ਦੁਰਘਟਨਾ ਦੌਰਾਨ ਅਮਰੀਕਾ ਦੇ ਟਰੇਸੀ ‘ਚ ਦੋ ਭਾਰਤੀ ਨੌਜਵਾਨਾਂ ਦੀ ਮੌਤ

ਦੁਰਘਟਨਾ ਦੌਰਾਨ ਅਮਰੀਕਾ ਦੇ ਟਰੇਸੀ ‘ਚ ਦੋ ਭਾਰਤੀ ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟਰੇਸੀ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਕੈਲੀਫੋਰਨੀਆਂ ਦੇ ਸੈਂਟਰਲ ਵੈਲੀ ਦੇ ਸ਼ਹਿਰ ਟਰੇਸੀ ਤੋ ਸਰੀਰ ਸੁੰਨ ਕਰਨ ਵਾਲੀ ਖ਼ਬਰ ਨੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਪਤਾ ਲੱਗਾ ਕਿ ਸ਼ੁੱਕਰਵਾਰ ਰਾਤੀ 9.45 ਵਜੇ ਟਰੇਸੀ ਦੇ ਮਕਾਰਥਰ ਬੁਲੇਵਾਰਡ ਅਤੇ ਗਰੈਂਟ ਲਈਨ ਰੋਡ ਤੇ ਤੇਜ਼ ਰਫ਼ਤਾਰ ਟੈਸਲਾ ਕਾਰ ਫਾਇਰ ਹਾਈਡਰਿੰਟ ਨਾਲ ਟਕਰਾ ਗਈ, ਬਾਅਦ ਵਿੱਚ ਦਰਖ਼ਤ ਨਾਲ ਜਾ ਵੱਜੀ ‘ਤੇ ਕਾਰ ਨੂੰ ਅੱਗ ਲੱਗ ਗਈ। ਮਿੰਟਾ ਸਕਿੰਟਾਂ ਵਿੱਚ ਕਾਰ ਅੱਗ ਦੀਆਂ ਲਪਟਾਂ ਵਿੱਚ ਆ ਗਈ, ਅਤੇ ਕਾਰ ਵਿੱਚ ਸਵਾਰ ਦੋ ਭਾਰਤੀ ਨੌਜਵਾਨ ਅਰਵਿੰਦ ਰਾਮ (37)(ਮਹਾਰਾਸ਼ਟਰ) ਅਤੇ ਅਮਰੀਕ ਸਿੰਘ ਵਾਂਦਰ (34) ਪਿੰਡ ਵਾਂਦਰ (ਕੋਟਕਪੂਰਾ) ਪੰਜਾਬ, ਮੱਚਦੀ ਕਾਰ ਵਿੱਚ ਜਿਉਂਦੇ ਝੁਲਸਕੇ ਮੌਤ ਦੇ ਮੂੰਹ ਜਾ ਪਏ। ਇਹਨਾਂ ਦੀ ਕਾਰ ਦੇ ਪਿੱਛੇ ਇਹਨਾਂ ਦੇ ਹੋਰ ਦੋਸਤ ਦੂਸਰੀ ਕਾਰ ਵਿੱਚ ਆ ਰਹੇ ਸਨ, ਜਿੰਨਾਂ ਨੇ ਆਪਣੇ ਦੋਸਤਾਂ ਨੂੰ ਬਚਾਉਣ ਲਈ ਬਹੁਤ ਵਾਹ ਲਾਈ, ਪਰ ਕਾਰ ਲਾਕ ਹੋ ਗਈ ਅਤੇ ਅੱਗ ਦੀਆਂ ਲਪਟਾਂ ਕਾਰਨ ਓਹ ਵੀ ਕੁਝ ਨਹੀ ਕਰ ਸਕੇ ‘ਤੇ ਦੇਖਦੇ ਹੀ ਦੇਖਦੇ ਸਭ ਕੁਝ ਖਤਮ ਹੋ ਗਿਆ। ਗੱਡੀ ਅਰਵਿੰਦ ਰਾਮ ਚਲਾ ਰਿਹਾ ਸੀ। ਮਰਨ ਵਾਲੇ ਨੌਜਵਾਨ ਕਿੱਤੇ ਦੇ ਤੌਰ ਤੇ ਇੰਜਨੀਅਰ ਸਨ। ਇਹ ਦੋਵੇਂ ਨੌਜਵਾਨ ਬੜੇ ਅਗਾਂਹ ਵਧੂ ਸਨ ‘ਤੇ ਅਮਰੀਕ ਸਿੰਘ ਵਾਂਦਰ ਸਿਟੀ ਦੀ ਰਾਜਨੀਤੀ ਵਿੱਚ ਵੀ ਸਰਗਰਮ ਰਹਿੰਦਾ ਸੀ। ਇਹਨਾਂ ਨੌਜਵਾਨਾਂ ਦੀ ਬੇਵਕਤੀ ਮੌਤ ਕਾਰਨ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇਂ ਵਿੱਚ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਤਫ਼ਤੀਸ਼ ਕਰ ਰਹੀ ਹੈ ਕਿ ਕਿਤੇ ਸ਼ਰਾਬ ਤਾਂ ਵਿੱਚ ਇੰਨਵੌਲਵ ਨਹੀਂ।