ਗੁਰਪ੍ਰੀਤ ਸਿੰਘ ਦੀ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਸਰੀ ਵਿਖੇ ਰਿਲੀਜ਼

ਗੁਰਪ੍ਰੀਤ ਸਿੰਘ ਦੀ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਸਰੀ ਵਿਖੇ ਰਿਲੀਜ਼

ਸਿੱਖ ਨਸਲਕੁਸ਼ੀ-1984 ਮੌਕੇ ਬੰਦ ਜ਼ਬਾਨਾਂ ਅਤੇ ਖਾਮੋਸ਼ ਕਲਮਾਂ ਨੂੰ ਫਿਟਕਾਰਾਂ
 

ਅੰਮ੍ਰਿਤਸਰ ਟਾਈਮਜ਼ ਬਿਊਰੋ
 

ਸਰੀ : ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ '1984 : ਜਦੋਂ ਉਹ ਸਿੱਖਾਂ ਲਈ ਆਏ' ਸਰੀ ਸਥਿਤ ਸਟਰਾਅ ਬੇੈਰੀ ਹਿੱਲ ਲਾਈਬਰੇਰੀ ਵਿਖੇ ਰਿਲੀਜ਼ ਕੀਤੀ ਗਈ। ਇਹ ਪੁਸਤਕ ਰਿਲੀਜ਼ ਸਮਾਰੋਹ ਇਕ ਸੈਮੀਨਾਰ ਦਾ ਰੂਪ ਹੋ ਨਿਬੜਿਆ, ਜਿਸ ਵਿੱਚ ਸੰਨ 1984 ਸਿੱਖ ਨਸਲਕੁਸ਼ੀ ਵੇਲੇ ਬੰਦ ਜ਼ਬਾਨਾਂ ਅਤੇ ਖਾਮੋਸ਼ ਕਲਮਾਂ ਨੂੰ ਜਿੱਥੇ ਫਿਟਕਾਰਾਂ ਪਾਈਆਂ ਗਈਆਂ, ਉੱਥੇ ਮੌਜੂਦਾ ਇੰਡੀਅਨ ਸਟੇਟ ਦੇ ਫਾਸ਼ੀਵਾਦੀ ਅਤੇ ਹਿੰਦੂਤਵੀ ਏਜੰਡੇ ਮੌਕੇ ਖਾਮੋਸ਼ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਹਲੂਣਾ ਦਿੱਤਾ ਗਿਆ। ਪੁਸਤਕ ਰਿਲੀਜ਼ ਸਮਾਗਮ ਦੇ ਆਰੰਭ ਵਿੱਚ ਪ੍ਰੋਗਰਾਮ ਦੇ ਸੰਚਾਲਕ ਡਾਕਟਰ ਗੁਰਵਿੰਦਰ ਸਿੰਘ ਦੇ ਸੱਦੇ 'ਤੇ, ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰਦਿਆਂ, ਸ਼ਰਧਾਂਜਲੀ ਭੇਟ ਕੀਤੀ ਗਈ।
ਸਾਹਿਤਕ ਸਮਾਗਮ ਦੀ ਪਹਿਲੇ ਬੁਲਾਰੀ ਵਜੋਂ ਜੈਨੇਫਰ ਸ਼ੈਰਫ ਨੇ ਮੂਲ ਵਾਸੀਆਂ ਦੀ ਧਰਤੀ 'ਤੇ ਵਿਚਾਰ ਚਰਚਾ ਦੀ ਆਰੰਭਤਾ ਕੀਤੀ। ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਲੇਖਕ ਗੁਰਪ੍ਰੀਤ ਸਿੰਘ ਦੀ ਹੋਣਹਾਰ ਧੀ ਸ਼ਾਇਸਤਾ ਸਿੰਘ ਦੇ 16ਵੇਂ ਜਨਮ ਦਿਨ 'ਤੇ, ਉਸ ਵੱਲੋਂ ਰਿਲੀਜ਼ ਕਰਾਈ ਗਈ। ਇਹ ਸਮਾਗਮ ਵਿੱਚ ਨਾ ਸਿਰਫ ਇਹ ਨਵੀਂ ਪਿਰਤ ਪਈ ਕਿ ਧੀਆਂ-ਪੁੱਤਾਂ ਦੇ ਜਨਮ ਦਿਨਾਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਰਾਹੀਂ ਮਨਾਇਆ ਜਾਏ, ਬਲਕਿ ਇਤਿਹਾਸ ਨੂੰ ਸਾਂਭਣ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਖੁੱਲੀ ਚਰਚਾ ਹੋਈ।
