ਫਿਲਮ ‘ਗਾਂਧੀ ਗੋਡਸੇ ਏਕ ਯੁੱਧ’  26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਵੇਗੀ

ਫਿਲਮ ‘ਗਾਂਧੀ ਗੋਡਸੇ ਏਕ ਯੁੱਧ’  26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਵੇਗੀ

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੰਬਈ: ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਮੋਸ਼ਨ ਪੋਸਟਰ ਦੀ ਵੀਡੀਓ ਵਿੱਚ ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦਰਮਿਆਨ ਵਿਚਾਰਧਾਰਾਵਾਂ ਦੀ ਲੜਾਈ ਨੂੰ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ 30 ਜਨਵਰੀ, 1948 ਵਾਲੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵੀਡੀਓ ਦੀ ਸ਼ੁਰੂਆਤ ਵਿੱਚ ਨੱਥੂਰਾਮ ਕਹਿੰਦਾ ਹੈ ਕਿ ਉਹ ਹਮੇਸ਼ਾ ਮਹਾਤਮਾ ਗਾਂਧੀ ਨੂੰ ਮਾਰਨਾ ਚਾਹੁੰਦਾ ਸੀ ਤੇ ਜੇ ਮੌਕਾ ਮਿਲਿਆ ਤਾਂ ਉਸ ਨੂੰ ਮਾਰ ਦੇਵੇਗਾ ਜਿਸ ਬਾਰੇ ਮਹਾਤਮਾ ਗਾਂਧੀ ਕਹਿੰਦੇ ਹਨ ਕਿ ਗੋਲੀ ਸਿਰਫ ਬੰਦੇ ਨੂੰ ਮਾਰ ਸਕਦੀ ਹੈ ਨਾ ਕਿ ਉਸ ਦੇ ਵਿਚਾਰਾਂ ਨੂੰ ਕਿਉਂਕਿ ਮਰਨ ਤੋਂ ਬਾਅਦ ਵੀ ਬੰਦੇ ਦੇ ਵਿਚਾਰ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪ੍ਰੇਰਦੇ ਰਹਿੰਦੇ ਹਨ। ਇਸ ਵੀਡੀਓ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਕਈ ਝਲਕੀਆਂ ਦਿਖਾਈਆਂ ਗਈਆਂ ਹਨ। ਇਸ ਫਿਲਮ ਲਈ ਗ੍ਰੈਮੀ ਤੇ ਆਸਕਰ ਜੇਤੂ ਏ ਆਰ ਰਹਿਮਾਨ ਨੇ ਸੰਗੀਤ ਦਿੱਤਾ ਹੈ। ਮਹਾਤਮਾ ਗਾਂਧੀ ਦੀ ਭੂਮਿਕਾ ਦੀਪਕ ਅੰਤਾਨੀ ਨੇ ਨਿਭਾਈ ਹੈ, ਜਦਕਿ ਨੱਥੂਰਾਮ ਗੋਡਸੇ ਦੇ ਕਿਰਦਾਰ ਵਿੱਚ ਚਿਨਮਯ ਮੰਡਲੇਕਰ ਨਜ਼ਰ ਆਉਣਗੇ। ਅਸਗਰ ਵਜਾਹਤ ਅਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਲਿਖੀ ‘ਗਾਂਧੀ ਗੋਡਸੇ ਏਕ ਯੁੱਧ’ ਨਾਲ ਰਾਜਕੁਮਾਰ ਸੰਤੋਸ਼ੀ ਨੌਂ ਸਾਲਾਂ ਬਾਅਦ ਸਿਲਵਰ ਸਕਰੀਨ ’ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਵੇਗੀ।

