ਪੰਜਾਬ ਵਿੱਚ ਨਸ਼ੀਲੀਆਂ ਟਰੈਮਾਡੋਲ ਦੀਆਂ ਗੋਲੀਆਂ ਸਪਲਾਈ ਕਰਨ ਵਾਲਾ 10 ਲੱਖ ਗੋਲੀਆਂ ਸਮੇਤ ਗ੍ਰਿਫਤਾਰ

ਪੰਜਾਬ ਵਿੱਚ ਨਸ਼ੀਲੀਆਂ ਟਰੈਮਾਡੋਲ ਦੀਆਂ ਗੋਲੀਆਂ ਸਪਲਾਈ ਕਰਨ ਵਾਲਾ 10 ਲੱਖ ਗੋਲੀਆਂ ਸਮੇਤ ਗ੍ਰਿਫਤਾਰ

ਮੋਹਾਲੀ: ਪੰਜਾਬ ਵਿੱਚ ਮੈਡੀਕਲ ਨਸ਼ਿਆਂ ਨਾਲ ਸਬੰਧਿਤ ਇੱਕ ਵੱਡੀ ਮੱਛੀ ਨੂੰ ਫੜ੍ਹਨ ਦਾ ਦਾਅਵਾ ਕਰਦਿਆਂ ਪੰਜਾਬ ਪੁਲਿਸ ਨੇ 10 ਲੱਖ ਤੋਂ ਜ਼ਿਆਦਾ ਨਸ਼ੇ ਦੀਆਂ ਗੋਲੀਆਂ ਟਰੈਮਾਡੋਲ ਜ਼ਬਤ ਕੀਤੀਆਂ ਹਨ। ਪੁਲਿਸ ਨੇ ਇਹਨਾਂ ਗੋਲੀਆਂ ਨੂੰ ਬਣਾਉਣ ਵਾਲੀ ਫਰਮ ਦੇ ਮਾਲਕ ਨੂੰ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਪੈਸ਼ਲ ਟਾਸਕ ਫੋਰਸ ਦੇ ਏਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਪਰਦੀਪ ਗੋਇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪਿਛਲੇ 10 ਮਹੀਨਿਆਂ ਦੌਰਾਨ 70 ਲੱਖ ਤੋਂ ਵੱਧ ਟਰੈਮਾਡੋਲ ਦੀਆਂ ਗੋਲੀਆਂ ਤਿਆਰ ਕਰਕੇ ਸਪਲਾਈ ਕਰ ਚੁੱਕਿਆ ਹੈ। 

ਇਹਨਾਂ ਗੋਲੀਆਂ ਦੇ ਅਸਰ ਬਾਰੇ ਦਸਦਿਆਂ ਉਹਨਾਂ ਕਿਹਾ ਕਿ ਇਹ ਸਿੰਥੈਟਿਕ (ਮੈਡੀਕਲ) ਨਸ਼ਾ ਹੈ। ਪੰਜਾਬ ਵਿੱਚ ਨੌਜਵਾਨ ਵੱਡੀ ਮਾਤਰਾ ਵਿੱਚ ਇਸ ਨਸ਼ੇ ਨੂੰ ਖਾ ਰਹੇ ਹਨ। ਪੰਜਾਬ ਪੁਲਿਸ ਇਸ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਲਈ ਜ਼ੋਰਦਾਰ ਮੁਹਿੰਮ ਚਲਾ ਰਹੀ ਹੈ।

ਉਹਨਾਂ ਦੱਸਿਆ ਕਿ ਦੋਸ਼ੀ ਪਰਦੀਪ ਗੋਇਲ ਬਠਿੰਡਾ ਵਿੱਚ ਮੈਡੀਕਲ ਸਟੋਰ (ਦਵਾਈਆਂ ਦੀ ਦੁਕਾਨ) ਚਲਾਉਂਦਾ ਸੀ। ਇਸ ਸਟੋਰ ਉਸ ਦੇ ਭਰਾ ਦੇ ਲਾਇਸੈਂਸ 'ਤੇ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਗੋਇਲ ਦੇ ਸਬੰਧ ਦਿੱਲੀ ਅਤੇ ਜ਼ੀਰਕਪੁਰ ਵਿੱਚ ਵੀ ਸਨ ਜਿਹਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਬੰਧਿਤ ਮਹਿਕਮੇ ਨੂੰ ਪਰਦੀਪ ਗੋਇਲ ਦਾ ਲਾਇਸੈਂਸ ਰੱਦ ਕਰਨ ਲਈ ਕਿਹਾ ਹੈ। 

ਪਹਿਲਾਂ ਵੀ ਫੜੇ ਜਾਣ ਦੇ ਬਾਵਜੂਦ ਚਲਾਉਂਦਾ ਆ ਰਿਹਾ ਸੀ ਮੌਤ ਦਾ ਧੰਦਾ
ਦਿਓ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਰਦੀਪ ਗੋਇਲ ਨੂੰ ਫੜਿਆ ਜਾ ਚੁੁੱਕਿਆ ਹੈ ਪਰ ਉਹ ਬੇਪਰਵਾਹੀ ਨਾਲ ਆਪਣਾ ਧੰਦਾ ਚਲਾਉਂਦਾ ਆ ਰਿਹਾ ਸੀ। 2011 ਵਿੱਚ ਪਰਦੀਪ ਦੇ ਸਟੋਰ 'ਤੇ ਪੁਲਿਸ ਛਾਪੇ ਤੋਂ ਬਾਅਦ ਉਸਦਾ ਲਾਇਸੈਂਸ 21 ਦਿਨਾਂ ਲਈ ਰੱਦ ਕੀਤਾ ਗਿਆ ਸੀ। ਬਾਅਦ ਵਿੱਚ ਉਸਨੇ ਆਪਣੇ ਸਟੋਰ ਦਾ ਨਾਮ ਬਦਲ ਕੇ ਏਪੀ ਮੈਡੀਕਲ ਸਟੋਰ ਤੋਂ ਜੈ ਮਾਂ ਮੈਡੀਕਲ ਸਟੋਰ ਰੱਖ ਲਿਆ ਤੇ ਨਸ਼ੇ ਦਾ ਧੰਦਾ ਚਲਾਉਂਦਾ ਰਿਹਾ।

2018 ਵਿੱਚ ਪੁਲਿਸ ਨੇ ਇਸ ਕੋਲੋਂ 7 ਲੱਖ ਟਰੈਮਾਡੋਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਸੀ ਤੇ ਇਸ ਦਾ ਲਾਇਸੈਂਸ ਪੱਕੇ ਤੌਰ 'ਤੇ ਰੱਦ ਕਰ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਵੀ ਇਸ ਦਾ ਨਸ਼ੇ ਦਾ ਧੰਦਾ ਬੇਖੌਫ ਚਲਦਾ ਰਿਹਾ। ਹੁਣ ਅੱਗੇ ਇਹ ਕਿਸ ਅੰਜ਼ਾਮ ਤੱਕ ਪਹੁੰਚਦਾ ਹੈ ਇਹ ਆਉਂਦੇ ਸਮੇਂ ਵਿੱਚ ਪਤਾ ਲੱਗੇਗਾ।