ਅਮਰੀਕਾ ਵਿੱਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਨਸਲੀ ਅਪਰਾਧਾਂ ਦੇ ਸ਼ਿਕਾਰ

ਅਮਰੀਕਾ ਵਿੱਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਿੱਖ ਨਸਲੀ ਅਪਰਾਧਾਂ ਦੇ ਸ਼ਿਕਾਰ

 *ਅਮਰੀਕਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪਿਛਲੇ ਸਾਲ  ਐਫਬੀਆਈ ਨੂੰ ਕੁੱਲ 7,120 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਸੀ

 

ਦੁਨੀਆਂ ਵਿਚ ਭਰ ਵਿਚ ਅੱਤਵਾਦ ਤੋਂ ਵੀ ਵੱਡਾ ਖ਼ਤਰਾ ਰੰਗਭੇਦ ਭਾਵ ਨਸਲੀ ਹਿੰਸਾ ਬਣਦੀ ਜਾ ਰਹੀ ਹੈ ।ਅਮਰੀਕਾ ਵਰਗਾ ਤਾਕਤਵਰ ਦੇਸ਼ ਨਸਲੀ ਹਿੰਸਾ ਦੀ ਰੁਝਾਨ ਤੋਂ ਖੁਦ ਨੂੰ ਉਭਾਰ ਨਹੀਂ ਸਕਿਆ ।ਅਮਰੀਕਾ ਵਿਚ ਰੰਗਭੇਦ ਨੀਤੀ ਦਾ ਇਤਿਹਾਸ ਪੁਰਾਣਾ ਹੈ ਜਿਸਦੀ ਵਜ੍ਹਾ ਨਾਲ ਉੱਥੇ ਗੋਰਿਆਂ ਅਤੇ ਕਾਲਿਆਂ ਵਿਚ 200 ਸਾਲਾਂ ਤੱਕ ਸੰਘਰਸ਼ ਹੋਇਆ ਸੀ। ਹਾਲਾਂਕਿ ਇਹ ਸਥਿਤੀ ਅੱਜ ਬਦਲ ਗਈ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ ।ਸਿਖਾਂ ਉਪਰ ਨਸਲੀ ਹਿੰਸਾ ਗਾਹੇ ਬਗਾਹੇ ਹੁੰਦੀ ਰਹੀ ਹੈ। ਅਮਰੀਕਾ ਸਰਕਾਰ ਇਸ ਤਰ੍ਹਾਂ ਦੀਆਂ ਹਰਕਤਾਂ ‘ਤੇ ਲਗਾਮ ਲਾਉਣ ਵਿਚ ਨਾਕਾਮ ਸਾਬਿਤ ਹੋਈ ਹੈ। ਅਮਰੀਕਾ ਵਿਚ ਸਿਖਾਂ ਤੇ ਮੁਸਲਮਾਨਾਂ ਵਿਰੁਧ ਨਸਲੀ ਹਿੰਸਾ ਦੀ ਮੂਲ ਵਜ੍ਹਾ ਧਾਰਮਿਕ ਪਹਿਰਾਵਾ ਤੇ ਅਲੱਗ ਪਛਾਣ ਹੈ ।ਅਮਰੀਕਾ ਵਿਚ ਪੱਗ ਦੇਖ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ।ਉੱਥੇ ਕਾਫ਼ੀ ਜ਼ਿਆਦਾ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ ।ਇਹ ਧਾਰਮਿਕ ਅੱਤਵਾਦ ਦਾ ਸਭ ਤੋਂ ਘਟੀਆ ਨਫ਼ਰਤ ਭਰਿਆ ਰੂਪ ਹੈ।

ਹੁਣੇ ਜਿਹੇ ਐਫਬੀਆਈ ਦੁਆਰਾ ਜਾਰੀ ਸਾਲਾਨਾ ਰਿਪੋਰਟ ਅਨੁਸਾਰ, 2018 ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦੀਆਂ ਤਕਰੀਬਨ 60 ਘਟਨਾਵਾਂ ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਰਿਪੋਰਟ ਕੀਤੀਆਂ ਗਈਆਂ ਸਨ। ਇਸ ਰਿਪੋਟ ਅਨੁਸਾਰ  ਮੁਸਲਮਾਨਾਂ ਤੋਂ ਬਾਅਦ ਸਿਖ ਭਾਈਚਾਰਾ ਅਮਰੀਕਾ ਵਿੱਚ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਧਾਰਮਿਕ ਭਾਈਚਾਰਾ ਬਣ ਗਿਆ ਹੈ। 

ਅਮਰੀਕਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪਿਛਲੇ ਸਾਲ  ਐਫਬੀਆਈ ਨੂੰ ਕੁੱਲ 7,120 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਗਈ ਸੀ, ਜੋ ਕਿ 2017 ਵਿੱਚ 7,175 ਤੋਂ ਥੋੜ੍ਹਾ ਘੱਟ ਹੈ। ਐਫਬੀਆਈ ਦੀ 2017 ਦੀ ਰਿਪੋਟ ਅਨੁਸਾਰ  8,496 ਨਫਰਤੀ ਅਪਰਾਧ ਹੋਏ ਸਨ।ਧਰਮ ਦੇ ਆਧਾਰ 'ਤੇ ਨਫ਼ਰਤੀ ਅਪਰਾਧਾਂ ਸੰਬੰਧੀ ਸਭ ਤੋਂ ਵੱਡੀ ਗਿਣਤੀ ਯਹੂਦੀਆਂ (835), ਮੁਸਲਮਾਨਾਂ (188) ਅਤੇ ਸਿੱਖਾਂ (60) ਦੀ ਦਰਜ ਕੀਤੀ ਗਈ ਸੀ। ਐਫਬੀਆਈ ਦੀ ਰਿਪੋਰਟ ਅਨੁਸਾਰ, ਹੋਰ ਧਰਮਾਂ ਦੇ ਖਿਲਾਫ 91 ਨਫ਼ਰਤੀ ਅਪਰਾਧ ਦਰਜ ਕੀਤੇ ਗਏ,ਜਿਨ੍ਹਾਂ ਵਿੱਚ ਹਿੰਦੂਆਂ ਵਿਰੁੱਧ 12 ਅਤੇ ਬੋਧੀਆਂ ਵਿਰੁੱਧ 10 ਸ਼ਾਮਲ ਸਨ।ਨਸਲੀ ਆਧਾਰ 'ਤੇ 4,047 ਨਫ਼ਰਤੀ ਅਪਰਾਧਾਂ ਵਿੱਚੋਂ, ਸਭ ਤੋਂ ਵੱਧ 1,943 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਕਾਲੇ ਜਾਂ ਅਫ਼ਰੀਕੀ ਅਮਰੀਕੀਆਂ ਵਿਰੁੱਧ ਸਨ, ਇਸ ਤੋਂ ਬਾਅਦ ਗੋਰੇ-ਵਿਰੋਧੀ (762) ਅਤੇ ਐਂਟੀ-ਹਿਸਪੈਨਿਕ ਜਾਂ ਲਾਤੀਨੀ (485) ਦੇ ਵਿਰੁੱਧ ਸਨ।

ਐਫਬੀਆਈ ਨੇ 2018 ਵਿੱਚ ਏਸ਼ੀਅਨਾਂ ਵਿਰੁੱਧ 148 ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ, ਜਦੋਂ ਕਿ ਅਰਬਾਂ ਦੇ ਖਿਲਾਫ 82, ਅਮਰੀਕੀ ਵਿਰੋਧੀ ਭਾਰਤੀਆਂ ਜਾਂ ਅਲਾਸਕਾ ਮੂਲ ਦੇ ਲੋਕਾਂ ਵਿਰੁੱਧ 194 ਸੀ।

ਸਿੱਖ ਕੁਲੀਸ਼ਨ ਨੇ  ਕਿਹਾ ਕਿ ਇਹ "ਨਿਰਾਸ਼ਾਜਨਕ" ਹੈ ਕਿ ਸੰਯੁਕਤ ਰਾਜ ਵਿੱਚ ਨਫ਼ਰਤੀ ਅਪਰਾਧ ਯੋਜਨਾਬੱਧ ਢੰਗ ਨਾਲ "ਘੱਟ ਰਿਪੋਰਟ ਕੀਤੇ ਗਏ" ਹਨ।

ਫੈਡਰਲ ਬਿਊਰੋ ਆਫ਼ ਜਸਟਿਸ ਸਟੈਟਿਸਟਿਕਸ ਦੇ ਅਨੁਸਾਰ, ਅਮਰੀਕਨਾਂ ਨੂੰ ਪ੍ਰਤੀ ਸਾਲ ਔਸਤਨ 250,000 ਨਫ਼ਰਤੀ ਅਪਰਾਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਦੇ ਉਲਟ, ਇਹ ਤਾਜ਼ਾ ਐਫਬੀਆਈ ਡੇਟਾ, ਸਿਰਫ 7,120 ਘਟਨਾਵਾਂ ਨੂੰ ਦਸਤਾਵੇਜ਼ ਬਣਾਉਣ ਵਿੱਚ ਕਾਮਯਾਬ ਰਿਹਾ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ, "ਹਾਲਾਂਕਿ ਨਫ਼ਰਤੀ ਅਪਰਾਧ ਰਾਸ਼ਟਰੀ ਪੱਧਰ 'ਤੇ ਮੁਕਾਬਲਤਨ ਸਥਿਰ ਰਹੇ, 2017 ਤੋਂ ਸਿੱਖ-ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ 200 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ, ਜਿਸ ਨਾਲ ਸਿਖ ਭਾਈਚਾਰਾ ਡੇਟਾਸੈਟ ਵਿੱਚ ਤੀਜਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਧਾਰਮਿਕ ਸਮੂਹ ਬਣ ਗਿਆ," 