ਭਗਵਿਆਂ ਦੀ ਗੁੰਡਾਗਰਦੀ ਬਾਅਦ ਸੀਬੀਐੱਫਸੀ ਵਲੋਂ ਫਿਲਮ ‘ਪਠਾਨ’ ਵਿੱਚ ਤਬਦੀਲੀਆਂ ਕਰਨ ਦੀ ਹਦਾਇਤ

ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੇ ਫਿਲਮ ‘ਪਠਾਨ’ ਅਤੇ ਇਸ ਦੇ ਗਾਣਿਆਂ ਵਿੱਚ ਕੁਝ ਤਬਦੀਲੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਕਿ ਫਿਲਮ ਸੀਬੀਐੱਫਸੀ ਦੇ ਮਾਪਦੰਡਾਂ ’ਤੇ ਖਰੀ ਉਤਰ ਸਕੇ। ਇਸ ਫਿਲਮ ਵਿੱਚ ਸ਼ਾਹਰੁਖ਼ ਖਾਨ ਬਤੌਰ ਨਾਇਕ ਤੇ ਦੀਪਿਕਾ ਪਾਦੂਕੋਨ ਬਤੌਰ ਨਾਇਕਾ ਭੂਮਿਕਾ ਨਿਭਾਅ ਰਹੇ ਹਨ।ਭਗਵਿਆਂ ਦੇ ਇਤਰਾਜ਼ ਤੇ ਸ਼ਾਹਰੁਖ਼ ਖਾਨ ਬਤੌਰ ਨਾਇਕ ਤੇ ਦੀਪਿਕਾ ਪਾਦੂਕੋਨ ਪੁਤਲੇ ਫੂਕਣ ਬਾਅਦ ਸੀਬੀਐੱਫਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੇ ਦੱਸਿਆ ਕਿ ਯਸ਼ ਰਾਜ ਫਿਲਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਫਿਲਮ ‘ਪਠਾਨ’ ਵਿੱਚ ਨਿਰਧਾਰਿਤ ਸੋਧਾਂ ਕੀਤੀਆਂ ਜਾਣ ਜਿਸ ਮਗਰੋਂ ਇਸ ਨੂੰ ਬੋਰਡ ਅੱਗੇ ਮੁੜ ਪੇਸ਼ ਕੀਤਾ ਜਾਵੇ। ਫਿਲਮ ‘ਪਠਾਨ’ ਜਨਵਰੀ ਮਹੀਨੇ ਵਿੱਚ ਰਿਲੀਜ਼ ਹੋਣੀ ਹੈ। ਇਸ ਫਿਲਮ ਦਾ ਗਾਣਾ ‘ਬੇਸ਼ਰਮ ਰੰਗ’ ਵੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ।ਦਰਅਸਲ ਇਸ ਗੀਤ ਵਿਚ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਸੀ, ਜਿਸ ਨੂੰ ਕਈ ਹਿੰਦੂ ਸੰਗਠਨ ਨੇ ਲੋਕਾਂ ਵਲੋਂ ਇਤਰਾਜ਼ਯੋਗ ਕਰਾਰ ਦਿੱਤਾ ਹੈ। 

