ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਵਿੱਚ ਜੰਗ ਰੋਕਣ ਲਈ ਤਿਆਰ, ਮੈਸੇਂਜਰ ਰਾਹੀਂ ਗੁਪਤ ਸੰਦੇਸ਼ ਭੇਜਿਆ

ਰੂਸੀ ਰਾਸ਼ਟਰਪਤੀ ਪੁਤਿਨ ਯੂਕਰੇਨ ਵਿੱਚ ਜੰਗ ਰੋਕਣ ਲਈ ਤਿਆਰ, ਮੈਸੇਂਜਰ ਰਾਹੀਂ ਗੁਪਤ ਸੰਦੇਸ਼ ਭੇਜਿਆ

ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿਚ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਯੂਕਰੇਨ ਵਿੱਚ ਜੰਗ ਨੂੰ ਲੈ ਕੇ ਰੂਸ ਦੇ ਟੀਚਿਆਂ ਨੂੰ ਨਹੀਂ ਬਦਲਿਆ ਹੈ। ਅਸੀਂ ਲੜਾਈ ਜਾਰੀ ਰੱਖਾਂਗੇ ਅਤੇ ਜੋ ਸਾਡਾ ਹੈ, ਉਸ ਨੂੰ ਨਹੀਂ ਛੱਡਾਂਗੇ। ਜਨਤਕ ਤੌਰ 'ਤੇ, ਪੁਤਿਨ ਯੂਕਰੇਨ 'ਤੇ ਹਮਲਾਵਰ  ਦਿਖ ਰਹੇ  ਹਨ, ਪਰ ਬੈਕ-ਚੈਨਲ ਕੂਟਨੀਤੀ ਦੁਆਰਾ, ਉਹ ਇੱਕ ਵੱਖਰਾ ਸੰਦੇਸ਼ ਦੇ ਰਹੇ ਹਨ। ਉਹ ਯੂਕਰੇਨ ਵਿੱਚ ਜੰਗਬੰਦੀ ਸੌਦਾ ਕਰਨ ਲਈ ਤਿਆਰ ਹੈ। ਪੁਤਿਨ ਸਤੰਬਰ ਤੋਂ ਵਿਚੋਲੇ ਰਾਹੀਂ ਸੰਕੇਤ ਦੇ ਰਹੇ ਹਨ ਕਿ ਉਹ ਜੰਗਬੰਦੀ ਚਾਹੁੰਦੇ ਹਨ। ਜਿਸ ਤਹਿਤ ਵਰਤਮਾਨ ਵਿਚ ਜੋ ਮੌਜੂਦਾ ਸਰਹੱਦਾਂ ਹਨ,ਉਨ੍ਹਾਂ ਲਾਈਨਾਂ ਦੇ ਨਾਲ  ਲੜਾਈ ਨੂੰ ਰੋਕ ਦਿਤਾ ਜਾਵੇ।

ਨਿਊਯਾਰਕ ਟਾਈਮਜ਼ ਨੇ ਇਹ ਦਾਅਵਾ ਦੋ ਸਾਬਕਾ ਸੀਨੀਅਰ ਰੂਸੀ ਅਧਿਕਾਰੀਆਂ ਅਤੇ ਕ੍ਰੇਮਲਿਨ ਅਤੇ ਅਮਰੀਕਾ ਦੇ ਕਰੀਬੀ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕੀਤਾ ਹੈ। ਰਿਪੋਰਟ ਮੁਤਾਬਕ ਇਨ੍ਹਾਂ ਦੋਵਾਂ ਅੰਤਰਰਾਸ਼ਟਰੀ ਅਧਿਕਾਰੀਆਂ ਨੂੰ ਪੁਤਿਨ ਦੇ ਸੰਦੇਸ਼ਵਾਹਕਾਂ ਤੋਂ ਇਹ ਸੰਦੇਸ਼ ਮਿਲਿਆ ਹੈ। ਜਿਸ ਵਿੱਚ ਜੰਗਬੰਦੀ ਦੀ ਇੱਛਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਨੇ ਇੱਕ ਸਾਲ ਪਹਿਲਾਂ ਸੰਦੇਸ਼ ਭੇਜ ਕੇ 2022 ਦੇ ਅੰਤ ਤੱਕ ਜੰਗਬੰਦੀ ਸਮਝੌਤੇ ਦੀ ਮੰਗ ਕੀਤੀ ਸੀ। ਪੁਤਿਨ ਨੇ ਇਕ ਵਾਰ ਫਿਰ ਸੰਕੇਤ ਦਿੱਤਾ ਕਿ ਉਹ ਰੂਸ ਦੇ ਕਬਜ਼ੇ ਵਾਲੇ ਖੇਤਰ ਤੋਂ ਸੰਤੁਸ਼ਟ ਹਨ ਅਤੇ ਜੰਗਬੰਦੀ ਲਈ ਤਿਆਰ ਹਨ।

ਰਿਪੋਰਟ 'ਚ ਕਬਜ਼ੇ ਵਾਲੇ ਇਲਾਕਿਆਂ 'ਤੇ ਗੱਲਬਾਤ ਦਾ ਕੋਈ ਜ਼ਿਕਰ ਨਹੀਂ ਹੈ

ਰਿਪੋਰਟ ਵਿੱਚ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਜੇਕਰ ਜੰਗਬੰਦੀ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਕੀ ਕਬਜ਼ਾ ਕੀਤੇ ਗਏ ਖੇਤਰ ਵਾਪਸ ਕੀਤੇ ਜਾਣਗੇ ਜਾਂ ਨਹੀਂ। ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪੁਤਿਨ ਆਪਣਾ ਮਨ ਬਦਲ ਸਕਦੇ ਹਨ। ਇਸ ਜੰਗ ਵਿੱਚ ਯੂਕਰੇਨ ਨੂੰ ਅਮਰੀਕਾ ਤੋਂ ਲਗਾਤਾਰ ਮਦਦ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਯੂਕਰੇਨ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਹੁਣ ਅਮਰੀਕਾ ਵਿੱਚ ਵੀ ਜੰਗਬੰਦੀ ਦੀ ਗੱਲ ਉੱਠ ਰਹੀ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਲਗਾਤਾਰ ਫੰਡ ਦਿੱਤੇ ਜਾਣ 'ਤੇ ਕਈ ਸੰਸਥਾਵਾਂ ਅਤੇ ਆਮ ਲੋਕ ਇਤਰਾਜ਼ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਲਗਭਗ ਦੋ ਸਾਲ ਹੋ ਚੁੱਕੇ ਹਨ। ਫਰਵਰੀ 2022 ਵਿੱਚ, ਰੂਸ ਨੇ ਗੁਆਂਢੀ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਸ ਸਮੇਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਜੰਗ ਜ਼ਿਆਦਾ ਦੇਰ ਨਹੀਂ ਚੱਲੇਗੀ ਅਤੇ ਜਲਦੀ ਹੀ ਰੂਸੀ ਫੌਜ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਕਰ ਲਵੇਗੀ। ਇਸ ਦੇ ਉਲਟ, ਯੂਕਰੇਨ ਲਗਾਤਾਰ ਰੂਸ ਨਾਲ ਲੜਦਾ ਰਿਹਾ ਹੈ ਅਤੇ ਲਗਾਤਾਰ ਟਾਕਰਾ ਕਰਦਾ ਰਿਹਾ ਹੈ। ਕਰੀਬ ਦੋ ਸਾਲਾਂ ਤੋਂ ਚੱਲੀ ਆ ਰਹੀ ਜੰਗ ਅਜੇ ਵੀ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ।