ਜੇਕਰ ਸਥਿੱਤੀ ਨਾ ਬਦਲੀ ਤਾਂ ਟਰੰਪ ਰਾਸ਼ਟਰਪਤੀ ਚੋਣ ਤੋਂ ਹੋ ਸਕਦੇ ਹਨ ਲਾਂਭੇ

ਜੇਕਰ ਸਥਿੱਤੀ ਨਾ ਬਦਲੀ ਤਾਂ ਟਰੰਪ ਰਾਸ਼ਟਰਪਤੀ ਚੋਣ ਤੋਂ ਹੋ ਸਕਦੇ ਹਨ ਲਾਂਭੇ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਡਾਵਾਂਡੋਲ ਵਾਲੀ ਸਥਿੱਤੀ ਵਿਚ ਹਨ ਤੇ ਜੇਕਰ ਚੋਣ ਸੰਭਾਵਨਾਵਾਂ ਵਿਚ ਸੁਧਾਰ ਨਾ ਹੋਇਆ ਤਾਂ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਲਾਂਭੇ ਹੋ ਸਕਦੇ ਹਨ। ਰਿਪਬਲੀਕਨ ਪਾਰਟੀ ਦੇ ਇਕ ਸੰਚਾਲਕ ਨੇ 'ਫੌਕਸ ਨਿਊਜ਼' ਨੂੰ ਦਸਿਆ ਕਿ ਜੇਕਰ ਟਰੰਪ ਨੂੰ ਇਹ ਵਿਸ਼ਵਾਸ਼ ਹੋ ਗਿਆ ਕਿ ਉਹ ਜਿੱਤਣ ਦੀ ਸਥਿੱਤੀ ਵਿਚ ਨਹੀਂ ਹਨ ਤਾਂ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜਣਗੇ।

ਇਹ ਦਾਅਵਾ ਰਾਸ਼ਟਰਪਤੀ ਦੇ ਪਸੰਦੀਦਾ ਨਿਊਜ਼ ਸੈਂਟਰ ਵੱਲੋਂ ਕੀਤਾ ਗਿਆ ਹੈ ਜਿਸ ਦਾ ਵਾਈਟ ਹਾਊਸ ਵਿਚਲੇ ਲੋਕਾਂ ਨਾਲ ਸੰਪਰਕ ਹੈ ਜੋ ਟਰੰਪ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਸਰਵੇਖਣਾਂ ਵਿਚ ਟਰੰਪ ਦੀ ਹਾਲਤ ਪਤਲੀ ਹੈ। ਇਕ ਗੁਪਤ ਜੀ ਓ ਪੀ ਆਪਰੇਟਿਵ ਅਨੁਸਾਰ ਹਾਲਾਂ ਕਿ ਅਜੇ ਚੋਣਾਂ ਵਿਚ ਸਮਾਂ ਰਹਿੰਦਾ ਹੈ ਪਰ ਜੇਕਰ ਚੋਣ ਸਰਵੇਖਣਾਂ ਵਿਚ ਸੁਧਾਰ ਨਾ ਹੋਇਆ ਤੇ ਹਾਲਾਤ ਹੋਰ ਖ਼ਰਾਬ ਹੋ ਗਏ ਤਾਂ ਇਕ ਵੱਖਰੀ ਸਥਿੱਤੀ ਵੇਖਣ ਨੂੰ ਮਿਲੇਗੀ ਜਿਸ ਵਿਚ ਟਰੰਪ ਨਜਰ ਨਹੀਂ ਆਉਣਗੇ। ਫੌਕਸ ਨਿਊਜ਼ ਰਿਪੋਰਟ ਦੇ ਲੇਖਿਕ ਚਾਰਲਸ ਗਰਪਰੀਨੋ ਨੇ ਬਹੁਤ ਸਾਰੇ ਟਵੀਟ ਕੀਤੇ ਹਨ ਜਿਨਾਂ ਵਿਚ ਉਸ ਨੇ ਕਿਹਾ ਹੈ ਕਿ ਉਸ ਨੇ ਰਿਪਬਲੀਕਨ ਪਾਰਟੀ ਵਿਚਲੇ ਪ੍ਰਮੁੱਖ ਰਾਜਸੀ ਖਿਡਾਰੀਆਂ ਨਾਲ ਗੱਲ ਕੀਤੀ ਹੈ ਜਿਨਾਂ ਵਿਚੋਂ ਇਕ ਨੇ ਕਿਹਾ ਕਿ ਰਾਸ਼ਟਰਪਤੀ ਜ਼ੱਕੋਤੱਕੀ ਵਿਚ ਹਨ ਕਿਉਂਕਿ ਉਨਾਂ ਦੇ ਦੂਸਰੀ ਵਾਰ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਰੋਜਾਨਾ ਘਟ ਰਹੀਆਂ ਵਿਖਾਈ ਦੇ ਰਹੀਆਂ ਹਨ। ਇਕ ਹੋਰ ਜੀ ਓ ਪੀ ਸੂਤਰ ਨੇ ਦਸਿਆ ਕਿ ਟਰੰਪ ਵੱਲੋਂ ਚੋਣ ਨਾ ਲੜਨ ਦੀ ਬਹੁਤ ਸੰਭਾਵਨਾ ਹੈ।  