ਬੁਲਾਰਿਆਂ ਵਿੱਚ ਪੁਸਤਕ ਦੇ ਲੇਖਕ ਗੁਰਪ੍ਰੀਤ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਮੂਲ ਨਿਵਾਸੀ ਜੈਨਫਰ ਸ਼ੈਰਫ, ਇਮਤਿਆਜ਼ ਪੋਪਟ, ਹਰਪ੍ਰੀਤ ਸਿੰਘ ਸੇਖਾ, ਸੁਨੀਲ ਕੁਮਾਰ, ਜਗਤਾਰ ਸਿੰਘ ਸੰਧੂ ਕੁਲਵਿੰਦਰ ਸਿੰਘ ਢਿੱਲੋ, ਕਵਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਬੋਧਨ ਕੀਤਾ। ਅਖੀਰ ਵਿੱਚ ਕੈਨੇਡਾ ਬੀਸੀ ਦੀ ਵਿੱਦਿਆ ਮੰਤਰੀ ਬੀਬੀ ਰਚਨਾ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਤਾਬ ਨਾਲ ਤੇ ਲਿਖਾਰੀ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਇਹ ਕਿਤਾਬ ਅੰਗਰੇਜ਼ੀ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ, ਜਿਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ ਅਤੇ ਕਿਤਾਬ ਵਿਚਲੀਆਂ ਪੇਂਟਿੰਗਜ਼ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਪੁਸਤਕ ਰਿਲੀਜ਼ ਮੌਕੇ ਗੁਰਪ੍ਰੀਤ ਸਿੰਘ ਅਤੇ ਰੈਡੀਕਲ ਦੇਸੀ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਲਈ ਤਿਆਰ ਕੀਤੀ ਗਈ ਪਟੀਸ਼ਨ ਨੂੰ ਸਰੋਤਿਆਂ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਮਹਿਕ ਪੰਜਾਬ ਦੀ ਟੈਲੀਵਿਜ਼ਨ ਦੇ ਸੰਸਥਾਪਕ ਕਮਲਜੀਤ ਸਿੰਘ ਥਿੰਦ ਨੇ ਸਮਾਗਮ ਲਈ ਬੇਹੱਦ ਸਹਿਯੋਗ ਦਿੱਤਾ। ਇਹ ਸਮਾਰੋਹ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਹਕੂਮਤਾਂ ਦੀਆਂ ਧੱਕੇਸ਼ਾਹੀਆਂ ਤੋਂ ਇਲਾਵਾ, ਨੌਜਵਾਨ ਪੀੜੀ ਨੂੰ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਸਦਕਾ ਯਾਦਗਾਰੀ ਹੋ ਨਿਬੜਿਆ।

ਤਸਵੀਰਾਂ : '1984 : ਜਦ ਉਹ ਸਿੱਖਾਂ ਲਈ ਆਏ' ਦੇ ਰਿਲੀਜ਼ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ ਬੁਲਾਰੇ ਅਤੇ ਪੁਸਤਕ ਰਿਲੀਜ਼ ਕਰਦੀਆਂ ਹਾਜ਼ਰ ਸ਼ਖਸੀਅਤਾਂ।