ਮੁਸਲਮਾਨ ਅਜੇ ਵੀ ਆਪਣੇ ਬੱਚਿਆਂ ਦੇ ਨਾਂਅ ਬਾਬਾ ਨਾਨਕ ਜੀ ਦੇ ਨਾਂਅ 'ਤੇ ਰੱਖਦੇ ਨੇ...

ਮੁਸਲਮਾਨ ਅਜੇ ਵੀ ਆਪਣੇ ਬੱਚਿਆਂ ਦੇ ਨਾਂਅ ਬਾਬਾ ਨਾਨਕ ਜੀ ਦੇ ਨਾਂਅ 'ਤੇ ਰੱਖਦੇ ਨੇ...

ਸਾਡਾ ਵਿਰਸਾ

ਪੰਜਾਬੀ ਵਿਚ ਆਮ ਕਹਾਵਤ ਏ, 'ਜਿਸ ਬੰਦੇ ਦੀ 10 ਮਰਲੇ ਵੀ ਜ਼ਮੀਨ ਹੋਵੇ, ਉਸ ਨੂੰ ਕੋਰਟਾਂ-ਕਚਹਿਰੀਆਂ ਦਾ ਰਾਹ ਜ਼ਰੂਰ ਵੇਖਣਾ ਪੈਂਦਾ ਹੈ।' ਪਿੰਡਾਂ ਵਿਚ ਜ਼ਮੀਨਾਂ-ਜਾਇਦਾਦਾਂ, ਕੰਧਾਂ-ਕੌਲਿਆਂ ਤੇ ਗਲੀਆਂ-ਨਾਲੀਆਂ ਦੇ ਝਗੜੇ ਆਮ ਜਿਹੀ ਗੱਲ ਹਨ ਅਤੇ ਸਾਡੇ ਪੰਜਾਬੀ ਭਰਾ ਇਸ ਤੋਂ ਭਲੀ-ਭਾਂਤ ਜਾਣੂੰ ਹਨ। ਕਾਲਜ ਵਿਚ ਪੜ੍ਹਦੇ ਸਮੇਂ ਮੈਂ ਹੀ ਆਪਣੇ ਪਰਿਵਾਰ ਵਿਚੋਂ ਸਭ ਤੋਂ ਜ਼ਿਆਦਾ ਪੜ੍ਹਿਆ-ਲਿਖਿਆ ਸੀ। ਸਾਡੀ ਜ਼ਮੀਨ ਦੇ ਤਬਾਦਲੇ ਦਾ ਕੋਈ ਰੌਲਾ ਸੀ ਤੇ ਬਜ਼ੁਰਗਾਂ ਨੇ ਮੇਰੀ ਡਿਊਟੀ ਲਗਾ ਦਿੱਤੀ ਕਿ ਮੈਂ ਪਟਵਾਰੀ ਕੋਲ ਜਾ ਕੇ ਜ਼ਮੀਨੀ ਕਾਗ਼ਜ਼ਾਂ-ਪੱਤਰਾਂ ਦੀ ਪੜਤਾਲ ਕਰਾਂ। ਇਸ ਦੇ ਲਈ ਮੈਨੂੰ ਸਿਆਲਕੋਟ ਦੇ ਜ਼ਿਲ੍ਹਾ-ਦਫ਼ਤਰ ਜਾਣਾ ਪਿਆ। ਉੱਥੇ ਜਾ ਕੇ ਪਟਵਾਰੀ ਅਤੇ ਤਹਿਸੀਲਦਾਰ ਨੂੰ ਮਿਲਿਆ ਅਤੇ ਉਨ੍ਹਾਂ ਦੇ ਰਿਕਾਰਡ ਵਿਚੋਂ ਸਾਡੇ ਖ਼ਾਨਦਾਨ ਦਾ 'ਛਜਰਾ' ਜਿਸ ਨੂੰ ਪੰਜਾਬੀ ਵਿਚ ਬੰਸਾਵਲੀ ਵੀ ਕਿਹਾ ਜਾਂਦਾ ਹੈ, ਮੈਨੂੰ ਮਿਲਿਆ। ਉਸ ਵਿਚ ਮੈਂ ਵੇਖਿਆ ਕਿ ਮੇਰੇ ਦਾਦੇ ਦਾ ਨਾਂਅ ਵਧਾਵਾ ਤੇ ਉਸ ਦੇ ਭਰਾ ਦਾ ਨਾਂਅ ਸੂਬਾ ਸੀ। 'ਵਧਾਵਾ' ਨਾਂਅ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਵਿਚ ਸਾਂਝਾ ਹੈ। ਜਦੋਂ ਹੋਰ ਪਿੱਛੇ ਨਜ਼ਰ ਮਾਰੀ ਤਾਂ ਮੈਂ ਹੱਕਾ-ਬੱਕਾ ਰਹਿ ਗਿਆ। ਮੇਰੇ ਦਾਦੇ ਦੇ ਪਿਓ ਯਾਨੀ ਮੇਰੇ ਪੜਦਾਦੇ ਦਾ ਨਾਂਅ ਸੀ 'ਨਾਨਕ' ਤੇ ਉਸ ਦੇ ਭਰਾ ਦਾ ਨਾਂਅ 'ਮਾਨਿਕ' ਸੀ। ਮੈਂ ਬੜਾ ਹੈਰਾਨ ਹੋਇਆ ਕਿ 'ਨਾਨਕ' ਨਾਂਅ ਤਾਂ ਬਾਬਾ ਜੀ ਗੁਰੂ ਨਾਨਕ ਦਾ ਹੈ ਅਤੇ ਇਸ ਦਾ ਸਬੰਧ ਸਿੱਖਾਂ ਨਾਲ ਹੈ। ਮੈਂ ਹੈਰਾਨ ਸੀ ਕਿ ਅਸੀਂ ਪਹਿਲਾਂ ਕਿਤੇ ਸਿੱਖ ਤਾਂ ਨਹੀਂ ਸੀ ਅਤੇ ਬਾਅਦ ਵਿਚ ਸਿੱਖਾਂ ਤੋਂ ਮੁਸਲਮਾਨ ਹੋਏ ਹੋਈਏ। ਜਦੋਂ ਹੋਰ ਪਿੱਛੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਨਾਨਕ ਦੇ ਪਿਓ ਦਾ ਨਾਂਅ ਅਦਾਲਤ ਸੀ ਤੇ ਉਸ ਦੇ ਪਿਓ ਦਾ ਫ਼ਜ਼ਲਦੀਨ ਅਤੇ ਅੱਗੋਂ ਉਸ ਦੇ ਪਿਓ ਦਾ ਨਾਂਅ ਕਾਦਰ ਸੀ।ਮੈਂ ਭੰਬਲਭੂਸੇ ਵਿਚ ਪੈ ਗਿਆ ਕਿ ਇਹ ਕੀ ਚੱਕਰ ਏ। ਜਦੋਂ ਸ਼ਾਮ ਨੂੰ ਪਿੰਡ ਪਹੁੰਚਿਆ ਤਾਂ ਸਿੱਧਾ ਉੱਥੇ ਤਕੀਏ ਦਾਇਰੇ 'ਚ ਬੈਠੇ ਬਜ਼ੁਰਗਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਸਾਡੇ ਛਜਰਿਆਂ ਵਿਚ ਨਾਨਕ ਨਾਂਅ ਕਿਵੇਂ ਆ ਗਿਆ, ਕਿਉਂਕਿ ਨਾਨਕ ਤਾਂ ਸਿੱਖਾਂ ਦਾ ਨਾਂਅ ਹੈ। ਸਾਡੇ ਮੁਸਲਮਾਨਾਂ ਵਿਚ ਤਾਂ ਇਹ ਹੈ ਨਹੀਂ ਅਤੇ ਮਾਨਿਕ ਨਾਂਅ ਵੀ ਉਨ੍ਹਾਂ ਦਾ ਹੀ ਨਾਂਅ ਏ। ਉੱਥੇ ਸਾਹਮਣੇ ਬੈਠੇ ਬਜ਼ੁਰਗ ਅਬਦੁਲ ਕਾਦਰ ਸਿੱਧੂ ਨੇ ਮੇਰੇ ਤੌਖ਼ਲੇ ਨੂੰ ਦੂਰ ਕਰਦਿਆਂ ਹੋਇਆਂ ਦੱਸਿਆ ਕਿ ਨਾਨਕ ਨਾਂਅ ਮੁਸਲਮਾਨਾਂ ਵਿਚ ਵੀ ਰੱਖਿਆ ਜਾਂਦਾ ਸੀ ਅਤੇ ਮਾਨਿਕ ਵੀ ਰੱਖਿਆ ਜਾਂਦਾ ਸੀ। ਇਹ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਅਤੇ ਜਦੋਂ ਉੱਥੋਂ ਉੱਠ ਕੇ ਤੁਰਨ ਲੱਗਾ ਤਾਂ ਇਕ ਹੋਰ ਬਜ਼ੁਰਗ ਅੱਲਾ ਬਖ਼ਸ਼ ਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਅਤੇ ਕਹਿਣ ਲੱਗੇ ਕਿ ਨਾ ਸਿਰਫ਼ ਤੇਰੇ ਦਾਦੇ ਦਾ ਹੀ ਨਾਨਕ ਨਹੀਂ ਸੀ, ਬਲਕਿ ਤੇਰੀ ਦਾਦੀ ਦੇ ਪਿਓ ਦਾ ਨਾਂਅ ਵੀ ਨਾਨਕ ਸੀ। ਇਹ ਸੁਣ ਕੇ ਮੈਂ ਹੋਰ ਵੀ ਭੰਬਲਭੂਸੇ ਵਿਚ ਪੈ ਗਿਆ। ਮੇਰੇ ਦਾਦੇ ਤੇ ਮੇਰੇ ਪਿਓ ਦੇ ਨਾਨੇ ਦੋਵਾਂ ਦੇ ਨਾਂਅ ਂਨਾਨਕ ਕਿਵੇਂ ਹੋ ਗਏ। ਮੇਰੀ ਪ੍ਰੇਸ਼ਾਨੀ ਵੇਖ ਕੇ ਉਹ ਬਜ਼ੁਰਗ ਕਹਿਣ ਲੱਗਾ ਕਿ ਬਾਬਾ ਨਾਨਕ ਸਾਹਿਬ ਨੇ ਆਪਣੀ ਆਖ਼ਰੀ ਉਮਰ ਨਾਰੋਵਾਲ ਦੇ ਕੋਲ ਕਰਤਾਰਪੁਰ ਸਾਹਿਬ ਬਿਤਾਈ ਸੀ। ਸਾਡਾ ਪਿੰਡ ਤਾਂ ਕਰਤਾਰਪੁਰ ਤੋਂ 50 ਕੁ ਮੀਲ ਦੂਰ ਹੋਵੇਗਾ ਪਰ ਮੇਰੀ ਦਾਦੀ ਦਾ ਪਿੰਡ ਨਾਰੋਵਾਲ ਸ਼ਹਿਰ ਦੇ ਨਾਲ ਹੀ ਸੀ। ਉਸ ਨੇ ਹੋਰ ਦੱਸਿਆ ਕਿ ਉਨ੍ਹਾਂ ਪਿੰਡਾਂ ਦੇ ਲੋਕ ਬਾਬਾ ਨਾਨਕ ਜੀ ਨੂੰ ਬਹੁਤ ਮੰਨਦੇ ਸਨ ਅਤੇ ਉਨ੍ਹਾਂ ਵਿਚੋਂ ਕਈ ਆਪਣੇ ਨਿਆਣਿਆਂ ਦੇ ਨਾਂਅ ਨਾਨਕ ਰੱਖ ਲੈਂਦੇ ਸਨ।

ਇਹ ਗੱਲ ਮੇਰੇ ਜ਼ਿਹਨ 'ਚ ਵੜ ਗਈ ਅਤੇ ਬਾਅਦ ਵਿਚ ਜਦੋਂ ਮੈਂ ਹੋਰ ਘੋਖ-ਪੜਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਕੇਵਲ ਸਾਡਾ ਘਰ ਹੀ ਨਹੀਂ ਸੀ, ਸਾਡੇ ਪਿੰਡ ਵਿਚ ਤਿੰਨ-ਚਾਰ ਘਰ ਹੋਰ ਵੀ ਸਨ ਜਿਨ੍ਹਾਂ ਦੇ ਦਾਦੇ-ਪੜਦਾਦਿਆਂ ਦੇ ਨਾਂਅ ਨਾਨਕ ਤੇ ਮਾਨਿਕ ਸਨ। ਏਨੇ ਲੋਕਾਂ ਦੇ ਨਾਂਅ ਨਾਨਕ ਸੁਣਨ ਤੋਂ ਬਾਅਦ ਮੈਨੂੰ ਸਮਝ ਆਈ ਕਿ ਬਾਬਾ ਨਾਨਕ ਕੇਵਲ ਸਿੱਖਾਂ ਤੇ ਹਿੰਦੂਆਂ ਦਾ ਹੀ ਗੁਰੂ ਨਹੀਂ ਸੀ, ਉਹ ਮੁਸਲਮਾਨਾਂ ਦਾ ਵੀ 'ਪੀਰ-ਬਾਬਾ' ਸੀ ਅਤੇ ਹੁਣ ਵੀ ਹੈ। ਫਿਰ ਸੋਚਿਆ ਕਿ ਸਿੱਖ ਤਾਂ ਉਦੋਂ ਹੈ ਈ ਨਹੀਂ ਸਨ। ਉਹ ਤਾਂ ਬਾਅਦ ਵਿਚ 1699 ਵਿਚ ਬਣੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਵਿਚ ਅੰਮ੍ਰਿਤ ਛਕਾਉਣ ਤੋਂ ਪਿੱਛੋਂ ਖ਼ਾਲਸਾ ਦੀ ਸਾਜਨਾ ਕੀਤੀ ਗਈ। ਬਾਬਾ ਨਾਨਕ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਬਦਨ ਉੱਪਰਲੀ ਚਾਦਰ ਹੇਠਲੇ ਫੁੱਲ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਮਿਲੇ ਸਨ ਜੋ ਉਨ੍ਹਾਂ ਆਪਸ ਵਿਚ ਵੰਡ ਲਏ। ਇਹ ਸਾਰੇ ਮੁਸਲਮਾਨ ਬਾਬਾ ਨਾਨਕ ਜੀ ਦੇ ਮੁਰੀਦ ਸਨ। ਬਾਬਾ ਨਾਨਕ ਜੀ ਦਾ ਟੁਰਨਾ, ਫਿਰਨਾ, ਉੱਠਣਾ, ਬਹਿਣਾ ਮੁਸਲਮਾਨਾਂ ਨਾਲ ਰਿਹਾ। ਭਾਈ ਮਰਦਾਨਾ ਅਤੇ ਉਹ 40 ਸਾਲ ਇਕੱਠੇ ਰਹੇ। ਹੌਲੀ-ਹੌਲੀ ਮੈਨੂੰ ਇਹ ਵੀ ਪਤਾ ਲੱਗਾ ਕਿ ਮੁਸਲਮਾਨਾਂ ਦੇ ਜ਼ਿਆਦਾ ਗਿਣਤੀ ਵਿਚ ਬਾਬਾ ਨਾਨਕ ਜੀ ਦੇ ਮੁਰੀਦ ਹੋਣ ਦੀ ਵਜ੍ਹਾ ਇਹ ਸੀ ਕਿ ਬਾਬਾ ਜੀ ਦਾ ਨਜ਼ਰੀਆ ਇਸਲਾਮ ਦੇ ਬਹੁਤ ਨਜ਼ਦੀਕ ਸੀ। ਉਹ ਸੀ ਰੱਬ ਦਾ 'ਇਕ' ਹੋਣਾ। ਇਸਲਾਮ ਵਿਚ ਕਿਹਾ ਜਾਂਦਾ ਹੈ ਕਿ ਦੁਨੀਆਂ ਦਾ ਹਰ ਗੁਨਾਹ ਮੁਆਫ਼ ਹੋ ਸਕਦਾ ਹੈ ਪਰ ਸ਼ਿਰਕ ਮੁਆਫ਼ ਨਹੀਂ ਹੁੰਦਾ ਨਹੀਂ। 'ਸ਼ਿਰਕ' ਅਰਬੀ ਜ਼ਬਾਨ ਦਾ ਲਫ਼ਜ਼ ਹੈ ਅਤੇ ਇਸ ਦਾ ਮਤਲਬ ਹੈ 'ਸ਼ਰੀਕ', ਭਾਵ 'ਸ਼ੇਅਰ-ਹੋਲਡਰ।' ਯਾਨੀ ਜੇ ਕੋਈ ਦੂਜਾ ਰੱਬ ਬਣਾਏਗਾ ਜਾਂ ਮੰਨੇਗਾ, ਉਹ ਗੁਨਾਹ ਮੁਆਫ਼ ਨਹੀਂ ਹੋਣਾ।

