ਦੁਨੀਆ ਵਿਚ ਵਧਿਆ ਤੀਜੇ ਵਿਸ਼ਵ ਯੁੱਧ ਦਾ ਖਤਰਾ

ਦੁਨੀਆ ਵਿਚ ਵਧਿਆ ਤੀਜੇ ਵਿਸ਼ਵ ਯੁੱਧ ਦਾ ਖਤਰਾ

*ਨਾਟੋ ਸੰਮੇਲਨ ਤੋਂ ਡਰੇ ਪੁਤਿਨ ਦੇ ਸਹਿਯੋਗੀ ਦਮਿਤਰੀ ਮੇਦਵੇਦੇਵ ਨੇ ਪੱਛਮੀ ਦੇਸ਼ਾਂ ਨੂੰ ਤੀਜੇ ਵਿਸ਼ਵ ਯੁੱਧ ਦੀ ਦਿੱਤੀ ਚੇਤਾਵਨੀ  

*ਰੂਸ, ਈਰਾਨ ਅਤੇ ਸੀਰੀਆ ਦੀ ਨੇੜਤਾ ਕਾਰਨ ਤਣਾਅ ਵਿਚ ਅਮਰੀਕਾ, ਖਾੜੀ ਵਿਚ ਤਾਇਨਾਤ ਕਰੇਗਾ ਘਾਤਕ ਐਫ 16 ਲੜਾਕੂ ਜਹਾਜ਼

*ਭਾਰਤ ਤੇ ਰੂਸ ਵਿਚ ਪੈਦਾ ਹੋਈਆਂ ਦੂਰੀਆਂ , ਇਸਲਾਮੀ ਜਿਹਾਦ ਭਾਰਤ ਲਈ ਸਭ ਤੋਂ ਵੱਡਾ ਖੱਤਰਾ

ਨਾਟੋ ਸਿਖਰ ਸੰਮੇਲਨ ਵਿੱਚ ਯੂਕਰੇਨ ਲਈ ਇੱਕ ਸੁਰੱਖਿਆ ਪੈਕੇਜ ਉੱਤੇ ਹਸਤਾਖਰ ਕੀਤੇ ਗਏ। ਇਸ ਦੇ ਮੱਦੇਨਜ਼ਰ ਪੁਤਿਨ ਦੇ ਸਹਿਯੋਗੀ ਦਮਿਤਰੀ ਮੇਦਵੇਦੇਵ ਨੇ ਧਮਕੀ ਦਿੱਤੀ ਹੈ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਦੇ ਨੇੜੇ ਜਾ ਰਹੀ ਹੈ। ਕ੍ਰੇਮਲਿਨ ਦੀ ਸ਼ਕਤੀਸ਼ਾਲੀ ਸੁਰੱਖਿਆ ਪ੍ਰੀਸ਼ਦ ਦੇ ਉਪ ਸਕੱਤਰ ਮੇਦਵੇਦੇਵ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਹਾਇਤਾ ਰੂਸ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕੇਗੀ। ਲਿਥੁਆਨੀਆ ਵਿੱਚ ਨਾਟੋ ਸਿਖਰ ਸੰਮੇਲਨ ਦੇ ਖਤਮ ਹੋਣ ਤੋਂ ਪਹਿਲੇ ਦਿਨ , ਮੇਦਵੇਦੇਵ ਨੇ ਕਿਹਾ, 'ਪੂਰੀ ਤਰ੍ਹਾਂ ਨਾਲ ਪਾਗਲ ਪੱਛਮ ਹੋਰ ਕੁਝ ਨਹੀਂ ਸੋਚ ਸਕਦਾ ਸੀ। ਇਹ ਇੱਕ ਡੈਡ ਐਂਡ ਹੈ ,ਕਿਉਂਕਿ ਤੀਜਾ ਵਿਸ਼ਵ ਯੁੱਧ ਨੇੜੇ ਹੈ।ਵਿਸ਼ੇਸ਼ ਫੌਜੀ ਕਾਰਵਾਈ ਆਪਣੇ ਟੀਚਿਆਂ ਨਾਲ ਜਾਰੀ ਰਹੇਗੀ। 

