ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 18 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ।

ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਤੇ ਕਥਾ ਵਾਚਕਾਂ ਨੇ ਗੁਰ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਦੇਸ਼ ਤੇ ਦੁਨੀਆਂ ਦਾ ਨਕਸ਼ਾ ਹੋਰ ਹੁੰਦਾ। ਉਹਨਾਂ ਕਿਹਾ ਕਿ ਇਹੋ ਜਿਹਾ ਸਮਾਂ ਬਣਦਾ ਕਿ ਅੱਜ ਜਿਹੜੇ ਮੰਦਿਰਾਂ ਵਿਚ ਪੂਜਾ ਹੋ ਰਹੀ ਹੈ, ਉਹਨਾਂ ਮੰਦਿਰਾਂ ਵਿਚ ਨਤਮਸਤਕ ਹੋਣ ਵਾਲੇ ਵੀ ਨਹੀਂ ਰਹਿਣੇ ਸੀ ਤੇ ਮੰਦਿਰ ਵੀ ਨਹੀਂ ਰਹਿਣੇ ਸੀ। ਇਹ ਸਿਰਫ ਗੁਰੂ ਤੇਦ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸੀ ਜਿਸ ਕਾਰਨ ਦੇਸ਼ ਦਾ ਮੌਜੂਦਾ ਸਰੂਪ ਬਣਿਆ ਹੈ ਤੇ ਇਥੇ ਧਰਮ ਨਿਰਪੱਖਤਾ ਨਾਲ ਲੋਕ ਰਹਿ ਰਹੇ ਹਨ।

ਉਹਨਾਂ ਕਿਹਾ ਕਿ ਬੇਸ਼ੱਕ ਜ਼ਾਲਮਾਂ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਕੇ ਗੁਰੂ ਸਾਹਿਬ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਸਾਹਿਬ ਦੇ ਸਬਰ ਤੇ ਸੰਤੋਖ ਨੂੰ ਜ਼ਾਲਮ ਪ੍ਰਭਾਵਤ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅਸਲੀਅਤ ਅੱਜ ਇਹ ਹੈ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਹਾਕਮਾਂ ਦੀ ਮੜ੍ਹੀ ’ਤੇ ਅੱਜ ਕੋਈ ਦੀਵਾ ਜਗਾਉਣ ਵਾਲਾ ਨਹੀਂ ਹੈ ਪਰ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ਅੱਜ ਲੱਖ ਲੋਕ ਰੋਜ਼ ਨਤਮਸਤਕ ਹੁੰਦੇ ਹਨ ਜਿਹਨਾਂ ਵਿਚ ਵੱਡੀ ਗਿਣਤੀ ਮੁਸਲਮਾਨ ਵੀ ਹੁੰਦੇ ਹਨ ਜੋ ਸ਼ਰਧਾ ਦੇ ਫੁੱਲ ਵੀ ਭੇਂਟ ਕਰਦੇ ਹਨ ਤੇ ਲੰਗਰ ਵੀ ਛਕਦੇ ਹਨ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਜੱਸ ਦਾ ਹੀ ਪ੍ਰਤਾਪ ਹੈ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਅੱਜ ਸਿੱਖ ਪੀੜੀ ਭਾਈ ਲੱਖੀ ਵਣਜਾਰਾ, ਭਾਈ ਜੈਤਾ ਜੀ ਤੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਦੇਣ ਨਹੀਂ ਦੇ ਸਕਦੇ ਪਰ ਇਸਦੇ ਬਾਵਜੂਦ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਅਸੀਂ ਯਾਦ ਨਹੀਂ ਕਰਦੇ ਤੇ ਅੱਜ ਆਪਣੇ ਵਿਰਸੇ ਤੋਂ ਤੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਵਾਸਤੇ ਕਈ ਉਪਰਾਲੇ ਕਰ ਰਹੀ ਹੈ। ਉਹਨਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਹਾਲ ਹੀ ਵਿਚ ਆਨਲਾਈਨ ਮੁਕਾਬਲੇ ਵੀ ਸ਼ੁਰੂ ਕਰਵਾਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਪੀੜੀ ਤੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਦੀ ਡਟਵੀਂ ਹਮਾਇਤ ਕਰਨ।

ਉਹਨਾਂ ਕਿਹਾ ਕਿ ਸਾਡਾ ਇਤਿਹਾਸ, ਧਰਮ ਤੇ ਵਿਰਸਾ ਬਹੁਤ ਵਿਸ਼ਾਲ ਹੈ ਪਰ ਅਸੀਂ ਇਹ ਲੋਕਾਂ ਨੂੰ ਦੱਸਣ ਵਿਚ ਕਾਮਯਾਬ ਨਹੀਂ ਹਾਂ। ਇਸ ਲਈ ਸਾਨੂੰ ਹੋਰ ਡੱਟ ਕੇ ਉਪਰਾਲੇ ਕਰਨੇ ਪੈਣਗੇ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦਿੱਲੀ ਕਮੇਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਗੱਲ ਕਰਦਿਆਂ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਦਾ ਫੇਜ਼ 2 ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਪੈਟ ਸਕੈਨ ਮਸ਼ੀਨ ਲਗਾਈ ਜਾ ਰਹੀ ਹੈ ਤੇ ਜੋ ਪੈਟ ਸਕੈਨ ਟੈਸਟ ਬਾਹਰੋਂ 15 ਤੋਂ 20 ਹਜ਼ਾਰ ਰੁਪਏ ਵਿਚ ਹੁੰਦਾ ਹੈ ਉਹ ਦਿੱਲੀ ਗੁਰਦੁਆਰਾ ਕਮੇਟੀ ਐਮ ਆਰ ਆਈ ਵਾਂਗੂ ਨਾਂ ਮਾਤਰ ਫੀਸ ’ਤੇ ਇਹ ਟੈਸਟ ਕਰੇਗੀ।