ਨਗਰ ਕੀਰਤਨ ਦੌਰਾਨ ਧਮਾਕੇ 'ਚ ਤਿੰਨ ਦੀ ਮੌਤ, ਦਰਜਨਾਂ ਜ਼ਖਮੀ; ਮੁੱਖ ਮੰਤਰੀ ਵੱਲੋਂ ਮਦਦ ਦਾ ਐਲਾਨ

ਨਗਰ ਕੀਰਤਨ ਦੌਰਾਨ ਧਮਾਕੇ 'ਚ ਤਿੰਨ ਦੀ ਮੌਤ, ਦਰਜਨਾਂ ਜ਼ਖਮੀ; ਮੁੱਖ ਮੰਤਰੀ ਵੱਲੋਂ ਮਦਦ ਦਾ ਐਲਾਨ

ਤਰਨਤਾਰਨ: ਤਰਨਤਾਰਨ ਨਜ਼ਦੀਕ ਡੱਲੇਕੇ ਪਿੰਡ ਵਿਚ ਨਗਰ ਕੀਰਤਨ ਦੌਰਾਨ ਪਟਾਖਿਆਂ ਦੇ ਬਰੂਦ ਵਿਚ ਧਮਾਕਾ ਹੋਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਦੇ ਕਰੀਬ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਵੱਖੋ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। 

ਇਹ ਨਗਰ ਕੀਰਤਨ ਗੁਰਦੁਆਰਾ ਟਾਹਲਾ ਸਾਹਿਬ, ਚੱਬਾ ਨੂੰ ਰਵਾਨਾ ਹੋਣਾ ਸੀ ਜਦੋਂ ਇਹ ਹਾਦਸਾ ਹੋਇਆ। ਜਾਣਕਾਰੀ ਮੁਤਾਬਕ ਟਰਾਲੀ ਵਿਚ ਪਏ ਬੰਬਾਂ 'ਤੇ ਅੱਗ ਡਿਗਣ ਕਾਰਨ ਇਹ ਧਮਾਕਾ ਹੋਇਆ। ਧਮਾਕਾ ਐਨਾ ਭਿਆਨਕ ਸੀ ਕਿ ਟਰਾਲੀ ਦੇ ਪਰਖੱਚੇ ਉੱਡ ਗਏ। ਇਸ ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਸਿੰਘ (18 ਸਾਲ), ਗੁਰਪ੍ਰੀਤ ਸਿੰਘ (12 ਸਾਲ) ਵਜੋਂ ਹੋਈ ਹੈ ਜਦਕਿ ਇਕ ਦੀ ਪਛਾਣ ਬਾਰੇ ਅਜੇ ਜਾਣਕਾਰੀ ਨਹੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, "ਤਰਨਤਾਰਨ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਹੋਏ ਪਟਾਖਿਆਂ ਕਰਕੇ ਧਮਾਕੇ ਦਾ ਗਹਿਰਾ ਦੁੱਖ ਹੈ ਜਿਸ ਵਿੱਚ 2 ਦੀ ਮੌਤ ਹੋ ਗਈ ਹੈ ਤੇ 19 ਜ਼ਖਮੀ ਹੋ ਗਏ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਜ਼ਖਮੀਆਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਇਸ ਘਟਨਾ ਲਈ ਅਸੀਂ ਤਰਨਤਾਰਨ ਦੇ ਐਸਡੀਐਮ ਨੂੰ ਪੂਰਣ ਤੌਰ ‘ਤੇ ਕਮਾਨ ਸੰਭਾਲਣ ਲਈ ਕਿਹਾ ਹੈ।" 

ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤੱਕ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਪਟਾਕਿਆਂ ਨੂੰ ਅੱਗ ਲੱਗਣ ਕਾਰਣ ਵਾਪਰੇ ਹਾਦਸੇ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਤੇ ਦੁੱਖ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਗਰ ਕੀਰਤਨਾਂ ਵਿੱਚ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ ਦੀ ਸਲਾਹ ਦਿੱਤੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਹਾਦਸਾ ਅਤਿ ਮੰਦਭਾਗਾ ਹੈ ਜਿਸ ਵਿੱਚ ਮੀਡੀਆ ਦੀਆਂ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਦੋ ਵਿਅਕਤੀਆਂ ਦੇ ਅਕਾਲ ਚਲਾਣੇ ਅਤੇ ਦਰਜਨ ਦੇ ਕਰੀਬ ਦੇ ਜਖਮੀ ਹੋਣ ਦੀ ਖਬਰ ਹੈ।ਉਨਾਂ ਕਿਹਾ ਕਿ ਜਿੱਥੇ ਉਹ ਮ੍ਰਿਤਕ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਨ ਉੱਥੇ ਜਖਮੀਆਂ ਦੇ ਜਲਦ ਤੰਦਰੁਸਤੀ ਦੀ ਕਾਮਨਾ ਕਰਦੇ ਹਨ।

ਸਿੰਘ ਸਾਹਿਬ ਨੇ ਇਸ ਮੌਕੇ ਕਿਹਾ ਕਿ ਇਸ ਘਟਨਾ ਤੋਂ ਸਬਕ ਲੈਂਦਿਆਂ ਚਾਹੀਦਾ ਇਹ ਹੈਕਿ ਨਗਰ ਕੀਰਤਨਾਂ ਵਿੱਚ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਜਿੱਥੇ ਵੱਡੀ ਮਾਤਰਾ ਵਿੱਚ ਪਟਾਕਿਆਂ ਨਾਲ ਅਜਿਹੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ।

ਇਸ ਦੁਖਦਾਈ ਘਟਨਾ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਜਤਾਇਆ ਹੈ ਤੇ ਉਹਨਾਂ ਕਿਹਾ ਕਿ ਹਾਦਸੇ ਦੇ ਪੀੜਤਾਂ ਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰਾਨ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ।