ਭਾਜਪਾ ਲੋਕ ਸਭਾ ਚੋਣਾਂ 'ਚ ਰਾਮ ਮੰਦਰ ਨੂੰ  ਅਹਿਮ ਮੁੱਦੇ ਵਜੋਂ ਉਭਾਰੇਗੀ 

ਭਾਜਪਾ ਲੋਕ ਸਭਾ ਚੋਣਾਂ 'ਚ ਰਾਮ ਮੰਦਰ ਨੂੰ  ਅਹਿਮ ਮੁੱਦੇ ਵਜੋਂ ਉਭਾਰੇਗੀ 

ਲੋਕ ਸਭਾ ਸੀਟਾਂ ਦੀ ਵੰਡ ਲਈ ਭਾਜਪਾ ਕਲਸਟਰ ਬੈਠਕਾਂ' 15 ਜਨਵਰੀ ਤੋਂ ਬਾਅਦ ਸ਼ੁਰੂ ਕਰੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ-ਲੋਕ ਸਭਾ ਦੀਆਂ ਤਿਆਰੀਆਂ 'ਚ ਰੁੱਝੀ ਭਾਜਪਾ ਆਪਣੀ ਪ੍ਰਚਾਰ ਮੁਹਿੰਮ 'ਚ ਰਾਮ ਮੰਦਰ ਨੂੰ ਵੱਡੇ ਮੁੱਦੇ ਵਜੋਂ ਉਭਾਰੇਗੀ ।ਰਾਮ ਮੰਦਰ ਪ੍ਰੋਗਰਾਮ ਨੂੰ ਲੈ ਕੇ 1 ਜਨਵਰੀ ਤੋਂ ਪੂਰੇ ਦੇਸ਼ ਭਰ 'ਚ ਪ੍ਰੋਗਰਾਮ ਕੀਤੇ ਜਾਣਗੇ, ਜਿਸ ਲਈ ਤਕਰੀਬਨ 10 ਕਰੋੜ ਪਰਿਵਾਰਾਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਜਾਵੇਗਾ ।ਇਸ ਪ੍ਰਚਾਰ ਦੌਰਾਨ ਆਰ.ਐੱਸ.ਐੱਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਰਲ ਕੇ ਇਸ ਸਾਲ ਨਵੇਂ ਵੋਟਰਾਂ ਨੂੰ ਜੋੜੇਗੀ ਅਤੇ ਵਿਰੋਧੀ ਧਿਰਾਂ ਵਲੋਂ ਪਾਈਆਂ ਰੁਕਾਵਟਾਂ ਨੂੰ ਵੀ ਜਨਤਾ 'ਚ ਲੈ ਕੇ ਜਾਵੇਗੀ । ਉਕਤ ਰਣਨੀਤੀ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਦੋ ਦਿਨਾ ਬੈਠਕ 'ਚ ਤਿਆਰ ਕੀਤੀ ਗਈ, ਜਿਸ ਦੀ ਅਗਵਾਈ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਤੇ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤੀ ਗਈ ।ਤਿੰਨ ਰਾਜਾਂ 'ਚ ਜਿੱਤ ਤੋਂ ਉਤਸ਼ਾਹਿਤ ਭਾਜਪਾ ਨੇ ਦੋ ਦਿਨਾ ਬੈਠਕ 'ਚ ਨੇਤਾਵਾਂ ਨੂੰ 2019 ਤੋਂ ਵੱਡੀ ਜਿੱਤ ਹਾਸਿਲ ਕਰਨ ਅਤੇ ਵੋਟ ਫ਼ੀਸਦੀ 10 ਫ਼ੀਸਦੀ ਵਧਾਉਣ ਦੀ ਦਿਸ਼ਾ 'ਚ ਕੰਮ ਕਰਨ ਦਾ ਟੀਚਾ ਦਿੱਤਾ ।2019 'ਚ ਭਾਜਪਾ ਨੂੰ 22.9 ਕਰੋੜ ਵੋਟ ਮਿਲੇ ਸਨ, ਜੋ ਕਿ 37 ਫ਼ੀਸਦੀ ਤੋਂ ਵੱਧ ਸਨ ਜਦਕਿ ਪੂਰੇ ਐੱਨ.ਡੀ.ਏ. ਗੱਠਜੋੜ ਨੂੰ 45 ਫ਼ੀਸਦੀ ਵੋਟ ਮਿਲੇ ਸਨ । ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਨੇ ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਚ 35 ਕਰੋੜ ਵੋਟਾਂ ਹਾਸਿਲ ਕਰਨ ਦਾ ਟੀਚਾ ਦਿੱਤਾ ਹੈ ਅਤੇ 350 ਸੀਟਾਂ ਦੇ ਟੀਚੇ 'ਤੇ ਵੀ ਕੰਮ ਕਰਨ ਨੂੰ ਕਿਹਾ ਹੈ । ਭਾਜਪਾ ਨੇ 2019 'ਚ 303 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ।ਬੈਠਕ ਦੇ ਪਹਿਲੇ ਦਿਨ ਮੋਦੀ ਨੇ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਤੱਕ ਪਹੁੰਚ ਵਧਾਉਣ ਲਈ ਇਨ੍ਹਾਂ ਸਭ ਨੂੰ ਵੱਧ ਤੋਂ ਵੱਧ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਜੋੜਨ ਨੂੰ ਕਿਹਾ ਸੀ । ਬੈਠਕ ਦੌਰਾਨ ਰਾਮ ਮੰਦਰ ਨੂੰ ਲੈ ਕੇ ਇਕ ਵੱਖਰਾ ਸੈਸ਼ਨ ਹੋਇਆ ।ਰਾਮ ਮੰਦਰ ਨਾਲ ਜੁੜੀ ਇਕ ਕਿਤਾਬ ਵੀ ਤਿਆਰ ਕੀਤੀ ਜਾਵੇਗੀ, ਜੋ ਜਨਤਾ ਤੱਕ ਪਹੁੰਚਾਈ ਜਾਵੇਗੀ ।1 ਜਨਵਰੀ ਤੋਂ ਪਾਰਟੀ ਕਾਰਜਕਰਤਾ ਹਰ ਇਕ ਪਿੰਡ ਜਾ ਕੇ ਮੰਦਰਾਂ 'ਚ ਪ੍ਰੋਗਰਾਮ ਕਰਵਾਉਣ ਅਤੇ ਦੀਪ ਜਗਾਉਣ ਜਿਹੇ ਪ੍ਰੋਗਰਾਮਾਂ ਨਾਲ ਜੁੜਨਗੇ । ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੀਆਂ ਲੋਕ ਸਭਾ ਸੀਟਾਂ ਨੂੰ 'ਕਲਸਟਰ' 'ਚ ਵੰਡ ਕੇ 'ਕਲਸਟਰ ਬੈਠਕਾਂ' ਕਰਵਾਉਣ ਦੀ ਸਲਾਹ ਦਿੱਤੀ ।ਇਨ੍ਹਾਂ ਬੈਠਕਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ । ਇਹ 'ਕਲਸਟਰ ਬੈਠਕਾਂ' 15 ਜਨਵਰੀ ਤੋਂ ਬਾਅਦ ਸ਼ੁਰੂ ਹੋਣਗੀਆਂ | ਇਸ ਤੋਂ ਇਲਾਵਾ ਦੇਸ਼ ਭਰ 'ਚ ਸਮਾਜਿਕ ਸੰਮੇਲਨ ਵੀ ਕਰਵਾਏ ਜਾਣਗੇ | ਪਾਰਟੀ ਨਵੇਂ ਵੋਟਰਾਂ ਨੂੰ ਜੋੜਨ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗੀ | ਪਾਰਟੀ ਦਾ ਯੁਵਾ ਮੋਰਚਾ 24 ਜਨਵਰੀ ਤੋਂ ਦੇਸ਼ ਭਰ 'ਚ ਵਿਧਾਨ ਸਭਾ ਪੱਧਰ 'ਤੇ 'ਨਵ ਮਤਦਾਤਾ' ਭਾਵ ਨਵੇਂ ਵੋਟਰ ਸੰਮੇਲਨ ਕਰਵਾਏਗੀ | ਅਜਿਹੇ ਤਕਰੀਬਨ ਪੰਜ ਹਜ਼ਾਰ ਸੰਮੇਲਨ ਕਰਵਾਏ ਜਾਣਗੇ |

ਰਾਮ ਮੰਦਰ 'ਤੇ ਬਿਖਰੀ ਵਿਰੋਧੀ ਧਿਰ

