ਸ੍ਰੋਮਣੀ ਅਕਾਲੀ ਦਲ ਵਿਚ ਨਿਘਾਰ ਆਉਣ ਕਾਰਨ ਸੁਖਬੀਰ ਦੀ ਪ੍ਰਧਾਨਗੀ ਲਈ ਖਤਰਾ ਵਧਿਆ

ਸ੍ਰੋਮਣੀ ਅਕਾਲੀ ਦਲ ਵਿਚ ਨਿਘਾਰ ਆਉਣ ਕਾਰਨ ਸੁਖਬੀਰ ਦੀ ਪ੍ਰਧਾਨਗੀ ਲਈ ਖਤਰਾ ਵਧਿਆ

ਅਕਾਲੀ ਦਲ ਦੀਆਂ ਇਸਤਰੀ ਆਗੂਆਂ ਦੀ ਬਗਾਵਤ ਨੇ ਸੁਖਬੀਰ ਦੀਆਂ ਵਧਾਈਆਂ ਚੁਣੌਤੀਆਂ

*ਸੁਖਦੇਵ ਸਿੰਘ ਢੀਂਡਸਾ ਅਕਾਲੀ ਤੇ ਪੰਥਕ ਆਗੂਆਂ ਨਾਲ ਬਾਦਲ ਪਰਿਵਾਰ ਵਿਰੁਧ ਮੀਟਿੰਗਾਂ ਕਰਨ ਲਗੇ

* ਢੀਂਡਸਾ ਦੀ ਮਦਦ ਮੋਦੀ ਸਰਕਾਰ ਕਰਨ ਲੱਗੀ 

ਸ਼੍ਰੋਮਣੀ ਅਕਾਲੀ ਦਲ ਲਈ ਅੰਦਰੂਨੀ ਅਤੇ ਬਾਹਰੀ ਸੰਕਟ ਵਧਣ ਕਾਰਨ ਭਵਿੱਖ ਵਿਚ ਚੁਣੌਤੀਆਂ ਵੱਡੀਆਂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਇਸਤਰੀ ਵਿੰਗ ਦੀ ਨਵੀਂ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਸਮੁੱਚਾ ਇਸਤਰੀ ਵਿੰਗ ਬਾਗੀ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਪਰ ਬੀਬੀਆਂ ਬਾਗੀ ਮੂਡ ਵਿਚ ਹਨ।ਬੀਬੀ ਕਿਰਨਜੋਤ ਕੌਰ ਮੈਂਬਰ ਸ੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਵਿਚ ਜਮਹੂਰੀਅਤ ਤੇ ਬਦਲਾਅ ਦੀ ਲੋੜ ਹੈ।ਸਿਖ ਪੰਥ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਸ੍ਰੋਮਣੀ ਅਕਾਲੀ ਦਲ ਦਾ ਉਭਾਰ ਨਹੀਂ ਹੋ ਸਕਦਾ।

 ਇਸ ਤੋਂ ਇਲਾਵਾ ਕੌਮੀ ਪੱਧਰ ’ਤੇ ਕਿਸੇ ਵੀ ਵੱਡੇ ਗੱਠਜੋੜ ਨਾਲ ਅਕਾਲੀ ਦਲ ਦੀ ਸਾਂਝ ਭਿਆਲੀ ਨਹੀਂ ਪੈ ਰਹੀ। ਸੂਬੇ ਵਿੱਚ ਪੌਣੇ ਤਿੰਨ ਦਹਾਕਿਆਂ ਦੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੌਮੀ ਸਿਆਸਤ ਵਿੱਚ ਪੂਰੀ ਤਰ੍ਹਾਂ ਬੇਅਸਰ ਦਿਖਾਈ ਦੇ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਤੋਂ ਬਾਅਦ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਨੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਰੁੱਸੇ ਭਾਈਵਾਲਾਂ ਨੂੰ ਮਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਅਕਾਲੀ ਆਗੂਆਂ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ ਕਿ 1996 ਤੋਂ ਸਾਲ 2020 ਤੱਕ ਐਨਡੀਏ ਦਾ ਭਾਈਵਾਲ ਰਹਿਣ ਤੋਂ ਬਾਅਦ ਇੱਕ ਵਾਰੀ ਮੁੜ ਗਿਲੇ ਸ਼ਿਕਵੇ ਭੁਲਾ ਕੇ ਭਾਜਪਾ ਆਗੂ ਅਕਾਲੀਆਂ ਨੂੰ ਨਾਲ ਰਲ਼ਾ ਲੈਣਗੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜਿਸ ਤਰ੍ਹਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਨਜ਼ਰਅੰਦਾਜ਼ ਕੀਤਾ ਹੈ, ਉਸ ਤੋਂ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਅਕਾਲੀਆਂ ਕੋਲ ਬਸਪਾ ਨਾਲ ਸਿਆਸੀ ਸਾਂਝ ਬਰਕਰਾਰ ਰੱਖਣ ਤੋਂ ਬਾਅਦ ਕੋਈ ਚਾਰਾ ਬਾਕੀ ਨਹੀਂ ਬਚਿਆ। 