ਆਸ਼ਾ ਪਾਰੇਖ ਨੇ ਪਠਾਨ ਫਿਲਮ ਦੇ ਬੇਸ਼ਰਮ ਗੀਤ ਵਿਚ ਦੀਪਿਕਾ ਦੀ ਬਿਕਨੀ ‘ਤੇ ਚੁੱਕੇ ਸਵਾਲ ‘ਤੇ ਕਿਹਾ ਕਿ ਬਿਕਨੀ ‘ਤੇ ਕੋਈ ਹੰਗਾਮਾ ਨਹੀਂ ਹੈ, ਇੱਥੇ ਬਿਕਨੀ ਦੇ ਸੰਤਰੀ ਰੰਗ ਨੂੰ ਲੈ ਕੇ ਹੰਗਾਮਾ ਹੈ। ਮੈਨੂੰ ਲੱਗਦਾ ਹੈ ਕਿ ਸਾਡਾ ਦਿਮਾਗ ਹੌਲੀ-ਹੌਲੀ ਬੰਦ ਹੋ ਰਿਹਾ ਹੈ ਅਤੇ ਅਸੀਂ ਬਦਲਦੇ ਸਮੇਂ ਦੇ ਨਾਲ ਬਹੁਤ ਛੋਟੀ ਸੋਚ ਵਾਲੇ ਬਣਦੇ ਜਾ ਰਹੇ ਹਾਂ।ਅਦਾਕਾਰਾ ਆਸ਼ਾ ਨੇ ਕਿਹਾ ਕਿ ਬਾਲੀਵੁੱਡ ਹਮੇਸ਼ਾ ਹੀ ਲੋਕਾਂ ਲਈ ਸੌਖਾ ਨਿਸ਼ਾਨਾ ਰਿਹਾ ਹੈ ਅਤੇ ਇਹ ਸਮੇਂ-ਸਮੇਂ ‘ਤੇ ਨਜ਼ਰ ਵੀ ਆਉਂਦਾ ਹੈ। ਇੱਕ ਪਾਸੇ ਤਾਂ ਅਸੀਂ ਅਗਾਂਹਵਧੂ ਹੋਣ ਦੀ ਗੱਲ ਕਰਦੇ ਹਾਂ ਪਰ ਦੂਜੇ ਪਾਸੇ ਬਿਕਨੀ ਦੇ ਰੰਗ ਵਿੱਚ ਵਿਵਾਦ ਪੈਦਾ ਕਰਕੇ ਆਪਣੀ ਸੋਚ ਵੀ ਦਿਖਾਉਂਦੇ ਹਾਂ।

 ਅਦਾਕਾਰਾ ਦਿਵਿਆ ਦੱਤਾ ਨੇ  ਨੇ ਕਿਹਾ ਕਿ ਹਰ ਫਿਲਮ ਨੂੰ ਮੁੱਦਾ ਬਣਾਉਣਾ ਸਹੀ ਨਹੀਂ ਹੈ। ਜਨਤਾ ਨੂੰ ਪਹਿਲਾਂ ਫਿਲਮ ਦੇਖਣੀ ਚਾਹੀਦੀ ਹੈ, ਫਿਰ ਆਪਣੀ ਰਾਏ ਦੇਣੀ ਉਚਿਤ ਹੈ।ਅਦਾਕਾਰਾ ਨੇ ਕਿਹਾ ਕਿ ਜਿਸ ਤਰ੍ਹਾਂ ਬਾਲੀਵੁੱਡ ਫਿਲਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਉਸ ਨਾਲ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ। ਜੇਕਰ ਦਰਸ਼ਕ ਇਸ ਤਰ੍ਹਾਂ ਫਿਲਮਾਂ ਦਾ ਬਾਈਕਾਟ ਕਰਨਗੇ ਤਾਂ ਮਨੋਰੰਜਨ ਉਦਯੋਗ ਕਿਵੇਂ ਚੱਲੇਗਾ? ਫਿਲਮਾਂ ਦਾ ਬਾਈਕਾਟ ਹੁਣ ਇੱਕ ਰੁਝਾਨ ਬਣ ਗਿਆ ਹੈ। ਫਿਲਮ ਬਣਾਉਣ ਲਈ ਮਹੀਨਿਆਂ ਦੀ ਮਿਹਨਤ ਲੱਗਦੀ ਹੈ। ਇਸ ਬਾਰੇ ਵੀ ਜਨਤਾ ਨੂੰ ਸੋਚਣਾ ਚਾਹੀਦਾ ਹੈ। 

