈਸਿਕ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਦੇ ਮੱਦੇਨਜਰ ਆਰਥਕ ਬਹਾਲੀ, ਰੰਗ ਭੇਦ ਤੋਂ ਪ੍ਰਭਾਵਤ ਲੋਕਾਂ ਅਤੇ ਕੰਮਕਾਰੀ ਮਾਪਿਆਂ ਲਈ ਕੰਮ ਕਰੇਗੀ। ਮੇਅਰ ਦੀ ਚੋਣ ਅਗਲੇ ਸਾਲ ਹੋਣੀ ਹੈ ਜਿਸ ਦਾ ਰਸਮੀ ਐਲਾਨ ਅਜੇ ਨਹੀਂ ਹੋਇਆ।