ਬੀਤੇ ਦਿਨੀਂ ਜੀ-7 ਦੇਸ਼ਾਂ ਬ੍ਰਿਟੇਨ, ਅਮਰੀਕਾ, ਜਾਪਾਨ, ਕੈਨੇਡਾ, ਫਰਾਂਸ, ਜਰਮਨੀ ਅਤੇ ਇਟਲੀ ਨੇ ਨਾਟੋ ਸੰਮੇਲਨ ਦੇ ਮੌਕੇ 'ਤੇ ਸਾਂਝੇ ਘੋਸ਼ਣਾ ਪੱਤਰ 'ਤੇ ਹਸਤਾਖਰ ਕੀਤੇ ਅਤੇ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀ, ਤੋਪਖਾਨੇ, ਬਖਤਰਬੰਦ ਵਾਹਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਇਸ ਦੌਰਾਨ ਹੀ ਬ੍ਰਿਟੇਨ ਯੂਕਰੇਨੀ ਪਾਇਲਟਾਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਦੇਵੇਗਾ।ਬ੍ਰਿਟੇਨ ਦਾ ਕਹਿਣਾ ਸੀ ਕਿ ਅਸੀਂ ਯੂਕਰੇਨ ਦੇ ਨਾਲ ਖੜੇ ਰਹਾਂਗੇ ਕਿਉਂਕਿ ਇਹ ਰੂਸੀ ਹਮਲੇ ਦੇ ਵਿਰੁੱਧ ਅਸੀਂ ਯੂਕਰੇਨ ਦਾ ਬਚਾਅ ਕਰਾਂਗੇ।" ਇਸ ਤੋਂ ਇਲਾਵਾ ਜੀ-7 ਨੇ ਯੂਕਰੇਨ ਦੇ ਰੱਖਿਆ ਉਦਯੋਗ ਅਤੇ ਸਾਈਬਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਵੀ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਜੀ-7 ਦੇਸ਼ਾਂ ਨੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ।

ਪ੍ਰਮਾਣੂ ਯੁੱਧ ਦੀ ਧਮਕੀ

ਦੂਜੇ ਪਾਸੇ ਮੇਦਵੇਦੇਵ ਨੇ ਲਗਾਤਾਰ ਵਧਦੇ ਯੁੱਧ ਦੇ ਵਿਚਾਲੇ ਵਾਰ-ਵਾਰ ਪ੍ਰਮਾਣੂ ਯੁੱਧ ਦੀ ਧਮਕੀ ਦਿੱਤੀ। ਇੱਕ ਹਫ਼ਤਾ ਪਹਿਲਾਂ, ਉਸ ਨੇ ਚੇਤਾਵਨੀ ਦਿੱਤੀ ਸੀ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਦੇ ਕੰਢੇ 'ਤੇ ਹੈ ਅਤੇ ਪ੍ਰਮਾਣੂ ਯੁੱਧ ਦਾ ਖ਼ਤਰਾ ਵਧ ਰਿਹਾ ਹੈ। ਪੱਛਮੀ ਦੇਸ਼ ਇਸ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜ਼ੋਰ ਦੇ ਕੇ ਕਿਹਾ ਕਿ ਯੂਕਰੇਨ ਨੂੰ ਸਹਾਇਤਾ ਦੇਣ ਦੇ ਬਹੁਤ ਮਾੜੇ ਨਤੀਜੇ ਹੋਣਗੇ। ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਰੂਸ ਦੀ ਸੁਰੱਖਿਆ ਦੇ ਖਿਲਾਫ ਮੰਨਿਆ ਜਾਵੇਗਾ।ਰੂਸ ਦਾ ਕਹਿਣਾ ਹੈ ਕਿ ਇੰਗਲੈਂਡ ,ਜਰਮਨੀ ,ਫਰਾਂਸ ਸਾਡੇ ਨਿਸ਼ਾਨੇ ਉਪਰ ਹੈ।