ਦੱਸ ਦੇਈਏ ਕਿ ਫਿਲਮ ਪਠਾਨ ਵਿੱਚ ਬਿਕਨੀ ਦੇ ਸੰਤਰੀ ਰੰਗ ਨੂੰ ਲੈ ਕੇ ਕੁੱਝ ਹਿੰਦੂ ਸੰਗਠਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਸ਼ਾਹਰੁਖ ਖਾਨ ਦੀ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਨੇ ਵੀ ਇਸ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਸੀ।ਸ਼ਾਹਰੁਖ ਖਾਨ ਅਭਿਨੀਤ ਬਾਲੀਵੁੱਡ ਫਿਲਮ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਇੱਥੋਂ ਦੇ ਤਪੱਸਵੀ ਛਾਉਣੀ ਮੰਦਰ ਦੇ ਮੁੱਖ ਪੁਜਾਰੀ ਪਰਮਹੰਸ ਅਚਾਰੀਆ ਨੇ  ਕਿਹਾ ਸੀ ਕਿ ਉਹ ਅਭਿਨੇਤਾ ਸ਼ਾਹਰੁਖ ਤੇ ਉਨ੍ਹਾਂ ਆਨਲਾਈਨ ਚੈਨਲਾਂ ਦੇ ਮਾਲਕਾਂ ਨੂੰ ਜ਼ਿੰਦਾ ਸਾੜ ਦੇਣਗੇ, ਜਿਨ੍ਹਾਂ ’ਤੇ ਇਹ ਗੀਤ ਉਪਲਬਧ ਹੈ।ਉਨ੍ਹਾਂ ਕਿਹਾ ਸੀ ਕਿ ਇਸ ਫਿਲਮ ’ਚ ਭਗਵੇਂ ਕੱਪੜੇ ਪਹਿਨੀ ਦੀਪਿਕਾ ਪਾਦੂਕੋਣ ਨੂੰ ਹਿੰਦੂ ਔਰਤ ਹੋਣ ਕਾਰਨ ਛੱਡ ਦਿੱਤਾ ਜਾਵੇਗਾ। ਉਸ ਨੂੰ ਆਪਣੇ ਪਾਪ ਦਾ ਅਹਿਸਾਸ ਕਰਨ ਅਤੇ ਸੰਤਾਂ ਤੋਂ ਮਾਫ਼ੀ ਮੰਗਣ ਦਾ ਮੌਕਾ ਦਿੱਤਾ ਜਾਵੇਗਾ।

ਕੁਝ ਦੱਖਣਪੰਥੀ ਸਮੂਹ ਇਸ ਗੀਤ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਹੋਰ ਹਿੱਸਿਆਂ 'ਚ ਖਾਨ ਅਤੇ ਹੋਰ ਲੋਕਾਂ ਦੇ ਪੁਤਲੇ ਸਾੜੇ ਗਏ ਹਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਫਿਲਮ ਦੇ ਕਲਾਕਾਰਾਂ ਦੁਆਰਾ ਪਹਿਨੇ ਗਏ ਕੱਪੜਿਆਂ ਦੇ ਰੰਗ 'ਤੇ ਇਤਰਾਜ਼ ਜਤਾਇਆ ਹੈ।

 ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗਾਂ ਦੀ ਆਈ ਬਹਾਰ

ਬਸੰਤ ਪੰਚਮੀ ਮੌਕੇ ਹਜ਼ਾਰਾਂ ਦੀ ਗਿਣਤੀ 'ਵਿਚ ਪਤੰਗ ਉਡਾ ਕੇ ਗਭਰੂ ਮੰਗਣਗੇ ਇਨਸਾਫ਼

ਮਾਨਸਾ-ਐਤਕੀਂ ਬਸੰਤ ਪੰਚਮੀ ਤੋਂ ਮਹੀਨਾ ਪਹਿਲਾਂ ਹੀ ਪਤੰਗ ਵਿਕਣੇ ਸ਼ੁਰੂ ਹੋ ਗਏ ਹਨ | ਜ਼ਿਕਰਯੋਗ ਗੱਲ ਇਹ ਹੈ ਕਿ 80 ਪ੍ਰਤੀਸ਼ਤ ਉਹ ਪਤੰਗ ਵਿਕ ਰਹੇ ਹਨ, ਜਿਨ੍ਹਾਂ 'ਤੇ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੋਈ ਹੈ |।ਪੂਰੇ ਪੰਜਾਬ 'ਚ ਮੂਸੇਵਾਲਾ ਦੀ ਤਸਵੀਰ ਵਾਲੇ ਪਤੰਗ ਵਿਕਣ ਦੀ ਸੂਚਨਾ ਹੈ ਅਤੇ ਇਕੱਲੇ ਮਾਨਸਾ ਸ਼ਹਿਰ ਵਿਚ ਹੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮਰਹੂਮ ਗਾਇਕ ਦੀ ਤਸਵੀਰ ਵਾਲੇ ਪਤੰਗ ਖ਼ਰੀਦੇ ਜਾ ਰਹੇ ਹਨ | ਦੁਕਾਨਦਾਰਾਂ ਦਾ ਦੱਸਣਾ ਹੈ ਕਿ ਬੱਚੇ ਤੋਂ ਲੈ ਕੇ ਨੌਜਵਾਨਾਂ ਦੀ ਪਹਿਲੀ ਮੰਗ ਹੁੰਦੀ ਹੈ ਕਿ ਮੂਸੇਵਾਲਾ ਦੀ ਤਸਵੀਰ ਵਾਲਾ ਪਤੰਗ ਹੀ ਦਿੱਤਾ ਜਾਵੇ ।ਦੁਕਾਨਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਰੋਜ਼ਾਨਾ 1500 ਤੋਂ 2000 ਦੇ ਕਰੀਬ ਮੂਸੇਵਾਲਾ ਦੀਆਂ ਤਸਵੀਰਾਂ ਵਾਲੇ ਪਤੰਗ ਵਿਕਦੇ ਹਨ । ਪਤੰਗਾਂ ਤੋਂ ਪਹਿਲਾਂ ਬਾਜ਼ਾਰਾਂ 'ਚ ਗਾਇਕ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ, ਬੈਨਰ, ਝੰਡੇ, ਛੱਲੇ, ਪੋਸਟਰ ਆਦਿ ਵੱਡੀ ਗਿਣਤੀ 'ਵਿਚ ਵਿਕੇ ਹਨ ਜਦਕਿ ਵੱਡੀ ਗਿਣਤੀ 'ਵਿਚ ਦੋ ਪਹੀਆ ਵਾਹਨਾਂ ਤੋਂ ਲੈ ਕੇ ਕਾਰਾਂ, ਜੀਪਾਂ ਦੇ ਨਾਲ ਹੀ ਟਰੱਕਾਂ ਆਦਿ 'ਤੇ ਗਾਇਕ ਦੀ ਫੋਟੋ ਵਾਲੇ ਪੋਸਟਰ ਲੱਗੇ ਆਮ ਨਜ਼ਰੀ ਪੈਂਦੇ ਹਨ ।ਪਤੰਗ ਖ਼ਰੀਦਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਆਪਣੇ ਮਹਿਬੂਬ ਗਾਇਕ, ਜਿਸ ਨੇ ਮਾਨਸਾ ਜ਼ਿਲ੍ਹੇ ਦਾ ਨਾਂਅ ਦੁਨੀਆ ਭਰ 'ਵਿਚ ਪ੍ਰਸਿੱਧ ਕੀਤਾ ਹੈ, ਨੂੰ ਪਤੰਗ ਉਡਾ ਕੇ ਸ਼ਰਧਾਂਜਲੀ ਭੇਟ ਕਰਨਗੇ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ 26 ਜਨਵਰੀ ਨੂੰ ਬਸੰਤ ਪੰਚਮੀ ਵਾਲੇ ਦਿਨ ਇਕੱਲੇ ਪੰਜਾਬ ਹੀ ਨਹੀਂ ਬਲਕਿ ਭਾਰਤ ਦੇ ਨਾਲ ਹੋਰ ਦੇਸਾਂ 'ਚ ਵਸਦੇ ਗਾਇਕ ਮੂਸੇਵਾਲਾ ਦੇ ਪ੍ਰਸੰਸਕ ਲੱਖਾਂ ਦੀ ਗਿਣਤੀ 'ਵਿਚ ਪਤੰਗ ਉਡਾ ਕੇ ਮੰਗ ਕਰਨਗੇ ਕਿ ਮੂਸੇਵਾਲਾ ਪਰਿਵਾਰ ਨੂੰ ਪੂਰਨ ਇਨਸਾਫ਼ ਦਿੱਤਾ ਜਾਵੇ ।