ਐਕਸਕਲੂਸਿਵ ਵਰਲਡ ਰਿਕਾਰਡਜ਼ ਸੰਸਥਾ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲੇ ਅਸਥਾਨ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸਨਮਾਨ ਪੱਤਰ

ਐਕਸਕਲੂਸਿਵ ਵਰਲਡ ਰਿਕਾਰਡਜ਼ ਸੰਸਥਾ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲੇ ਅਸਥਾਨ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸਨਮਾਨ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਐਕਸਕਲੂਸਿਵ ਵਰਲਡ ਰਿਕਾਰਡਜ਼ ਨਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆ ਦੇ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲੇ ਪਵਿੱਤਰ ਅਸਥਾਨ ਦੇ ਸਤਿਕਾਰ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਹੈ। ਸੰਸਥਾ ਦੇ ਮੁਖੀ ਡਾ. ਪੰਕਜ ਖਟਵਾਨੀ ਅਤੇ ਸ੍ਰੀ ਦੀਪਕ ਥਾਵਾਨੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੁੱਜ ਕੇ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੂੰ ਸੌਂਪਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਪੰਕਜ ਖਟਵਾਨੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਤਿਕਾਰ ਭੇਟ ਕਰਕੇ ਸ਼ਰਧਾ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਹਾਨ ਅਸਥਾਨ ਪੂਰੀ ਦੁਨੀਆ ਦੇ ਸ਼ਰਧਾਲੂਆਂ ਲਈ ਬੇਹੱਦ ਸ਼ਰਧਾ ਦਾ ਪ੍ਰਤੀਕ ਹੈ ਅਤੇ ਲੱਖਾਂ ਸੰਗਤਾਂ ਦੀ ਆਮਦ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਬੇਹਤਰੀਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਡਿਆਈ ਵੱਡੀ ਹੈ ਅਤੇ ਹਰ ਸ਼ਰਧਾਲੂ ਇਥੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਦਾ ਹੈ। ਐਕਸਕਲੂਸਿਵ ਵਰਲਡ ਰਿਕਾਰਡਜ਼ ਨਾਂ ਦੀ ਸੰਸਥਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਣੀ ਵੀ ਇਸ ਪਾਵਨ ਅਸਥਾਨ ਪ੍ਰਤੀ ਸਮਰਪਣ ਦਾ ਹੀ ਹਿੱਸਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ ਵੀ ਮੌਜੂਦ ਸਨ।