ਆਪਣੇ ਬਜ਼ੁਰਗਾਂ ਤੋਂ ਮੈਨੂੰ ਪਤਾ ਲੱਗਾ ਕਿ ਮੇਰਾ ਪੜਦਾਦਾ ਨਾਨਕ ਆਪਣੇ ਦੋਹਾਂ ਭਰਾਵਾਂ ਤੋਂ ਵੱਡਾ ਸੀ। ਪੰਜਾਬੀ ਭਾਈਚਾਰੇ ਵਿਚ ਪਹਿਲਾ ਬੱਚਾ ਜਿਸ ਨੂੰ 'ਪਲੇਠਾ' ਕਿਹਾ ਜਾਂਦਾ ਹੈ, ਪਰਿਵਾਰ ਦੇ ਜੀਆਂ ਲਈ ਬੜਾ ਲਾਡਲਾ ਹੁੰਦਾ ਏ ਅਤੇ ਉਸ ਦਾ ਨਾਂਅ ਕਿਸੇ ਵੱਡੀ ਸ਼ਖ਼ਸੀਅਤ ਦੇ ਨਾਂਅ 'ਤੇ ਰੱਖਿਆ ਜਾਂਦਾ ਹੈ। ਜਿਵੇਂ ਮੁਸਲਮਾਨਾਂ ਵਿਚ ਬਹੁਤ ਸਾਰੇ ਲੋਕਾਂ ਦਾ ਨਾਂਅ ਮੁਹੰਮਦ ਨਾਲ ਸ਼ੁਰੂ ਹੁੰਦਾ ਹੈ। ਹੁਣ ਵੇਖਿਆ ਜਾਏ ਤਾਂ ਮੇਰੇ ਪੜਦਾਦੇ ਦੇ ਪਿਓ ਅਦਾਲਤ ਨੂੰ ਬਾਬਾ ਨਾਨਕ ਜੀ ਨਾਲ ਖ਼ਵਰੇ ਕਿੰਨਾ ਕੁ ਪਿਆਰ ਹੋਵੇਗਾ ਕਿ ਉਸ ਨੇ ਆਪਣੇ ਪਲੇਠੇ ਪੁੱਤਰ ਦਾ ਨਾਂਅ 'ਨਾਨਕ' ਰੱਖਿਆ ਹੋਵੇਗਾ ਅਤੇ ਪਰਿਵਾਰ ਦੇ ਹੋਰ ਜੀਆਂ ਨੇ ਵੀ ਇਸ ਦੀ ਹਾਮੀ ਭਰੀ ਹੋਵੇਗੀ।ਮੇਰੀ ਆਦਤ ਏ ਕਿ ਮੈਂ ਪੁਰਾਣੇ ਕਾਗ਼ਜ਼ਾਤ ਅਕਸਰ ਵੇਖਦਾ ਰਹਿੰਦਾ ਹਾਂ ਅਤੇ ਮੇਰੇ ਵੇਖਣ ਵਿਚ ਆਇਆ ਹੈ ਕਿ ਪੁਰਾਣੇ ਮੁਸਲਮਾਨ ਪਰਿਵਾਰਾਂ ਵਿਚ ਨਾਨਕ ਨਾਂਅ ਕਾਫ਼ੀ ਰੱਖਿਆ ਜਾਂਦਾ ਸੀ। ਇਕ ਸਮਾਂ ਇਥੇ ਸਿੱਖਾਂ ਦੀ ਹਕੂਮਤ ਰਹੀ। ਮੇਰਾ ਦਾਦਾ ਵਧਾਵਾ 1948 ਵਿਚ ਅਕਾਲ ਚਲਾਣਾ ਕਰ ਗਿਆ ਸੀ। ਉਸ ਦੀਆਂ ਚਾਰ ਬੀਵੀਆਂ ਸਨ।ਪਹਿਲੀ ਬੀਵੀ ਵਿਚੋਂ ਕੋਈ ਔਲਾਦ ਨਹੀਂ ਸੀ। ਦੂਜੀ ਵਿਚੋਂ ਇਕ ਬੇਟੀ, ਤੀਜੀ ਵਿਚੋਂ ਦੋ ਬੇਟੀਆਂ ਅਤੇ ਚੌਥੀ ਵਿਚੋਂ ਪੰਜ ਬੇਟੇ ਤੇ ਤਿੰਨ ਬੇਟੀਆਂ ਸਨ, ਜਿਸ ਦੀ ਅੱਗੋਂ ਅਸੀਂ ਔਲਾਦ ਹਾਂ। ਜੇਕਰ 1948 ਵਿਚ ਉਸ ਦੀ ਉਮਰ 80 ਸਾਲ ਲਾਈ ਜਾਏ ਤਾਂ ਇਸ ਦਾ ਮਤਲਬ ਕਿ ਉਹ 1868 ਵਿਚ ਪੈਦਾ ਹੋਇਆ ਹੋਵੇਗਾ ਅਤੇ ਉਸ ਦਾ ਪਿਓ ਉਸ ਵੇਲੇ 25 ਕੁ ਸਾਲ ਦਾ ਤਾਂ ਹੋਵੇਗਾ ਹੀ। ਇਸ ਦਾ ਭਾਵ ਇਹ ਕਿ ਸਾਡਾ ਪੜਦਾਦਾ ਨਾਨਕ 1843 ਵਿਚ ਪੈਦਾ ਹੋਇਆ ਹੋਵੇਗਾ ਅਤੇ ਉਦੋਂ ਬਾਬਾ ਨਾਨਕ ਜੀ ਨੂੰ ਅਕਾਲ ਚਲਾਣਾ ਕੀਤੇ ਨੂੰ ਲੱਗਪਗ 300 ਸਾਲ ਹੋ ਗਏ ਹੋਣਗੇ। ਤਿੰਨ ਸਦੀਆਂ ਬੜਾ ਲੰਮਾ ਅਰਸਾ ਹੁੰਦਾ ਹੈ ਅਤੇ ਏਨੇ ਲੰਮੇ ਅਰਸੇ ਦੇ ਬਾਵਜੂਦ ਮੁਸਲਮਾਨਾਂ ਵਿਚ ਬਾਬਾ ਨਾਨਕ ਜੀ ਪ੍ਰਤੀ ਏਨਾ ਪਿਆਰ ਤੇ ਸਤਿਕਾਰ ਸੀ ਕਿ ਉਹ ਆਪਣੇ ਬੱਚਿਆਂ ਦੇ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਦੇ ਸਨ। ਹੁਣ ਜੇਕਰ ਥੋੜ੍ਹਾ ਜਿਹਾ ਹੋਰ ਪਿੱਛੇ ਜਾਈਏ ਅਤੇ ਪੀੜ੍ਹੀ ਨੂੰ 25 ਸਾਲ ਦੀ ਮੰਨ ਕੇ ਚੱਲੀਏ ਤਾਂ ਸਾਡੇ ਪੜਦਾਦੇ ਦਾ ਪਿਓ ਅਦਾਲਤ 1818 ਵਿਚ ਪੈਦਾ ਹੋਇਆ ਹੋਵੇਗਾ ਅਤੇ ਉਸ ਦਾ ਪਿਓ ਫ਼ਜ਼ਲਦੀਨ 1793 ਵਿਚ, ਜਦੋਂ ਅਹਿਮਦ ਸ਼ਾਹ ਅਬਦਾਲੀ 1761 ਵਿਚ ਮਰਹੱਟਿਆਂ ਨੂੰ ਹਰਾ ਕੇ ਟੁਰ ਗਿਆ ਸੀ, ਪੰਜਾਬ ਵਿਚ ਉਦੋਂ ਸਿੱਖ ਮਿਸਲਾਂ ਦਾ ਪੂਰਾ ਕਬਜ਼ਾ ਸੀ।1761 ਤੋਂ ਲੈ ਕੇ 1839 ਤੱਕ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਵਿਚ ਸਿੱਖ ਹਕੂਮਤ ਰਹੀ, ਭਾਵੇਂ ਉਹ ਹਕੂਮਤ ਸਿੱਖ ਮਿਸਲਾਂ ਦੀ ਸੀ ਜਾਂ ਮਹਾਰਾਜੇ ਜਾਂ ਰਣਜੀਤ ਸਿੰਘ ਦਾ ਰਾਜ ਸੀ। ਇਸ ਦਾ ਮਤਲਬ ਕਿ ਮੇਰੇ ਪੜਦਾਦੇ ਦੀਆਂ ਪਿਛਲੀਆਂ ਪੁਸ਼ਤਾਂ ਨੇ ਸਿੱਖ ਮਹਾਰਾਜੇ ਦਾ ਰਾਜ ਹੰਡਾਇਆ ਅਤੇ ਸਿੱਖ ਮਿਸਲਾਂ ਦਾ ਵੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬੇਸ਼ਕ ਕੁਝ ਅਮਨ-ਅਮਾਨ ਰਿਹਾ ਪਰ ਸਿੱਖ ਮਿਸਲਾਂ ਦੇ ਸਮੇਂ ਕਾਫ਼ੀ ਲੁੱਟ-ਮਾਰ ਹੁੰਦੀ ਰਹੀ ਸੀ। ਪਠਾਣ ਵੀ ਲੁੱਟ-ਮਾਰ ਕਰਦੇ ਰਹੇ ਸਨ। 1843 ਵਿਚ ਪੈਦਾ ਹੋਏ ਸਾਡੇ ਪੜਦਾਦੇ ਨਾਨਕ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਪਣੀਆਂ ਅੱਖਾਂ ਨਾਲ ਵੇਖਿਆ ਹੋਵੇਗਾ। ਮੇਰੇ ਬਜ਼ੁਰਗਾਂ ਨੇ ਸਿੱਖਾਂ ਦਾ ਦੌਰ ਚੰਗੀ ਤਰ੍ਹਾਂ ਵੇਖਿਆ ਸੀ ਅਤੇ ਉਨ੍ਹਾਂ ਆਪਣੇ ਉੱਪਰ ਹੁੰਦੀਆਂ ਜ਼ਿਆਦਤੀਆਂ ਵੀ ਵੇਖੀਆਂ ਤੇ ਝੱਲੀਆਂ ਹੋਣਗੀਆਂ। ਉਨ੍ਹਾਂ ਨੇ ਆਪਣੀ ਅਗਲੀ ਨਸਲ ਦੇ ਬੇਟੇ ਦਾ ਨਾਂਅ ਨਾਨਕ ਰੱਖਿਆ, ਕਿਉਂਕਿ ਉਨ੍ਹਾਂ ਨੂੰ ਬਾਬਾ ਨਾਨਕ ਜੀ ਨਾਲ ਮੁਹੱਬਤ ਸੀ।

1839 ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਤਾਂ ਉਦੋਂ ਮੁਸਲਮਾਨਾਂ ਵਿਚ ਨਾਨਕ ਨਾਂਅ ਰੱਖਣਾ ਘੱਟ ਹੋ ਗਿਆ ਕਿਉਂਕਿ ਉਨ੍ਹਾਂ ਦੇ ਪੁਰਾਣੇ ਨਾਂਅ 'ਨਾਨਕ' ਇਸ ਤੋਂ ਪਹਿਲੇ ਦੌਰ ਦੇ ਹਨ। ਇਸ ਦੌਰਾਨ ਇਕ ਤੀਜਾ ਧੜਾ ਪੈਦਾ ਹੋ ਗਿਆ ਜੋ ਆਪਣੇ ਆਪ ਨੂੰ 'ਸਿੱਖ' ਅਖਵਾਉਂਦਾ ਸੀ ਅਤੇ ਇਸ ਨੇ ਬਾਬਾ ਨਾਨਕ ਉੱਪਰ ਇਕ ਤਰ੍ਹਾਂ ਆਪਣਾ ਜੱਫਾ ਮਾਰ ਲਿਆ। ਜਦੋਂ ਕੋਈ ਤਕੜਾ ਕਿਸੇ ਚੀਜ਼ 'ਤੇ ਕਾਬਜ਼ ਹੋ ਜਾਂਦਾ ਹੈ ਤਾਂ ਅਮੂਮਨ ਦੂਜੇ ਲੋਕ ਪਿਛਾਂਹ ਹਟ ਜਾਂਦੇ ਹਨ ਅਤੇ ਮੁਸਲਮਾਨਾਂ ਨਾਲ ਵੀ ਏਹੀ ਹੋਇਆ ਹੋਏਗਾ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂਅ 'ਨਾਨਕ' ਜਾਂ 'ਨਾਨਕੀ' ਰੱਖਣੇ ਬੰਦ ਕਰ ਦਿੱਤੇ ਹੋਣਗੇ।ਗੱਲ ਸਿਰਫ਼ ਇਹ ਹੀ ਨਹੀਂ ਕਿ ਮੁਸਲਮਾਨਾਂ ਨੂੰ ਬਾਬਾ ਨਾਨਕ ਜੀ ਨਾਲ ਮੁਹੱਬਤ ਸੀ, ਸਗੋਂ ਇਹ ਮੁਹੱਬਤ ਤਾਂ ਦੋਪਾਸੜ ਸੀ। ਬਾਬਾ ਨਾਨਕ ਜੀ ਨੂੰ ਵੀ ਉਨ੍ਹਾਂ ਨਾਲ ਪੂਰੀ ਮੁਹੱਬਤ ਸੀ ਅਤੇ ਉਨ੍ਹਾਂ 40-45 ਸਾਲ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਾਰੀ ਦੁਨੀਆਂ ਦਾ ਚੱਕਰ ਲਾਇਆ। ਫਿਰ ਭਾਈ ਮਰਦਾਨੇ ਤੋਂ ਬਾਅਦ ਉਸ ਦਾ ਪੁੱਤਰ ਸ਼ਹਿਰਾਜ ਉਨ੍ਹਾਂ ਦੇ ਨਾਲ ਰਿਹਾ। ਕਈ ਸਿੱਖ ਬੁਧੀਜੀਵੀਆਂ ਨੇ ਆਪਣੀਆਂ ਕਿਤਾਬਾਂ ਵਿਚ ਜ਼ਿਕਰ ਕੀਤਾ ਹੈ ਕਿ ਬਾਬਾ ਨਾਨਕ ਜਦੋਂ ਕਿਸੇ ਪਿੰਡ ਜਾਂ ਸ਼ਹਿਰ ਜਾਂਦੇ ਸਨ ਤਾਂ ਉਹ ਅਕਸਰ ਮੁਸਲਮਾਨ ਪੀਰਾਂ/ਫ਼ਕੀਰਾਂ ਕੋਲ ਠਹਿਰਦੇ ਸਨ ਕਿਉਂਕਿ ਉਨ੍ਹਾਂ ਦੇ ਵਿਚਾਰ ਉਨ੍ਹਾਂ ਪੀਰਾਂ-ਫ਼ਕੀਰਾਂ ਨਾਲ ਰਲਦੇ ਸਨ। ਬਾਬਾ ਜੀ ਜਦੋਂ ਪਾਕਿਪਟਨ, ਬਗ਼ਦਾਦ ਜਾਂ ਸਾਊਦੀ ਅਰਬ ਗਏ ਤਾਂ ਉਨ੍ਹਾਂ ਮੁਸਲਮਾਨ ਸੂਫ਼ੀਆਂ ਦੀ ਸੰਗਤ ਕੀਤੀ। ਡੇਰਾ ਬਾਬਾ ਨਾਨਕ ਸਾਹਿਬ ਵਿਖੇ ਬਾਬਾ ਜੀ ਦਾ ਚੋਲਾ, ਜਿਹੜਾ ਹੁਣ ਵੀ ਉੱਥੇ ਮੌਜੂਦ ਹੈ, ਉਸ ਉੱਪਰ ਅਰਬੀ ਲਿਖੀ ਹੋਈ ਹੈ ਜੋ ਇਸ ਦਾ ਪ੍ਰਤੱਖ ਸਬੂਤ ਹੈ ਕਿ ਬਾਬਾ ਜੀ ਦੀ ਮੁਸਲਮਾਨਾਂ ਨਾਲ ਗਹਿਰੀ ਮੁਹੱਬਤ ਸੀ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਕਿ ਬਾਬਾ ਜੀ ਦੀ ਗਠੜੀ ਵਿਚ ਕੁਰਾਨ ਸ਼ਰੀਫ਼ ਦੇ ਵਰਕੇ ਵੀ ਹੁੰਦੇ ਸਨ।

ਹੁਣ ਅਸੀਂ ਦੂਸਰੇ ਪੱਖ 'ਤੇ ਵੀ ਵਿਚਾਰ ਕਰਦੇ ਹਾਂ ਕਿ ਜਦੋਂ ਸਿੱਖ ਵਜੂਦ ਵਿਚ ਆਏ ਤਾਂ ਉਨ੍ਹਾਂ ਦਾ ਮਿਲਵਰਤਣ ਮੁਸਲਮਾਨਾਂ ਨਾਲ ਕਿਉਂ ਨਾ ਰਿਹਾ। ਇਨ੍ਹਾਂ ਦੋਹਾਂ ਕੌਮਾਂ ਦੀ ਆਪਸੀ ਦੁਸ਼ਮਣੀ ਕਿਵੇਂ ਪੈ ਗਈ ਜਿਸ ਦਾ ਅਖ਼ੀਰ 1947 ਵਿਚ ਜਾ ਕੇ ਹੋਇਆ ਅਤੇ ਉਹ ਵੀ ਬਹੁਤ ਹੀ ਭੈੜਾ ਹੋਇਆ। ਇਸ ਦੁਸ਼ਮਣੀ ਵਿਚ 10 ਲੱਖ ਤੋਂ ਵਧੀਕ ਹਿੰਦੂ, ਸਿੱਖ ਅਤੇ ਮੁਸਲਮਾਨ ਮਾਰੇ ਗਏ ਜੋ ਹਿੰਦੋਸਤਾਨ ਦੇ ਇਤਿਹਾਸ ਦੀ ਸਭ ਤੋਂ ਮੰਦਭਾਗੀ ਤੇ ਸ਼ਰਮਨਾਕ ਤ੍ਰਾਸਦੀ ਹੈ। ਸਿੱਖ ਭਰਾ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਬਾਬਾ ਫ਼ਰੀਦ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਨਾਲ ਬੜੀ ਮੁਹੱਬਤ ਹੈ। ਉਨ੍ਹਾਂ ਨੂੰ ਵਾਰਿਸ ਸ਼ਾਹ, ਬਾਬਾ ਬੁੱਲ੍ਹੇ ਸ਼ਾਹ, ਬੁੱਲ੍ਹੇ ਸ਼ਾਹ ਦੇ ਮੁਰਸ਼ਦ ਇਨਾਇਤ ਸ਼ਾਹ ਕਾਦਰੀ, ਬਾਬਾ ਮਰਦਾਨਾ, ਸ਼ਾਹ ਹੁਸੈਨ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖ਼ਸ਼ ਨਾਲ ਵੀ ਬੜੀ ਮੁਹੱਬਤ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਮੁਹੱਬਤ ਹੈ ਤਾਂ ਇਸ ਦਾ ਕੋਈ ਸਬੂਤ ਵੀ ਤਾਂ ਹੋਣਾ ਚਾਹੀਦਾ ਹੈ। ਸਿਰਫ਼ ਗੱਲੀਂ-ਬਾਤੀਂ ਤਾਂ ਗੱਲ ਨਹੀਂ ਬਣਦੀ। ਜਿਵੇਂ ਪੰਜਾਬੀ ਵਿਚ ਆਮ ਕਹਾਵਤ ਏ, 'ਗੱਲੀਂਬਾਤੀਂ ਮੈਂ ਵੱਡੀ, ਕਰਤੂਤੀਂ ਮੇਰਾ ਦਾਦਾ।' ਪਿਛਲੇ ਸਾਲ ਮੈਨੂੰ ਪੂਰਬੀ ਪੰਜਾਬ ਦੇ ਸ਼ਹਿਰ ਕੋਟਕਪੂਰੇ ਜਾਣ ਦਾ ਮੌਕਾ ਮਿਲਿਆ ਅਤੇ ਉੱਥੋਂ ਫਰੀਦਕੋਟ ਵੀ ਗਿਆ। ਉੱਥੇ ਗੁਰਦੁਆਰਾ ਸਾਹਿਬ ਵਿਚ ਜਿਹੜਾ ਲੰਗਰ ਚਲਦਾ ਹੈ, ਮੈਨੂੰ ਦੱਸਿਆ ਗਿਆ ਕਿ ਇਹ ਬੀਬੀ ਫ਼ਾਤਿਮਾ ਦੇ ਨਾਂਅ 'ਤੇ ਚੱਲ ਰਿਹਾ ਹੈ। ਬੀਬੀ ਫ਼ਾਤਿਮਾ ਬਾਬਾ ਫ਼ਰੀਦ ਜੀ ਦੀ ਧੀ ਸੀ। ਫਿਰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਵੇਖਿਆ ਕਿ ਉੱਥੇ ਬੜੇ ਅਦਬ ਨਾਲ ਕੁਰਾਨ ਸ਼ਰੀਫ਼ ਦੇ ਕੁਝ ਵਰਕੇ ਵੀ ਰੱਖੇ ਹੋਏ ਸਨ ਜੋ ਬਾਬਾ ਫ਼ਰੀਦ ਜੀ ਦੇ ਹੱਥਾਂ ਦੇ ਲਿਖੇ ਹੋਏ ਸਨ। ਬਾਬਾ ਫ਼ਰੀਦ ਜੀ ਨੇ ਆਪਣੀ ਪਿਆਰੀ ਧੀ ਦਾ ਨਾਂਅ ਮੁਹੰਮਦ ਸਾਹਿਬ ਦੀ ਬੇਟੀ ਫ਼ਾਤਿਮਾ ਦੇ ਨਾਂਅ 'ਤੇ ਰੱਖਿਆ ਜਿਸ ਦੇ ਦੋ ਪੁੱਤਰ ਹਸਨ ਤੇ ਹੁਸੈਨ ਸਨ। ਮੁਹੰਮਦ ਸਾਹਿਬ ਨੂੰ ਆਪਣੇ ਦੋਹਤਰਿਆਂ ਨਾਲ ਬਹੁਤ ਪਿਆਰ ਸੀ।

ਬਾਬਾ ਨਾਨਕ ਜੀ ਨਾਲ ਮੁਸਲਮਾਨਾਂ ਦਾ ਬੜਾ ਪਿਆਰ ਸੀ। ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖੇ। ਪਰ ਬਾਬਾ ਫ਼ਰੀਦ ਜੀ ਨਾਲ ਸਿੱਖਾਂ ਦਾ ਪਿਆਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਂਅ 'ਫ਼ਰੀਦ' ਜਾਂ 'ਫ਼ਾਤਿਮਾ' ਨਾਲ ਮਿਲਦੇ ਜੁਲਦੇ ਵੀ ਨਹੀਂ ਰੱਖੇ, 'ਮੁਹੰਮਦ ਸਿੰਘ' ਰੱਖਣਾ ਤਾਂ ਇਕ ਪਾਸੇ ਰਿਹਾ। ਫਿਰ ਕਾਹਦੀ ਮੁਹੱਬਤ ਉਨ੍ਹਾਂ ਦੀ ਬਾਬਾ ਫ਼ਰੀਦ ਜੀ ਨਾਲ ਹੋਈ? ਹੋਰ ਸੁਣੋ, ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ 'ਤੇ ਲੱਗਭਗ ਸਾਰੇ ਹੀ ਸਿੱਖ ਸਿਰ ਮਾਰਦੇ ਹਨ ਅਤੇ ਉਸ ਨਾਲ ਪਿਆਰ ਜਤਾਉਂਦੇ ਹਨ। ਬੁੱਲ੍ਹੇ ਸ਼ਾਹ ਦਾ ਪੂਰਾ ਨਾਂਅ ਅਬਦੁੱਲਾ ਸ਼ਾਹ ਸੀ ਅਤੇ ਉਹ ਅਬਦੁਲਾ ਤੋਂ ਬੁੱਲ੍ਹੇ ਸ਼ਾਹ ਬਣਿਆ। ਅਬਦੁੱਲਾ ਹਜ਼ਰਤ ਮੁਹੰਮਦ ਸਾਹਿਬ ਦੇ ਪਿਤਾ ਦਾ ਨਾਂਅ ਸੀ, ਭਾਵ ਅੱਲਾ ਦਾ ਬੰਦਾ। 