ਪਾਕਿਸਤਾਨ ਦੇ ਪੇਸ਼ਾਵਰ ਵਿਚ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਸਿੱਖ ਦੁਕਾਨਦਾਰ ਤੇ ਚਲਾਈਆਂ ਗੋਲੀਆਂ

ਪਾਕਿਸਤਾਨ ਦੇ ਪੇਸ਼ਾਵਰ ਵਿਚ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਸਿੱਖ ਦੁਕਾਨਦਾਰ ਤੇ ਚਲਾਈਆਂ ਗੋਲੀਆਂ

ਸਿੱਖ ਉਪਰ ਗਿਣੀ ਮਿੱਠੀ ਸਾਜ਼ਿਸ਼ ਤਹਿਤ ਹੋ ਰਹੇ ਹਨ ਲਗਾਤਾਰ ਹਮਲੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 24 ਜੂਨ (ਮਨਪ੍ਰੀਤ ਸਿੰਘ ਖਾਲਸਾ):-ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਕਦੇ ਜ਼ਹਿਰ, ਐਕਸੀਡੈਂਟ ਜਾ ਗੋਲੀਆਂ ਮਾਰ ਕੇ ਕੱਤਲ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਪਾਕਿਸਤਾਨ ਦੇ ਪੇਸ਼ਾਵਰ ਵਿਚ ਵਰਤਿਆ ਹੈ, ਜਿਥੇ ਇਕ ਸਿੱਖ ਦੁਕਾਨਦਾਰ ਤੇ ਗੋਲੀਆਂ ਚਲਾਈ ਗਈਆਂ ਹਨ । ਸਿਟੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡਬਗੜ੍ਹੀ ਇਲਾਕੇ ਦਾ ਰਹਿਣ ਵਾਲਾ ਤਰਲੋਕ ਸਿੰਘ ਉਮਰ 30 ਸਾਲ ਜੋ ਕਿ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਉਪਰ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ।

ਉਨ੍ਹਾਂ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰ ਦੇ ਪੈਰ 'ਚ ਗੋਲੀ ਲੱਗਣ ਕਾਰਨ ਉਸ ਨੂੰ ਕੁਝ ਸੱਟਾਂ ਲੱਗੀਆਂ ਸਨ । ਉਸ ਨੂੰ ਹਸਪਤਾਲ ਲਿਜਾਇਆ ਗਿਆ ਉਪਰੰਤ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਜਿਕਰਯੋਗ ਹੈ ਕਿ ਬੀਤੀ 31 ਮਾਰਚ ਨੂੰ ਸੂਬਾਈ ਰਾਜਧਾਨੀ ਦੇ ਬਾਹਰਵਾਰ ਗੜ੍ਹੀ ਅਤਾ ਮੁਹੰਮਦ ਇਲਾਕੇ ਵਿੱਚ ਇੱਕ ਸਿੱਖ ਦੁਕਾਨਦਾਰ ਦਿਆਲ ਸਿੰਘ ਦੀ ਇੱਕ ਅਣਪਛਾਤੇ ਹਮਲਾਵਰ ਨੇ ਹੱਤਿਆ ਕਰ ਦਿੱਤੀ ਸੀ।

ਪੁਲਿਸ ਨੇ ਦੱਸਿਆ ਸੀ ਕਿ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਸਿੰਘ ਦੀ ਦੁਕਾਨ ਦੇ ਬਾਹਰ ਆਪਣਾ ਬਾਈਕ ਖੜ੍ਹਾ ਕੀਤਾ ਅਤੇ ਉਸ 'ਤੇ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।