ਜਦੋਂ ਮੈਂ ਟੂਣੇ ਵਾਲਾ ਲੱਡੂ ਖਾਧਾ

ਜਦੋਂ ਮੈਂ ਟੂਣੇ ਵਾਲਾ ਲੱਡੂ ਖਾਧਾ

 ਤਰਕਵਾਦ   

 ਮਨਿੰਦਰ ਭਾਟੀਆ

ਭਾਰਤ ਪਾਕਿ ਦੀ ਵੰਡ ਤੋਂ ਬਾਅਦ ਮੇਰੇ ਮਾਤਾ ਪਿਤਾ ਕਾਦੀਆਂ ਆ ਗਏ। ਇਹ ਜ਼ਿਲ੍ਹਾ ਗੁਰਦਾਸਪੁਰ ਦਾ ਆਖਰੀ ਕਸਬਾ ਹੈ। ਅੰਮ੍ਰਿਤਸਰ ਤੋਂ ਰੇਲਵੇ ਲਾਈਨ ਆ ਕੇ ਕਾਦੀਆਂ ਖ਼ਤਮ ਹੋ ਜਾਂਦੀ ਹੈ। ਮੇਰਾ ਜਨਮ ਇੱਥੇ ਹੀ ਉੰਨੀ ਸੌ ਅਠਵੰਜਾ ਵਿੱਚ ਹੋਇਆ। ਅਸੀਂ 1962 ਤਕ ਇੱਥੇ ਰਹੇ ਅਤੇ ਉਸ ਬਾਅਦ ਅਸੀਂ ਪਟਿਆਲੇ ਜਾਣ ਦਾ ਫ਼ੈਸਲਾ ਕਰ ਲਿਆ। ਪਟਿਆਲੇ ਜਾਣ ਦਾ ਫ਼ੈਸਲਾ ਇਸ ਕਰਕੇ ਕੀਤਾ ਕਿਉਂਕਿ ਪਟਿਆਲੇ ਮੇਰੇ ਨਾਨਕੇ ਸਨ।ਅਸੀਂ 1962 ਵਿੱਚ ਕਾਦੀਆਂ ਤੋਂ ਪਟਿਆਲੇ ਆ ਕੇ ਰਹਿਣ ਲੱਗ ਪਏ। ਮੇਰੇ ਨਾਨਕਾ ਪਰਿਵਾਰ ਸਾਰਾ ਪੜ੍ਹਿਆ ਲਿਖਿਆ ਸੀ। ਸਾਡੇ ਮਾਤਾ ਜੀ ਨੂੰ ਬਹੁਤ ਸ਼ੌਕ ਸੀ ਕਿ ਉਨ੍ਹਾਂ ਦੇ ਬੱਚੇ ਪੜ੍ਹੇ ਲਿਖੇ ਹੋਣ ਅਤੇ ਪਟਿਆਲੇ ਜਾਣ ਤੋਂ ਬਾਅਦ ਇਹ ਗੱਲ ਸੱਚ ਵੀ ਹੋ ਗਈ। ਸਾਡੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਸਾਡੇ ਦਾਦਕੇ ਪਰਿਵਾਰ ਦੇ ਪਹਿਲੇ ਸਨ ਜਿਨ੍ਹਾਂ ਨੇ ਦਸਵੀਂ ਪਾਸ ਕੀਤੀ। ਸਾਡੀ ਮਾਂ ਸਾਨੂੰ ਮਾਸੀ ਕੋਲ ਛੱਡ ਕੇ ਵਾਪਸ ਕਾਦੀਆਂ ਚਲੀ ਗਈ ਕਿਉਂਕਿ ਉੱਥੇ ਸਾਡੇ ਦਾਦੀ ਜੀ ਬਿਮਾਰ ਸਨ। ਸਾਡੀ ਛੋਟੀ ਭੈਣ ਨੋਨੀ ਅਜੇ ਕੁਝ ਮਹੀਨਿਆਂ ਦੀ ਹੀ ਸੀ ਜੋ ਮਾਤਾ ਦੇ ਕੋਲ ਹੀ ਸੀ। ਮੈਂ, ਮੇਰੇ ਵੱਡੇ ਵੀਰ ਅਵਤਾਰ ਅਤੇ ਵੱਡੇ ਭੈਣ ਜੀ ਅੰਮ੍ਰਿਤ ਪਟਿਆਲੇ ਭਗਤੀ ਮਾਸੀ ਜੋ ਮਾਤਾ ਤੋਂ ਵੱਡੇ ਸਨ, ਕੋਲ ਰਹਿੰਦੇ ਸਾਂ। ਇਹ ਮਾਸੀ ਜੀ ਅਰੋੜਿਆਂ ਦੇ ਮਹੱਲੇ ਕਿਰਾਏ ’ਤੇ ਰਹਿੰਦੇ ਸਨ ਅਤੇ ਸਾਡੇ ਮਾਸੜ ਜੀ ਸਰਦਾਰ ਹਰਨਾਮ ਸਿੰਘ ਜੀ ਦੀ ਨੌਕਰੀ ਆਯੂਰਵੈਦਿਕ ਮਹਿਕਮੇ ਵਿੱਚ ਸੀ। ਉੱਥੇ ਹੀ ਮੈਂਨੂੰ ਮਹੱਲੇ ਦੇ ਇੱਕ ਸਕੂਲ ਵਿੱਚ ਦਾਖਲ ਕਰਵਾਇਆ ਗਿਆ।ਸਕੂਲ ਵਿੱਚ ਇੱਕ ਬੜਾ ਹੀ ਦਿਲਚਸਪ ਕਿੱਸਾ ਮੇਰੇ ਨਾਲ ਹੋਇਆ। ਜਦੋਂ ਸਕੂਲ ਵਿੱਚ ਪਿਤਾ ਦਾ ਨਾਂ ਪੁੱਛਿਆ ਗਿਆ ਤਾਂ ਮੈਂ ਸਰਦਾਰ ਹਰਨਾਮ ਸਿੰਘ ਲਿਖਾ ਦਿੱਤਾ, ਕਿਉਂਕਿ ਸਾਰੇ ਬੱਚੇ ਉਨ੍ਹਾਂ ਨੂੰ ਪਿਤਾ ਜੀ ਕਹਿੰਦੇ ਸਨ। ਮੇਰੀ ਇਸ ਗੱਲ ’ਤੇ ਸਾਰੇ ਹੀ ਬੜੇ ਹੱਸੇ। ਜਦੋਂ ਮਾਤਾ ਜੀ ਕਾਦੀਆਂ ਤੋਂ ਆ ਗਏ ਤਾਂ ਅਸੀਂ ਅਜੀਤ ਨਗਰ ਸਾਡੇ ਵੱਡੇ ਮਾਮਾ ਜੀ ਡਾ. ਜੀਤ ਸਿੰਘ ਸੀਤਲ, ਜੋ ਭਾਸ਼ਾ ਵਿਭਾਗ ਵਿੱਚ ਡਾਇਰੈਕਟਰ ਸਨ, ਦੇ ਨੇੜੇ ਮਕਾਨ ਕਿਰਾਏ ’ਤੇ ਲੈ ਕੇ ਰਹਿਣ ਲੱਗੇ। ਮੇਰੇ ਮਾਮਾ ਜੀ ਸਾਈਕਲ ’ਤੇ ਹੀ ਦਫਤਰ ਜਾਂਦੇ ਸਨ ਅਤੇ ਸ਼ਾਮ ਨੂੰ ਜਦੋਂ ਦਫਤਰ ਤੋਂ ਵਾਪਸ ਆਉਂਦੇ ਸਨ ਤਾਂ ਉਨ੍ਹਾਂ ਦੇ ਸਾਈਕਲ ਦੀ ਟੋਕਰੀ ਵਿੱਚ ਮੂੰਗਫਲੀ ਪਾਈ ਹੁੰਦੀ ਸੀ। ਉਹ ਸਾਈਕਲ ਦੀ ਘੰਟੀ ਵਜਾਉਂਦੇ ਆਉਂਦੇ ਅਤੇ ਅਸੀਂ ਸਾਰੇ ਬੱਚੇ ਉਨ੍ਹਾਂ ਕੋਲ ਇਕੱਠੇ ਹੋ ਜਾਂਦੇ।

 