ਸਿਖ ਕੁਲੀਸ਼ਨ ਦੇ ਪਾਲਿਸੀ ਐਂਡ ਐਡਵੋਕੇਸੀ ਦੇ ਸੀਨੀਅਰ  ਪ੍ਰਬੰਧਕ ਸਿਮ ਜੇ ਨੇ ਕਿਹਾ ਕਿ, ਇਹ ਡੇਟਾ ਸਾਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ ਹੈ ਜੋ ਸਾਨੂੰ ਨਿਸ਼ਾਨਾ ਬਣੇ ਭਾਈਚਾਰਿਆਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਵਿਰੁਧ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਜਰੂਰੀ ਹੈ, 

ਸਰਕਾਰ ਨੂੰ ਅਗਲੀ ਪੀੜ੍ਹੀ ਦਾ ਆਮ ਸੂਝ ਵਾਲਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਜੋ ਨਫ਼ਰਤ ਦੀਆਂ ਘਟਨਾਵਾਂ ਦੀ ਬਿਹਤਰ ਪਛਾਣ ਅਤੇ ਟਰੈਕ ਕਰਨ ਲਈ ਕਾਨੂੰਨ ਬਣਾਵੇ। ਇਹ ਨਫਰਤੀ ਹਿੰਸਾ ਆਧੁਨਿਕ ਸੱਭਿਅਤਾ ਲਈ ਇਹ ਕਿਸੇ ਕਲੰਕ ਤੋਂ ਘੱਟ ਨਹੀਂ ਹੈ ।ਅਮਰੀਕਾ ਜੋ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਕੁਲੀਨ ਦੇਸ਼ ਹੋਣ ‘ਤੇ ਮਾਣ ਕਰਦਾ ਹੈ ਉਸ ਦੇਸ਼ ਵਿਚ ਜੇਕਰ ਧਰਮ, ਰੰਗ ਅਤੇ ਪਹਿਰਾਵੇ ਦੇ ਆਧਾਰ ‘ਤੇ ਹਿੰਸਾ ਹੋਵੇ ਤਾਂ ਇਹ ਸਭਿਅਕ ਵਰਤਾਰਾ ਨਹੀਂ ਹੈ ।ਹੈਰਾਨੀ ਇਹ ਵੀ ਹੈ ਕਿ ਬਹੁਤ ਸਾਰੇ ਸਿੱਖ ਆਗੂ ਤੇ ਜਥੇਬੰਦੀਆਂ ਆਪਣੇ ਬਾਰੇ ਇਹੋ ਪ੍ਰਚਾਰ ਕਰ ਰਹੀਆਂ ਹਨ ਕਿ ਉਹ ਮੁਸਲਮਾਨ ਨਹੀਂ ਹਨ, ਉਨ੍ਹਾਂ ਉਤੇ ਮੁਸਲਮਾਨਾਂ ਦੇ ਭੁਲੇਖੇ ਹਮਲਾ ਕਰਨਾ ਗ਼ਲਤ ਹੈ। ਕੀ ਮੁਸਲਮਾਨਾਂ ਨਾਲ ਹੁੰਦਾ ਧੱਕਾ ਜਾਂ ਵਿਤਕਰਾ ਫਿਰ ਜਾਇਜ਼ ਹੈ? ਸਿੱਖਾਂ ਨੂੰ ਸਿੱਖ ਸਿਧਾਂਤਾਂ ਮੁਤਾਬਿਕ ਹਰ ਕਿਸੇ ਨਾਲ ਹੁੰਦੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਖਿਲਾਫ਼ ਡਟਣਾ ਚਾਹੀਦਾ ਹੈ।ਅਮਰੀਕਾ ਵਿਚ 60 ਫੀਸਦੀ ਤੋਂ ਜ਼ਿਆਦਾ ਅਪਰਾਧ ਧਾਰਮਿਕ ਪਹਿਚਾਣ ਬਣਾਈ ਰੱਖਣ ਦੀ ਵਜ੍ਹਾ ਨਾਲ ਹੁੰਦੇ ਹਨ।। ਜੇਕਰ ਸਮਾਂ ਰਹਿੰਦੇ ਇਸ ‘ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਇਹ ਸਥਿਤੀ ਬੇਹੱਦ ਭਿਆਨਕ ਹੋਵੇਗੀ ਜਿਸਦਾ ਨਤੀਜਾ ਹੋਵੇਗਾ ਕਿ ਹੁਣ ਅਸੀਂ ਜਿਹਾਦੀ ਅੱਤਵਾਦ ਨਾਲ ਲੜ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਵਿਚ ਅਮਰੀਕਾ ਨੂੰ ਨਸਲੀ ਅੱਤਵਾਦ ਨਾਲ ਮੁਕਾਬਲਾ ਕਰਨਾ ਪਵੇਗਾ, ਕਿਉਂਕਿ ਇਹ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਅਤੇ ਸ਼ਾਂਤੀ ਲਹੀ ਵੀ ਵੱਡਾ ਖ਼ਤਰਾ ਬਣੇਗਾ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