ਮਾਸਕ ਬਣਾਉਣ ਦੀ ਸੇਵਾ ਕਰਦੀ 98 ਸਾਲਾ ਬੇਬੇ ਬਣੀ ਬਾਕੀਆਂ ਲਈ ਮਿਸਾਲ

ਮਾਸਕ ਬਣਾਉਣ ਦੀ ਸੇਵਾ ਕਰਦੀ 98 ਸਾਲਾ ਬੇਬੇ ਬਣੀ ਬਾਕੀਆਂ ਲਈ ਮਿਸਾਲ

ਮੋਗਾ: ਮੋਗਾ ਸ਼ਹਿਰ ਦੀ ਵਸਨੀਕ 98 ਸਾਲਾਂ ਦੀ ਗੁਰਦੇਵ ਕੌਰ ਦੇ ਹਨ, ਜਿਹੜੇ ਸਿਲਾਈ ਮਸ਼ੀਨ ’ਤੇ ਆਪਣੇ ਹੱਥੀਂ ਮਾਸਕ ਬਣਾ ਕੇ ਲੋਕਾਂ ਨੂੰ ਵੰਡ ਰਹੇ ਹਨ। ਗੁਰਦੇਵ ਕੌਰ ਦੀ ਇੱਕ ਅੱਖ ਦੀ ਨਿਗਾਹ ਹੀ ਸਹੀ ਹੈ ਪਰ ਫਿਰ ਵੀ ਉਹ ਸੇਵਾ ਸਮਝ ਕੇ 8 ਘੰਟੇ ਮਾਸਕ ਸਿਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘‘ਮੈਂ 100 ਸਾਲਾਂ ਦੀ ਹੋਣ ਵਾਲੀ ਹਾਂ। ਸੋਚਿਆ, ਜਾਂਦੀ ਉਮਰੇ ਕੁਝ ਚੰਗਾ ਕਰ ਜਾਵਾਂ। ਨੈਣ-ਪਰਾਣ ਚੱਲਦੇ ਹਨ ਤੇ ਮੈਂ ਸਿਲਾਈ ਨਿੱਕੀ ਹੁੰਦੀ ਤੋਂ ਹੀ ਕਰਦੀ ਆ ਰਹੀ ਹਾਂ। ਲੋਕਾਂ ਨੂੰ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਮੈਂ ਪਿਛਲੇ ਦਿਨਾਂ ਤੋਂ ਮਾਸਕ ਬਣਾ ਰਹੀ ਹਾਂ ਤੇ ਗਲੀ-ਸੜਕ ਤੋਂ ਲੰਘਦੇ ਲੋਕਾਂ ਨੂੰ ਵੰਡ ਰਹੀ ਹਾਂ।’’ 

ਉਹ ਕਹਿੰਦੇ ਹਨ, ‘‘ਦੁਨੀਆਂ ਵਿਚ ਫੈਲੀ ਕੋਰੋਨਾਵਾਇਰਸ ਦੀ ਬਿਮਾਰੀ ਨਾਲ ਹਾਹਾਕਾਰ ਮੱਚੀ ਹੋਈ ਹੈ। ਸਾਨੂੰ ਬਚਾਅ ਰੱਖਣ ਦੀ ਲੋੜ ਹੈ। ਦੂਜਾ, ਬਾਬੇ ਨਾਨਕ ਨੇ ਸੇਵਾ ਲਈ ਮਨ ਬਣਾ ਦਿੱਤਾ ਹੈ ਤੇ ਜਦੋਂ ਤੱਕ ਇਹ ਬਿਮਾਰੀ ਨਹੀਂ ਹਟਦੀ, ਮੈਂ ਆਖਰੀ ਸਾਹ ਤੱਕ ਮਾਸਕ ਬਣਾ ਕੇ ਵੰਡਦੀ ਰਹਾਂਗੀ।’’ 

ਗੁਰਦੇਵ ਕੌਰ ਦੇ ਨਾਲ ਪਰਿਵਾਰ ਤੇ ਗੁਆਂਢਣਾਂ ਵੀ ਮਾਸਕ ਸਿਉਂਣ ਦੀ ਸੇਵਾ ਵਿੱਚ ਲੱਗੀਆਂ ਹਨ। ਇਕੱਲੀ ਗੁਰਦੇਵ ਕੌਰ ਹੀ ਨਹੀਂ, ਸਗੋਂ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੀਆਂ ਦੋ ਨੂੰਹਾਂ, ਪੋਤਰੀ ਤੇ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਵੀ ਮਸ਼ੀਨਾਂ ਡਾਹ ਕੇ ਮਾਸਕ ਬਣਾਉਣ ਦੇ ਕੰਮ ਵਿਚ ਲੱਗੀਆਂ ਹਨ।