'ਅਬਦ' ਦਾ ਮਤਲਬ ਹੈ ਬੰਦਾ ਅਤੇ 'ਅੱਲਾ' ਦਾ ਅਰਥ ਰੱਬ ਹੈ। ਇਸ ਨੂੰ ਪੰਜਾਬੀ ਵਿਚ 'ਅੱਲਾ ਲੋਕ' ਵੀ ਕਹਿ ਸਕਦੇ ਹਾਂ। ਬੁੱਲ੍ਹੇ ਸ਼ਾਹ ਦੇ ਬਾਪ ਨੇ ਉਸ ਦਾ ਨਾਂਅ ਮੁਹੰਮਦ ਸਾਹਿਬ ਦੀ ਮੁਹੱਬਤ ਵਿਚ ਰੱਖਿਆ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਦੇ ਕਿਸੇ ਸਿੱਖ ਨੇ ਆਪਣੇ ਪੁੱਤਰ ਦਾ ਨਾਂਅ ਮੁਹੰਮਦ ਸਿੰਘ ਰੱਖਿਆ ਹੋਵੇਗਾ? ਮੇਰੇ ਖ਼ਿਆਲ ਵਿਚ ਤਾਂ ਨਹੀਂ। ਪਰ ਕੈਨੇਡਾ ਵਿਚ ਰਹਿੰਦੇ ਮੇਰੇ ਇਕ ਅਦਬੀ ਦੋਸਤ ਡਾ: ਸੁਖਦੇਵ ਸਿੰਘ ਝੰਡ ਨੇ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਦੇ 'ਜੱਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦੀ ਸਾਕੇ' ਜਿਸ ਵਿਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਲਹੂ ਡੁੱਲ੍ਹਿਆ ਸੀ, ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੇ ਆਪਣਾ ਨਾਂਅ 'ਰਾਮ ਮੁਹੰਮਦ ਸਿੰਘ ਆਜ਼ਾਦ' ਰੱਖਿਆ ਸੀ)। ਭਾਵੇਂ ਇਹ ਨਾਂਅ ਉਸ ਦੇ ਮਾਪਿਆਂ ਵੱਲੋਂ ਨਹੀਂ ਦਿੱਤਾ ਗਿਆ ਸੀ ਪਰ ਫਿਰ ਵੀ ਇਹ ਇਕ ਬਹੁਤ ਵੱਡੀ ਗੱਲ ਹੈ ਕਿ ਸੈਕੂਲਰ ਸੋਚ ਵਾਲੇ ਇਸ ਮਹਾਨ ਸ਼ਖਸ ਨੇ ਆਪਣੇ ਆਪ ਨੂੰ ਇਹ ਨਾਂਅ ਦਿੱਤਾ। ਇੰਜ ਹੀ ਸਿੱਖਾਂ ਵਿਚ 'ਹਸਨ ਸਿੰਘ' ਜਾਂ ਹੁਸੈਨ ਸਿੰਘ' ਨਾਂਅ ਕਿਧਰੇ ਨਹੀਂ ਮਿਲਦੇ।

ਸੱਯਦ ਵਾਰਿਸ ਸ਼ਾਹ ਨਾਲ ਵੀ ਸਿੱਖਾਂ ਦੀ ਬੜੀ ਮੁਹੱਬਤ ਹੈ। ਉਸ ਦੀ ਲਿਖੀ 'ਹੀਰ' ਸਾਰੇ ਹੀ ਬੜੀਆਂ ਹੇਕਾਂ ਲਾ ਲਾ ਕੇ ਗਾਉਂਦੇ ਹਨ ਪਰ ਸ਼ਾਇਦ ਕਿਸੇ ਵਿਰਲੇ-ਵਾਂਝੇ ਨੇ ਉਸ ਦੇ ਨਾਂਅ 'ਤੇ ਆਪਣੇ ਬੱਚੇ ਦਾ ਨਾਂਅ 'ਵਾਰਿਸ ਸਿੰਘ' ਰੱਖਿਆ ਹੋਵੇ। ਇੱਥੇ ਫਿਰ ਮੇਰੇ ਦੋਸਤ ਡਾ. ਝੰਡ ਦਾ ਕਹਿਣਾ ਹੈ ਕਿ ਉਸ ਦੇ ਸਾਲੇ ਨੇ ਆਪਣੇ ਪੋਤਰੇ ਦਾ ਨਾਂਅ ਵਾਰਿਸ ਸਿੰਘ ਰੱਖਿਆ ਹੋਇਆ ਹੈ ਜੋ ਘੱਟੋ-ਘੱਟ ਮੇਰੇ ਲਈ ਬੜੀ ਖੁਸ਼ੀ ਤੇ ਸਕੂਨ ਵਾਲੀ ਗੱਲ ਹੈ।ਏਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਲੋਕ-ਗਾਇਕ ਮਨਮੋਹਨ ਵਾਰਿਸ ਵੱਲੋਂ ਮਹਾਨ ਕਵੀ ਵਾਰਿਸ ਸ਼ਾਹ ਦੇ ਨਾਂਅ 'ਤੇ ਆਪਣਾ ਤਖ਼ੱਲਸ 'ਵਾਰਿਸ' ਰੱਖਣਾ ਵੀ ਬੜੀ ਵਧੀਆ ਗੱਲ ਹੈ। ਮੀਆਂ ਮੀਰ ਮੁਹੰਮਦ ਜਿਨ੍ਹਾਂ ਨੂੰ 'ਸਾਈਂ ਮੀਆਂ ਮੀਰ' ਵੀ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਕਹਿਣ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ ਰੱਖੀ ਸੀ, ਦੇ ਨਾਂਅ 'ਤੇ ਰੱਖਿਆ ਕੋਈ ਨਾਂਅ ਮੀਆਂ ਸਿੰਘ, ਮੀਰ ਸਿੰਘ ਜਾਂ ਮੀਆਂ ਮੀਰ ਮੁਹੰਮਦ ਸਿੰਘ ਵੀ ਕਿਧਰੇ ਨਹੀਂ ਮਿਲਦਾ। ਇੰਜ ਹੀ, ਅਬਦੁੱਲਾ ਸਿੰਘ, ਇਨਾਇਤ ਸਿੰਘ, ਕਾਦਰ ਸਿੰਘ, ਮਰਦਾਨਾ ਸਿੰਘ, ਵਗ਼ੈਰਾ ਵੀ ਕਿਧਰੇ ਨਹੀਂ ਥਿਆਉਂਦੇ। ਅਲਬੱਤਾ, ਪੰਜਾਬੀ ਲੋਕ-ਨਾਇਕ 'ਦੁੱਲਾ-ਭੱਟੀ' ਦੇ ਨਾਂਅ ਨਾਲ ਮਿਲਦੇ ਜੁਲਦੇ ਦੁੱਲਾ ਸਿੰਘ, ਦੂਲਾ ਸਿੰਘ ਜਾਂ ਸਰਦੂਲ ਸਿੰਘ ਭਾਵੇਂ ਕਿਤੇ ਕਿਤੇ ਮਿਲ ਜਾਂਦੇ ਹਨ।