ਜੋਅ ਬਿਡੇਨ ਜੋ ਰਾਸ਼ਟਰਪਤੀ ਦੀ ਚੋਣ 'ਚ ਡੈਮੋਕਰੈਟਸ ਉਮੀਦਵਾਰ ਹਨ, ਇਸ ਵੇਲੇ 9 ਅੰਕ ਅਰਥਾਤ 9% ਵੋਟਾਂ ਦੇ ਫਰਕ ਨਾਲ ਟਰੰਪ ਤੋਂ  ਅੱਗੇ ਹਨ।

ਇਹ ਵੀ ਬਹੁਤ ਅਹਿਮ ਹੈ ਕਿ ਟਰੰਪ ਨੂੰ ਬਜ਼ੁਰਗ ਵਾਈਟ ਵੋਟਰਾਂ ਦੀ ਹਮਾਇਤ ਨਹੀਂ ਰਹੀ ਜੋ ਕਿ ਰਿਪਬਲੀਕਨ ਪਾਰਟੀ ਦੇ ਸਮਰਥਕ ਮੰਨੇ ਜਾਂਦੇ ਹਨ ਤੇ ਜਿਨਾਂ ਦੀ ਹਮਾਇਤ ਨਾਲ ਟਰੰਪ 2016 ਵਿਚ ਬਹੁਤ ਥੋੜੇ ਫਰਕ ਨਾਲ ਚੋਣ ਜਿੱਤੇ ਸਨ। ਟਰੰਪ ਤਕਰੀਬਨ ਸਾਰੇ ਉਨਾਂ ਰਾਜਾਂ ਵਿਚ ਸਾਬਕਾ ਉੱਪ ਰਾਸ਼ਟਰਪਤੀ ਤੋਂ ਪੱਛੜ ਰਹੇ ਹਨ ਜੋ ਰਾਜ ਕਦੀ ਵੀ ਇਕ ਪਾਰਟੀ ਦੇ ਹੱਕ ਵਿਚ ਨਹੀਂ ਭੁੱਗਤੇ। ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਨਾਂਰਾਜਾਂ ਵਿਚ ਟਰੰਪ ਨੂੰ ਵੱਡਾ ਹੁੰਗਾਰਾ ਮਿਲਿਆ ਸੀ। 

ਇਥੇ ਵਰਣਨਯੋਗ ਹੈ ਕਿ ਟਰੰਪ ਨਿਰੰਤਰ ਉਨਾਂ ਚੋਣ ਸਰਵੇਖਣਾਂ ਦੀ ਅਲੋਚਨਾ ਕਰਦੇ ਰਹੇ ਹਨ ਜਿਨਾਂ ਵਿਚ ਉਨਾਂ ਨੂੰ ਜੋਅ ਬਿਡੇਨ ਤੋਂ ਪਿਛੇ ਵਿਖਾਇਆ ਗਿਆ ਸੀ। ਹਾਲ ਹੀ ਵਿਚ ਵਾਸ਼ਿੰਗਟਨ ਪੋਸਟ ਦੇ ਸਰਵੇਖਣ ਵਿਚ 36% ਬਾਲਗਾਂ ਨੇ ਟਰੰਪ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਨਜਿੱਠਣ ਦੇ ਢੰਗ-ਤਰੀਕੇ ਨੂੰ ਉਚਿੱਤ ਠਹਿਰਾਇਆ ਹੈ ਜਦ ਕਿ 62% ਨੇ ਕਿਹਾ ਹੈ ਟਰੰਪ ਨਾਕਾਮ ਸਾਬਤ ਹੋਏ ਹਨ। ਨਿਊਯਾਰਕ ਟਾਈਮਜ਼ ਦੇ ਸਰਵੇਖਣ ਦੇ ਨਤੀਜੇ ਵੀ  ਇਸ ਕਿਸਮ ਦੇ ਹੀ ਰਹੇ ਹਨ। ਨਿਊਯਾਰਕ ਟਾਈਮਜ਼ ਦੇ ਸੀਏਨਾ ਕਾਲਜ ਸਰਵੇਖਣ ਅਨੁਸਾਰ 58% ਅਮਰੀਕੀਆਂ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਟਰੰਪ ਦੇ ਢੰਗ- ਤਰੀਕੇ ਨੂੰ ਰੱਦ ਕੀਤਾ ਹੈ ਤੇ ਕੇਵਲ 38% ਨੇ ਇਸ ਮੁੱਦੇ 'ਤੇ ਟਰੰਪ ਦੇ ਹੱਕ ਵਿਚ ਹਾਮੀ ਭਰੀ ਹੈ।