ਇਸ ਮਹੀਨੇ ਦੇ ਅਖ਼ੀਰ 'ਚ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ 'ਇੰਡੀਆ' ਗੱਠਜੋੜ 'ਚ ਸ਼ਾਮਿਲ ਪਾਰਟੀਆਂ ਦੀ ਵੱਖੋ-ਵੱਖਰੀ ਰਾਏ ਹੈ ਕਿ 22 ਜਨਵਰੀ ਨੂੰ ਉਨ੍ਹਾਂ ਨੇ ਉਦਘਾਟਨੀ ਸਮਾਰੋਹ 'ਚ ਸ਼ਾਮਿਲ ਹੋਣਾ ਹੈ ਜਾਂ ਨਹੀਂ? ਸੀ.ਪੀ.ਆਈ. (ਐਮ.) ਨੇ ਇਹ ਕਹਿੰਦਿਆਂ ਸੱਦਾ ਅਸਵਿਕਾਰ ਕਰ ਦਿੱਤਾ ਕਿ ਧਰਮ ਇਕ ਨਿੱਜੀ ਪਸੰਦ ਹੈ, ਜਿਸ ਨੂੰ ਸਿਆਸੀ ਲਾਭ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਇਸ ਲਈ ਅਸੀਂ ਸਮਾਰੋਹ 'ਚ ਸ਼ਾਮਿਲ ਨਹੀਂ ਹੋਵਾਂਗੇ। ਕਾਂਗਰਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਰਟੀ ਇਸ ਸੰਬੰਧੀ ਬਾਅਦ 'ਚ ਫ਼ੈਸਲਾ ਕਰ ਸਕਦੀ ਹੈ। ਸੀਨੀਅਰ ਨੇਤਾ ਦਿਗਵਿਜੈ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਇਸ ਮਾਮਲੇ 'ਤੇ ਕਾਫ਼ੀ ਸਾਕਾਰਾਤਮਿਕ ਹਨ। ਉਨ੍ਹਾਂ ਵਲੋਂ ਇਕ ਪ੍ਰਤੀਨਿਧੀ ਮੰਡਲ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ ਇਸ ਨੂੰ ਲੈ ਕੇ ਕੇਰਲ ਵਿਚ ਕਾਂਗਰਸ ਦੀ ਸਹਿਯੋਗੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐੱਲ.) ਨੇ ਕਾਂਗਰਸ ਨੂੰ ਇਸ ਸਮਾਗਮ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ ਹੈ। ਓਧਰ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਊਧਵ ਠਾਕਰੇ ਨੂੰ ਸੱਦਾ ਨਹੀਂ ਦਿੱਤਾ ਗਿਆ, ਜਿਸ ਦਾ ਖ਼ਾਮਿਆਜ਼ਾ ਭਾਜਪਾ ਨੂੰ ਹੁਣ ਨਹੀਂ ਤਾਂ ਬਾਅਦ 'ਚ ਜ਼ਰੂਰ ਭੁਗਤਣਾ ਪਵੇਗਾ। ਰਾਮ ਮੰਦਰ ਟਰੱਸਟ ਵਲੋਂ ਊਧਵ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸੱਦਾ ਦਿੱਤੇ ਜਾਣ ਦੀ ਸੰਭਾਵਨਾ ਹੈ। ਸਮਾਜਵਾਦੀ ਪਾਰਟੀ ਦੀ ਨੇਤਾ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਭਾਵੇਂ ਭਾਜਪਾ ਉਨ੍ਹਾਂ ਨੂੰ ਸੱਦਾ ਭੇਜੇ ਜਾਂ ਨਾ, ਉਹ ਭਗਵਾਨ ਰਾਮ ਦੇ ਦਰਸ਼ਨ ਜ਼ਰੂਰ ਕਰਨ ਜਾਵੇਗੀ। ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਕਈ ਰੁਝੇਵੇਂ ਹਨ।