 ਈਰਾਨ, ਰੂਸ ਤੇ ਸੀਰੀਆ ਵਿਚਾਲੇ ਵਧਦੀ ਨੇੜਤਾ ਕਾਰਣ ਅਮਰੀਕਾ ਚਿੰਤਤ

 ਅਮਰੀਕਾ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਸਟ੍ਰੇਟ ਦੇ ਆਲੇ-ਦੁਆਲੇ ਆਪਣੇ ਲੜਾਕੂ ਜਹਾਜ਼ਾਂ ਦੀ ਵਰਤੋਂ ਨੂੰ ਵਧਾ ਰਿਹਾ ਹੈ ਤਾਂ ਜੋ ਜਹਾਜ਼ਾਂ ਨੂੰ ਈਰਾਨ ਦੁਆਰਾ ਜ਼ਬਤ ਕੀਤੇ ਜਾਣ ਤੋਂ ਬਚਾਇਆ ਜਾ ਸਕੇ। ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਮੱਧ ਪੂਰਬ ਵਿਚ ਈਰਾਨ, ਰੂਸ ਅਤੇ ਸੀਰੀਆ ਵਿਚਾਲੇ ਵਧਦੇ ਸਬੰਧਾਂ ਨੂੰ ਲੈ ਕੇ ਚਿੰਤਤ ਹੈ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਸ ਹਫਤੇ ਦੇ ਅੰਤ ਦੌਰਾਨ ਖਾੜੀ ਖੇਤਰ ਵਿਚ ਐੱਫ-16 ਲੜਾਕੂ ਜਹਾਜ਼ ਭੇਜੇਗਾ।

ਇਹ ਕਦਮ ਅਮਰੀਕਾ ਨੇ ਉਦੋਂ ਉਠਾਇਆ ਜਦੋਂ ਈਰਾਨ ਨੇ ਪਿਛਲੇ ਹਫ਼ਤੇ ਜਲਡਮਰੂ ਮੱਧ ਦੇ ਨੇੜੇ ਦੋ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਿੱਚੋਂ ਇੱਕ 'ਤੇ ਗੋਲੀਬਾਰੀ ਕੀਤੀ ਗਈ। ਰੱਖਿਆ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਐੱਫ-16 ਲੜਾਕੂ ਜਹਾਜ਼ ਜਲਡਮਰੂ ਮੱਧ ਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਹਵਾਈ ਸੁਰੱਖਿਆ ਪ੍ਰਦਾਨ ਕਰਨਗੇ। ਅਮਰੀਕੀ ਜਲ ਸੈਨਾ ਮੁਤਾਬਕ ਦੋਵਾਂ ਮਾਮਲਿਆਂ ਵਿਚ ਅਮਰੀਕੀ ਜਲ ਸੈਨਾ ਦੇ ਪ੍ਰਤੀਕਰਮ ਤੋਂ ਬਾਅਦ ਈਰਾਨੀ ਜਲ ਸੈਨਾ ਦੇ ਜਹਾਜ਼ ਵਾਪਸ ਪਰਤ ਗਏ ਅਤੇ ਦੋਵੇਂ ਵਪਾਰਕ ਅਮਰੀਕੀ ਜਹਾਜ਼ਾਂ ਨੇ ਆਪਣੀ ਯਾਤਰਾ ਜਾਰੀ ਰੱਖੀ।

ਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਸੀਰੀਆ 'ਤੇ ਰੂਸ ਦੇ ਵਧੇ ਹੋਏ ਹਵਾਈ ਹਮਲਿਆਂ ਦਾ ਮੁਕਾਬਲਾ ਕਰਨ ਲਈ ਕਈ ਫੌਜੀ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਉਸਨੇ ਇਸ ਨੀਤੀ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਅਮਰੀਕਾ ਕੋਈ ਵੀ ਖੇਤਰ ਨਹੀਂ ਛੱਡੇਗਾ ਅਤੇ ਇਸਦੇ ਜਹਾਜ਼ ਇਸਲਾਮਿਕ ਰਾਜ (ਆਈਐਸ) ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਦੇ ਪੱਛਮੀ ਹਿੱਸੇ ਉੱਤੇ ਉਡਾਣ ਜਾਰੀ ਰੱਖਣਗੇ।