ਮੇਰੇ ਇਕ ਸਿੱਖ ਦੋਸਤ ਨੇ ਆਪਣੇ ਪੁੱਤਰ ਦਾ ਨਾਂਅ 'ਰੌਬਲ ਸਿੰਘ' ਰੱਖ ਲਿਆ ਜਿਸ ਨੂੰ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਉਸ ਨੂੰ ਪੱਛਿਆ ਕਿ ਇਸ ਦਾ ਮਤਲਬ ਕੀ ਹੈ। ਕੀ ਇਸ ਦਾ ਰੂਸੀ ਕਰੰਸੀ 'ਰੂਬਲ' ਨਾਲ ਕੋਈ ਸਬੰਧ ਹੈ ਜਾਂ ਸਿੱਖ ਧਰਮ ਨਾਲ ਕੋਈ ਤੁਅੱਲਕ ਹੈ। ਉਹ ਕਹਿਣ ਲੱਗਾ, 'ਨਹੀਂ ਅਜਿਹੀ ਕੋਈ ਗੱਲ ਨਹੀਂ ਏ। ਮੇਰਾ ਖ਼ਿਆਲ ਏ ਕਿ ਨਾਂਅ ਕੁਝ ਵੱਖਰਾ ਹੋਣਾ ਚਾਹੀਦਾ ਹੈ ਅਤੇ ਮੈਂ ਇਹ ਨਾਂਅ ਆਮ ਪ੍ਰਚੱਲਤ ਨਾਂਵਾਂ ਤੋਂ ਹਟ ਕੇ ਰੱਖਿਆ ਹੈ।' ਹੁਣ ਉਹ ਆਸਟ੍ਰੇਲੀਆ ਵਿਚ ਹੈ ਅਤੇ ਉਸ ਨੇ ਆਪਣੇ ਪੁੱਤਰ ਦਾ ਨਾਂਅ ਬਦਲ ਕੇ 'ਰੌਬਿਨ ਸਿੰਘ', ਭਾਵ 'ਚਿੜੀ ਸਿੰਘ' ਰੱਖ ਲਿਆ ਹੈ। ਸਿੱਖਾਂ ਵਿਚ ਅੱਜਕਲ੍ਹ ਹੋਰ ਕਈ ਅੰਗਰੇਜ਼ੀ ਨਾਂਅ ਲਵਲੀ ਸਿੰਘ, ਸਵੀਟੂ ਸਿੰਘ, ਸੈਂਟੀ ਸਿੰਘ, ਮੌਂਟੀ ਸਿੰਘ, ਨਿਊਟਨ ਸਿੰਘ, ਵਗੈਰਾ ਵੀ ਚੱਲ ਰਹੇ ਹਨ। ਇਨ੍ਹਾਂ ਦੇ ਬਾਰੇ ਤੁਸੀਂ ਹੁਣ ਕੀ ਕਹੋਗੇ?ਮੈਂ ਸਮਝਦਾ ਹੈ ਕਿ ਬੜੀ ਗੂੜ੍ਹੀ ਸਾਂਝ ਸੀ ਬਾਬਾ ਗੁਰੂ ਨਾਨਕ ਸਾਹਿਬ ਤੇ ਮੁਸਲਮਾਨਾਂ ਦੀ, ਅਤੇ ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਮੁਸਲਮਾਨ ਆਪਣੇ ਪੁੱਤਰਾਂ ਦੇ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਦੇ ਰਹੇ ਹਨ। ਪਾਕਿਸਤਾਨ ਬਣੇ ਨੂੰ 72 ਸਾਲ ਤੋਂ ਵਧੇਰੇ ਹੋ ਚੁੱਕੇ ਹਨ। ਏਨੇ ਲੰਮੇ ਅਰਸੇ ਤੋਂ ਬਾਅਦ ਭੁੱਲ-ਚੁੱਕ ਮੁਆਫ਼ ਕਰਦਿਆਂ ਹੋਇਆਂ, ਚਲੋ! ਇਹ ਸਾਂਝ ਫਿਰ ਤੋਂ ਸ਼ੁਰੂ ਕਰੀਏ। ਇਸ ਦੀ ਪਹਿਲ ਮੈਂ ਆਪਣੇ ਆਪ ਤੋਂ ਕਰ ਲੈਂਦਾ ਹਾਂ ਅਤੇ ਮੈਂ ਤਾਂ ਇਹ ਕਰ ਵੀ ਲਈ ਹੈ। ਮੇਰਾ ਇੱਕੋ ਹੀ ਪੁੱਤਰ ਏ, ਨਾ ਕਈ ਹੋਰ ਬੇਟਾ ਤੇ ਨਾ ਹੀ ਬੇਟੀ। ਮੇਰੇ ਪੁੱਤਰ ਦੀ ਉਮਰ ਇਸ ਵੇਲੇ ਕਰੀਬ ਤਿੰਨ ਸਾਲ ਏ ਤੇ ਮੈਂ ਉਸ ਦਾ ਨਾਂਅ ਬਾਬਾ ਨਾਨਕ ਜੀ ਦੇ ਨਾਂਅ 'ਤੇ ਰੱਖ ਦਿੱਤਾ ਹੈ, 'ਨਾਨਕ ਮੁਸਤਫ਼ਾ'। ਹੁਣ ਅੱਗੋਂ ਮੇਰੇ ਸਿੱਖ-ਭਰਾਵਾਂ ਦੀ ਵਾਰੀ ਏ, ਉਨ੍ਹਾਂ ਵਿਚੋਂ ਕੋਈ ਆਪਣੇ ਪੁੱਤਰ ਦਾ ਨਾਂਅ 'ਮੁਹੰਮਦ ਸਿੰਘ', 'ਕਾਦਰੀ ਸਿੰਘ' ਜਾਂ 'ਮੀਆਂ ਸਿੰਘ' ਰੱਖਣ ਦੀ ਪਹਿਲ ਕਰੇ। ਅਸੀਂ ਮੁਸਲਮਾਨ ਜੇਕਰ ਆਪਣੇ ਪੁੱਤਰਾਂ ਦੇ ਨਾਂਅ ਬਾਬਾ ਨਾਨਕ ਦੇ ਨਾਂਅ 'ਤੇ ਰੱਖ ਸਕਦੇ ਹਾਂ ਤਾਂ ਅਸਲ ਮੁਹੱਬਤ ਤਾਂ ਫਿਰ ਸਾਡੀ ਹੀ ਉਨ੍ਹਾਂ ਦੇ ਨਾਲ ਹੋਈ। ਇੱਥੇ ਇਕ ਗੱਲ ਹੋਰ ਵੀ ਗ਼ੌਰ ਕਰਨ ਵਾਲੀ ਹੈ। ਜਦੋਂ 1947 ਵਿਚ ਹਿੰਦੋਸਤਾਨ ਦਾ ਬਟਵਾਰਾ ਹੋਇਆ ਤਾਂ ਪਾਕਿਸਤਾਨ ਉੱਪਰ ਬਾਬਾ ਨਾਨਕ ਜੀ ਦੀ ਬੜੀ ਕਿਰਪਾ ਹੋਈ। ਬਾਬਾ ਨਾਨਕ ਜੀ ਪਾਕਿਸਤਾਨ ਵਿਚ ਹੀ ਮੁਸਲਮਾਨਾਂ ਦੇ ਪਾਸੇ ਰਹੇ। ਚਾਰ-ਪੰਜ ਮੀਲ ਜ਼ਮੀਨ ਦਾ ਟੋਟਾ, ਜਿਸ ਦੇ ਬਾਰੇ ਅਗਰ ਸਿੱਖ ਉਦੋਂ ਮਾੜਾ ਜਿਹਾ ਵੀ ਜ਼ੋਰ ਲਾਉਂਦੇ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਉਨ੍ਹਾਂ ਕੋਲ ਹੋਣਾ ਸੀ। ਥੋੜ੍ਹੀ ਜਿਹੀ ਜ਼ਮੀਨ ਦੇ ਨਾਲ ਉਸ ਦਾ ਵਟਾਂਦਰਾ ਬੜੀ ਆਸਾਨੀ ਨਾਲ ਹੋ ਜਾਣਾ ਸੀ। ਪਰ ਸਿੱਖ-ਭਰਾਵਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਜ਼ਮੀਨ ਦੇ ਵਟਾਂਦਰੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬਾਬਾ ਨਾਨਕ ਜੀ ਦਾ ਜਨਮ-ਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੇ ਅਕਾਲ-ਚਲਾਣੇ ਦਾ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੋਵੇਂ ਮੁਸਲਮਾਨਾਂ ਕੋਲ ਹੀ ਹਨ। ਹੋਰ ਵੀ ਤਿੰਨ-ਚਾਰ ਸੌ ਗੁਰਦੁਆਰੇ ਪਾਕਿਸਤਾਨ ਵਿਚ ਹਨ। ਮੈਂ ਸਮਝਦਾ ਹਾਂ ਕਿ ਅਸਲ ਪੰਜਾਬੀ ਸੱਭਿਆਚਾਰ ਵੀ ਪਾਕਿਸਤਾਨ ਵਿਚ ਹੈ। ਪਿਛਲੇ ਸਾਲ ਪਾਕਿਸਤਾਨ ਸਰਕਾਰ ਦੀ ਪਹਿਲ-ਕਦਮੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤ ਵੱਲ ਨੂੰ ਬਣਾਇਆ ਗਿਆ 'ਲਾਂਘਾ' ਵੀ ਪਾਕਿਸਤਾਨ ਵਿਚ ਹੈ। ਇਸ ਲਾਂਘੇ ਦੀ ਕਈ ਸਾਲਾਂ ਤੋਂ ਪਾਕਿਸਤਾਨ ਦੀ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ ਸੀ। ਜਦੋਂ ਪਾਕਿਸਤਾਨ ਨੇ ਆਪਣੇ ਪਾਸੇ ਇਹ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਭਾਰਤ ਸਰਕਾਰ ਨੇ ਵੀ ਇਸ ਲਾਂਘੇ ਨੂੰ ਪ੍ਰਵਾਨ ਕਰ ਲਿਆ। ਬਾਬਾ ਨਾਨਕ ਜੀ ਨੇ ਪਹਿਲਾਂ ਵੀ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਸ ਵਿਚ ਜੋੜਿਆ ਸੀ ਅਤੇ ਸਿੱਖ ਤਾਂ ਬਾਅਦ ਵਿਚ ਹੋਂਦ ਵਿਚ ਆਏ ਸਨ। ਬਾਬਾ ਜੀ ਨੇ ਹੁਣ ਫਿਰ ਇਸ ਲਾਂਘੇ ਰਾਹੀਂ ਇਨ੍ਹਾਂ ਤਿੰਨਾਂ ਨੂੰ ਆਪਸ ਵਿਚ ਜੁੜਨ ਦਾ ਮੌਕਾ ਦਿੱਤਾ ਹੈ। ਦੋਵਾਂ ਮੁਲਕਾਂ ਨੂੰ ਜੋੜਨ ਵਾਲਾ ਇਹ ਰਸਤਾ ਬਣ ਚੁੱਕਾ ਹੈ ਅਤੇ ਇਸ ਦੇ ਰਾਹੀਂ ਦੋਵਾਂ ਮੁਲਕਾਂ ਲਈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਬਹੁਤ ਵਧੀਆ ਮੌਕਾ ਹੈ। ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਪਿਛਲੇ ਗਿਲੇ-ਸ਼ਿਕਵੇ ਭੁੱਲ ਕੇ ਬਾਬਾ ਨਾਨਕ ਜੀ ਦੇ ਫ਼ਲਸਫ਼ੇ ਨਾਲ ਸਹਿਮਤ ਹੋ ਜਾਣ ਅਤੇ ਇਕ-ਦੂਜੇ ਦੇ ਖ਼ਿਲਾਫ ਪੈਦਾ ਹੋ ਰਹੀ ਨਫ਼ਰਤ ਘਟ ਜਾਏਗੀ ਜਾਂ ਉਹ ਸ਼ਾਇਦ ਰੁਕ ਹੀ ਜਾਏ। ਸਾਡੀ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵਿਚ ਜਾਣ ਲਈ ਜੰਗਲਾਂ-ਬੀਆਬਾਨਾਂ ਵਿਚੋਂ ਦੀ ਖੱਜਲ-ਖੁਆਰ ਹੋ ਕੇ ਤੇ ਦਰਿਆਵਾਂ ਵਿਚ ਡੁੱਬ-ਡੁੱਬ ਕੇ ਕਿਸੇ ਤਰ੍ਹਾਂ ਬਚ-ਬਚਾਅ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਦੀ ਸ਼ਾਇਦ ਸੁਣੀ ਜਾਏ। ਇਨ੍ਹਾਂ ਦੋਵਾਂ ਮੁਲਕਾਂ ਵਿਚ ਖ਼ੁਸ਼ਹਾਲੀ ਆਏ, ਜਿਵੇਂ ਇੱਥੇ ਪਹਿਲਾਂ ਖੁਸ਼ਹਾਲੀ ਹੁੰਦੀ ਸੀ ਜਦੋਂ ਗੋਰੇ, ਫ਼ਰਾਂਸੀਸੀ, ਬੈਲਜੀਅਮ, ਯੂਰਪ ਤੇ ਦੂਜੇ ਮੁਲਕਾਂ ਦੇ ਲੋਕ ਇੱਥੇ ਆ ਕੇ ਨੌਕਰੀਆਂ ਕਰਦੇ ਸਨ। ਕਾਸ਼! ਇੰਜ ਹੋ ਜਾਏ। ਇਹ ਮੇਰੀ ਦਿਲੀ-ਤਮੰਨਾ ਏ।

 

ਡਾਕਟਰ ਗੁਲਾਮ ਮੁਸਤਫਾ ਡੋਗਰ