ਗੁਰਦੇਵ ਕੌਰ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੀਆਂ ਔਰਤਾਂ ਆਪਣੇ ਪੱਲਿਓਂ ਪੈਸੇ ਖਰਚਕੇ ਮਾਸਕ ਬਣਾਉਣ ਲਈ ਕੱਪੜਾ, ਧਾਗਾ ਤੇ ਹੋਰ ਸਮਾਨ ਖ਼ਰੀਦ ਰਹੀਆਂ ਹਨ। ਇਸ ਬਾਰੇ ਗੁਰਦੇਵ ਕੌਰ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਰੱਜ ਕੇ ਕੰਮ ਕੀਤਾ ਤੇ ਹੁਣ ਉਨ੍ਹਾਂ ਦੇ ਚਾਰ ਪੁੱਤਰ ਆਪਣੇ ਕੰਮ-ਧੰਦਿਆਂ ਰਾਹੀਂ ਕਮਾਈ ਕਰ ਰਹੇ ਹਨ। ‘‘ਦਸਵੰਧ ਵੀ ਤਾਂ ਕੱਢਦੇ ਹੀ ਹਾਂ। ਪਹਿਲਾਂ ਵੱਖ-ਵੱਖ ਗੁਰਦੁਆਰਿਆਂ ਵਿਚ ਰੱਖੇ ਗਏ ਗੁਰਬਾਣੀ ਦੇ ਗੁਟਕਿਆਂ ਦੇ ਕਵਰ ਸਿਲਾਈ ਕਰਕੇ ਸੇਵਾ ਕਰਦੀ ਸੀ। ਹੁਣ ਮਾਮਲਾ ਮਨੁੱਖਤਾ ਨਾਲ ਜੁੜਿਆ ਹੈ ਤੇ ਮੈਂ ਮਾਸਕ ਵੰਡਣ ਦੀ ਸੇਵਾ ਸੰਭਾਲ ਲਈ ਹੈ। ਗੁਰੂ ਨੇ ਦੋ ਡੰਗ ਦੀ ਰੋਟੀ ਨਸੀਬ ਕੀਤੀ ਹੈ ਤੇ ਫਿਰ ਲਾਲਚ ਕਾਹਦਾ।’’

ਗੁਰਦੇਵ ਕੌਰ ਦੀ ਇੱਕ ਅੱਖ ਦੀ ਨਿਗ੍ਹਾ ਹੀ ਸਹੀ ਹੈ ਪਰ ਇਸ ਗੱਲ ਦੀ ਪਰਵਾਹ ਨਾ ਕੀਤਿਆਂ ਉਹ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮਸ਼ੀਨ ’ਤੇ ਮਾਸਕਾਂ ਦੀ ਸਿਲਾਈ ਕਰਦੇ ਹਨ। ਇਸ ਉਮਰ ਵਿੱਚ ਕੰਮ ਕਰਦਿਆਂ ਥਕਾਵਟ ਹੋਣ ਸਬੰਧੀ ਪੁੱਛੀ ਗਈ ਗੱਲ ਦੇ ਜਵਾਬ ਵਿੱਚ ਗੁਰਦੇਵ ਕੌਰ ਕਹਿੰਦੇ ਹਨ ਕਿ ਘਰ ਦੇ ਕੰਮ ਵੇਲੇ ਤਾਂ ਬੁੱਢੇਵਾਰੇ ਥਕਾਵਟ ਹੁੰਦੀ ਸੀ ਪਰ ਹੁਣ ਮਾਸਕ ਦੀ ਸੇਵਾ ਤਾਂ ਗੁਰੂ ਆਪ ਹੀ ਕਰਵਾ ਰਿਹਾ ਹੈ ਤੇ ਫਿਰ ਥਕਾਵਟ ਕਾਹਦੀ। ਗੁਰਦੇਵ ਕੌਰ ਦੀ ਪੋਤਰੀ ਰਮਨ ਵੀ ਆਪਣੀ ਦਾਦੀ ਦੀ ਸੇਵਾ-ਭਾਵਨਾ ਵਾਲੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਮਾਸਕ ਬਣਉਣ ਦੇ ਕੰਮ ਵਿਚ ਜੁਟ ਗਈ ਹੈ। ਰਮਨ ਦਾ ਕਹਿਣਾ ਹੈ, ‘‘ਲੌਕਡਾਊਨ ਦੌਰਾਨ ਪਹਿਲਾਂ ਟੈਲੀਵੀਜ਼ਨ ਵਗੈਰਾ ਦੇਖ ਕੇ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਹੁਣ ਜਦੋਂ ਦਾਦੀ ਜੀ ਨੂੰ ਕੰਮ ਕਰਦੇ ਦੇਖਿਆ ਤਾਂ ਮਨ ਵਿੱਚ ਆਇਆ ਕਿ ਜੇ 100 ਸਾਲ ਦੀ ਉਮਰ ਤੱਕ ਪਹੁੰਚਣ ਵਾਲੀ ਮੇਰੀ ਦਾਦੀ ਮਾਸਕ ਦੀ ਸੇਵਾ ਕਰ ਸਕਦੀ ਹੈ ਤਾਂ ਮੈਂ ਅਜਿਹਾ ਕਿਉਂ ਨਹੀਂ ਕਰ ਸਕਦੀ।’’

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।