ਮੈਂਨੂੰ ਫ਼ੌਜੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਮੈਂਨੂੰ ਯਾਦ ਹੈ ਕਿ ਸਾਨੂੰ ਸਾਰਿਆਂ ਨੂੰ ਸਕੂਲ ਤੋਂ ਇੱਕੋ ਜਿਹੇ ਬਸਤੇ ਮਿਲੇ ਸਨ। ਮੇਰੇ ਭੈਣ ਜੀ, ਜੋ ਸਿਲਾਈ ਕਢਾਈ ਜਾਣਦੇ ਸਨ ਉਨ੍ਹਾਂ ਨੇ ਮੇਰੇ ਬਸਤੇ ਤੇ ਮੇਰਾ ਨਾਂ ਕਢਾਈ ਕਰ ਦਿੱਤਾ ਤੇ ਸਕੂਲ ਵਿੱਚ ਪ੍ਰਿੰਸੀਪਲ ਨੇ ਉਹ ਬਸਤਾ ਸਵੇਰ ਦੀ ਸਭਾ ਵਿੱਚ ਸਾਰੇ ਬੱਚਿਆਂ ਨੂੰ ਦਿਖਾਇਆ। ਸਾਡੇ ਮਾਤਾ ਜੀ ਬੜੇ ਧਾਰਮਿਕ ਖਿਆਲਾਂ ਦੇ ਸਨ। ਉਨ੍ਹਾਂ ਨੇ ਅਜੀਤ ਨਗਰ ਵਿੱਚ ਹੀ ਬੀਬੀਆਂ ਦਾ ਇੱਕ ਜਥਾ ਬਣਾ ਲਿਆ ਜੋ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾਠ ਕਰਦਾ ਸੀ ਅਤੇ ਉੱਥੋਂ ਮਿਲਣ ਵਾਲੀ ਮਾਇਆ ਨਾਲ ਮਹੱਲੇ ਵਿੱਚ ਇੱਕ ਗੁਰਦੁਆਰਾ ਬਣਾਇਆ ਜਾ ਰਿਹਾ ਸੀ। ਹਰੇਕ ਗੁਰਪੁਰਬ ਤੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ।ਉੱਨੀ ਸੌ ਛਿਆਹਠ ਵਿੱਚ ਜਦੋਂ ਅਸੀਂ ਕਾਲਕਾ ਜਾਣ ਲੱਗੇ ਤਾਂ ਸਾਰੀਆਂ ਬੀਬੀਆਂ ਬਹੁਤ ਹੀ ਉਦਾਸ ਹੋ ਗਈਆਂ ਸਨ।। ਮੇਰੇ ਵੱਡੇ ਵੀਰ ਜੀ ਅਵਤਾਰ ਢੁਡਿਆਲ ਖਾਲਸਾ ਸਕੂਲ ਅਤੇ ਵੱਡੇ ਭੈਣ ਜੀ ਅੰਮ੍ਰਿਤ ਕੌਰ ਮਹਿੰਦਰਾ ਕੰਨਿਆ ਮਹਾਂਵਿਦਿਆਲਾ ਸਕੂਲ ਵਿੱਚ ਪੜ੍ਹਦੇ ਸਨ। ਫਿਰ ਅਸੀਂ ਸੰਤ ਨਗਰ ਕਿਰਾਏ ’ਤੇ ਚਲੇ ਗਏ। ਜਦੋਂ ਸਾਰੇ ਮਾਮੇ ਤੇ ਮਾਸੀਆਂ ਇਕੱਠੇ ਹੁੰਦੇ ਸਨ ਤਾਂ ਸਾਡੀ ਇੱਕ ਹੋਰ ਮਾਸੀ ਨਿੰਨ੍ਹੀ ਅਤੇ ਮਾਸੜ ਜੀ ਡਾ. ਕਿਰਪਾਲ ਸਿੰਘ ਕੋਮਲ, ਜੋ ਦੋਨੋਂ ਹੀ ਬਣੇ ਮਜ਼ਾਕੀਆ ਸੁਭਾਅ ਦੇ ਸਨ, ਆਪਣੀਆਂ ਗੱਲਾਂ ਨਾਲ ਸਾਡੇ ਢਿੱਡੀਂ ਪੀੜਾਂ ਪਾ ਦਿੰਦੇ ਸਨ। 1965 ਦੀ ਭਾਰਤ ਪਾਕਿਸਤਾਨ ਦੀ ਲੜਾਈ ਜਦੋਂ ਲੱਗੀ ਉਸਦੀ ਮੈਂਨੂੰ ਸੰਭਾਲ ਹੈ। ਉਸ ਵੇਲੇ ਬਲੈਕਆਊਟ ਹੋ ਜਾਂਦੀ ਸੀ ਤੇ ਅਕਸਰ ਜਹਾਜ਼ ਉੱਤੋਂ ਦੀ ਬੜੇ ਨੇੜਿਉਂ ਲੰਘਦੇ ਸਨ। ਰਾਤ ਦੀ ਰੋਟੀ ਜਲਦੀ ਬਣ ਜਾਂਦੀ ਸੀ ਤੇ ਅਸੀਂ ਖਾ ਕੇ ਕਿੰਨੀ ਦੇਰ ਤਕ ਬਾਹਰ ਮੰਜਿਆਂ ’ਤੇ ਬੈਠੇ ਰਹਿੰਦੇ। ਕਈ ਵਾਰੀ ਤਾਂ ਘਰ ਦੇ ਪਿਛਲੇ ਪਾਸੇ ਖਾਲੀ ਥਾਂ ’ਤੇ ਬਣਾਏ ਹੋਏ ਮੋਰਚਿਆਂ ਵਿੱਚ ਲੁਕ ਜਾਂਦੇ। ਉਨ੍ਹਾਂ ਦਿਨਾਂ ਵਿੱਚ ਫ਼ੌਜ ਦੇ ਰਾਜੂ ਨਿਸ਼ਾਨਚੀ ਦਾ ਨਾਂ ਬਹੁਤ ਮਸ਼ਹੂਰ ਸੀ, ਜੋ ਪਾਕਿਸਤਾਨ ਦੇ ਜਹਾਜ਼ ਨੂੰ ਸੁੱਕਾ ਨਹੀਂ ਸੀ ਜਾਣ ਦੇਂਦਾ ਤੇ ਫੁੰਡ ਲੈਂਦਾ ਸੀ।

ਮੇਰਾ ਸਕੂਲ ਸਾਡੇ ਘਰ ਤੋਂ ਬਹੁਤ ਦੂਰ ਸੀ। ਸਕੂਲ ਦੇ ਰਾਹ ਵਿੱਚ ਉਜਾੜ ਜਿਹਾ ਇਲਾਕਾ ਸੀ। ਉਸ ਵੇਲੇ ਮੈਂ ਸਕੂਲ ਪਹੁੰਚਣ ਤੋਂ ਪਹਿਲਾਂ ਰਾਹ ਵਿੱਚ ਕਈ ਜਗ੍ਹਾ ਰੁਕਦਾ ਹੁੰਦਾ ਸੀ। ਮੈਂਨੂੰ ਭੁੱਖ ਵੀ ਬੜੀ ਲਗਦੀ ਸੀ। ਮੈਂਨੂੰ ਅੱਧੀ ਛੁੱਟੀ ਲਈ ਦਿੱਤੀ ਗਈ ਰੋਟੀ ਮੈਂ ਸਕੂਲ ਜਾਂਦੇ ਜਾਂਦੇ ਸਵੇਰੇ ਹੀ ਖਾ ਲੈਂਦਾ ਸਾਂ। ਮੈਂਨੂੰ ਵੱਡੇ ਹੋਣ ’ਤੇ ਇਹ ਦੱਸਿਆ ਗਿਆ ਕਿ ਮੈਂ ਬਹੁਤ ਹੀ ਸ਼ਰਾਰਤੀ ਹੁੰਦਾ ਸੀ। ਇੱਕ ਵਾਰੀ ਮੈਂ ਤੇ ਮੇਰੇ ਵੱਡੇ ਵੀਰ ਜੀ ਸਕੂਲ ਜਾ ਰਹੇ ਸਾਂ ਤਾਂ ਇੱਕ ਚੌਕ ਵਿੱਚੋਂ ਵੀਰ ਜੀ ਆਪਣੇ ਸਕੂਲ ਵੱਲ ਚਲੇ ਗਏ ਤੇ ਮੈਂ ਉਨ੍ਹਾਂ ਦੇ ਜਾਣ ਤੋਂ ਬਾਅਦ ਥੋੜ੍ਹੀ ਜਿਹਾ ਅੱਗੇ ਜਾ ਕੇ ਫਿਰ ਪਿੱਛੇ ਮੁੜ ਆਇਆ, ਕਿਉਂਕਿ ਚੌਕ ਦੇ ਕੋਲ ਕਿਸੇ ਨੇ ਇੱਕ ਡੂਨੇ ਦੇ ਵਿੱਚ ਲੱਡੂ ਅਤੇ ਹੋਰ ਖਾਣ ਦਾ ਸਾਮਾਨ ਪਾ ਕੇ ਰੱਖਿਆ ਹੋਇਆ ਸੀ ਜੋ ਮੈਂ ਉੱਥੋਂ ਲੰਘਦਿਆਂ ਹੋਏ ਦੇਖ ਲਿਆ ਸੀ। ਮੈਂ ਡੂਨਾ ਚੁੱਕਿਆ ਤੇ ਸਭ ਕੁਝ ਖਾ ਗਿਆ। ਮੈਂਨੂੰ ਇਸ ਤਰ੍ਹਾਂ ਕਰਦੇ ਨੂੰ ਵੀਰ ਜੀ ਨੇ ਪਿੱਛੇ ਮੁੜ ਕੇ ਦੇਖ ਲਿਆ। ਉਨ੍ਹਾਂ ਨੇ ਸਕੂਲ ਜਾ ਕੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੇਰੇ ਵੀਰ ਜੀ ਨੂੰ ਕਿਹਾ ਕਿ ਹੁਣ ਤਕ ਤਾਂ ਤੇਰਾ ਭਰਾ ਮਰ ਗਿਆ ਹੋਵੇਗਾ, ਕਿਉਂਕਿ ਉਹ ਕਿਸੇ ਨੇ ਟੂਣਾ ਕੀਤਾ ਹੋਇਆ ਸੀ ਤੇ ਟੂਣਾ ਖਾਣ ਵਾਲਾ ਬਚਦਾ ਨਹੀਂ। ਦੁਪਹਿਰ ਤੋਂ ਬਾਅਦ ਜਦੋਂ ਉਹ ਸਕੂਲੋਂ ਵਾਪਸ ਘਰ ਆਏ ਤਾਂ ਆਉਂਦਿਆਂ ਉਨ੍ਹਾਂ ਨੇ ਮੈਂਨੂੰ ਦੇਖਿਆ ਤੇ ਪੁੱਛਿਆ ਕਿ ਤੂੰ ਠੀਕ ਹੈਂ? ਜਦੋਂ ਮੈਂ ਕਿਹਾ ਠੀਕ ਹਾਂ, ਤਾਂ ਉਨ੍ਹਾਂ ਦੇ ਸਾਹ ਵਿੱਚ ਸਾਹ ਆਇਆ। ਉਸ ਦਿਨ ਤੋਂ ਵੀਰ ਜੀ ਦਾ ਵਹਿਮਾਂ ਭਰਮਾਂ ਤੋਂ ਵਿਸ਼ਵਾਸ ਉੱਠ ਗਿਆ।