ਮੋਦੀ ਨਾਲ ਮੁਲਾਕਾਤ ਤੋਂ ਕੱਝ ਘੰਟੇ ਪਹਿਲਾਂ ਟਰੰਪ ਨੇ ਵਖਾਈ ਸਖਤੀ

ਮੋਦੀ ਨਾਲ ਮੁਲਾਕਾਤ ਤੋਂ ਕੱਝ ਘੰਟੇ ਪਹਿਲਾਂ ਟਰੰਪ ਨੇ ਵਖਾਈ ਸਖਤੀ

ਚੰਡੀਗੜ੍ਹ: ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰਕ ਖਿੱਚੋਤਾਣ ਦੀ ਤੰਦ ਨੂੰ ਹੋਰ ਖਿੱਚਦਿਆਂ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕੀ ਵਸਤਾਂ 'ਤੇ ਲਾਏ ਜਾ ਰਹੇ ਟੈਰਿਫ (ਟੈਕਸ) ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅੱਜ ਟਵੀਟ ਕਰਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਦੱਸ ਦਈਏ ਕਿ ਜੀ20 ਸਮਿੱਟ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਤੋਂ ਮਹਿਜ਼ ਕੁੱਝ ਸਮਾਂ ਪਹਿਲਾਂ ਟਰੰਪ ਵੱਲੋਂ ਕੀਤੇ ਇਸ ਟਵੀਟ ਨੂੰ ਭਾਰਤ ਲਈ ਗੰਭੀਰ ਸਮਝਿਆ ਜਾ ਰਿਹਾ ਹੈ। 

ਟਰੰਪ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਤੱਥ ਬਾਰੇ ਗੱਲ ਕਰਾਂਗੇ ਕਿ ਭਾਰਤ ਕਈ ਸਾਲਾਂ ਤੋਂ ਅਮਰੀਕੀ ਵਸਤਾਂ 'ਤੇ ਉੱਚੇ ਟੈਰਿਫ ਲਾਉਂਦਾ ਆ ਰਿਹਾ ਹੈ, ਤੇ ਹੁਣ ਉਸਨੇ ਟੈਰਿਫ ਹੋਰ ਵਧਾ ਦਿੱਤੇ ਹਨ। ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਹ ਟੈਰੀਫ ਜ਼ਰੂਰੀ ਵਾਪਿਸ ਲਏ ਜਾਣੇ ਚਾਹੀਦੇ ਹਨ।"

ਜ਼ਿਕਰਯੋਗ ਹੈ ਕਿ ਚੀਨ ਅਤੇ ਅਮਰੀਕਾ ਦਰਮਿਆਨ ਇੱਕ ਵਪਾਰਕ ਲੜਾਈ ਚੱਲ ਰਹੀ ਹੈ ਜਿਸ ਵਿੱਚ ਦੋਵੇਂ ਮੁਲਕ ਇੱਕ ਦੂਜੇ ਦੀਆਂ ਵਸਤਾਂ 'ਤੇ ਟੈਰਿਫ ਵਧਾ ਰਹੇ ਹਨ। ਪਰ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਅਤੇ ਚੀਨੀ ਰਾਸ਼ਟਰਪਤੀ ਦੀ ਮੁਲਾਕਾਤ ਤੋਂ ਬਾਅਦ ਦੋਵੇਂ ਆਗੂਆਂ ਨੇ ਇਸ ਲੜਾਈ ਨੂੰ ਕੁੱਝ ਰੋਕ ਲਾ ਕੇ ਗੱਲਬਾਤ ਸ਼ੁਰੂ ਕਰਨ ਦੀ ਗੱਲ ਕਹੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਮੁਲਕਾਂ ਦੀ ਇਸ ਲੜਾਈ ਵਿੱਚ ਭਾਰਤ ਸਮੇਤ ਕੁੱਝ ਮੁਲਕਾਂ ਨੂੰ ਫਾਇਦਾ ਹੋਵੇਗਾ ਤੇ ਅਜਿਹੇ ਹੀ ਖਿਆਲਾਂ ਦਾ ਪ੍ਰਗਟਾਵਾ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਵੀ ਕੀਤਾ ਗਿਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