 ਟਕਸਾਲੀ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਭਾਜਪਾ ਹਾਈਕਮਾਂਡ ਸੁਖਬੀਰ ਸਿੰਘ ਬਾਦਲ ਦੀ ਥਾਂ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚਾਹੁੰਦੀ ਹੈ।ਇਸ ਕਰਕੇ ਭਾਜਪਾ ਤੇ ਬਾਦਲ ਦਲ ਦਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਅਖੀਰ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਗੱਠਜੋੜ ਸਬੰਧੀ ਚਰਚਾ ਨੂੰ ਅਫਵਾਹ ਦਸਣਾ ਪਿਆ। ਟਕਸਾਲੀ ਆਗੂ ਜਥੇਦਾਰ ਭੌਰ ਦਾ ਕਹਿਣਾ ਸੀ ਕਿ ਭਾਜਪਾ ਤੇ ਆਪ ਦੋਵੇਂ ਸੁਖਬੀਰ ਬਾਦਲ ਦੀ ਸਿਆਸਤ ਲਈ ਖਤਰਾ ਬਣੇ ਹੋਏ ਹਨ।ਉਨ੍ਹਾਂ ਦੀ ਨੀਤੀ ਸ੍ਰੋਮਣੀ ਕਮੇਟੀ ਉਪਰ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਦੀ ਹੈ।ਭੌਰ ਦਾ ਕਹਿਣਾ ਹੈ ਕਿ ਖਾਲਸਾ ਪੰਥ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ।ਸ੍ਰੋਮਣੀ ਕਮੇਟੀ ਉਪਰ ਸਰਕਾਰੀ ਕਬਜ਼ਾ ਨਹੀਂ ਹੋਣ ਦੇਣਾ ਚਾਹੀਦਾ।ਸਾਨੂੰ ਅਕਾਲੀ ਦਲ ਦਾ ਪੰਥਕ ਸਰੂਪ ਉਸਾਰਨ ਦੀ ਲੋੜ ਹੈ।

 ਸ਼੍ਰੋਮਣੀ ਕਮੇਟੀ ਉਪਰ ਕਬਜਾ ਕਰਨ ਦੀਆਂ ਸਾਜਿਸ਼ਾਂ ਬਾਰੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪੁਸ਼ਟੀ ਕੀਤੀ ਹੈ। ਧਾਮੀ ਨੇ ਕਿਹਾ ਕਿ ਹੁਣ ਆਪ ਸਰਕਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵਿਰੁੱਧ ਖੜਣ ਲਈ ਪੈਸਿਆਂ ਦਾ ਲਾਲਚ ਦੇ ਰਹੀ ਹੈ, ਜਿਸ ਨੂੰ ਮੈਂਬਰਾਂ ਨੇ ਇਨਕਾਰ ਵੀ ਕੀਤਾ ਹੈ ਤੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਪੈਸਿਆਂ ਦੇ ਨਾਲ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਮੁਚੇ ਪੰਥ ਨੂੰ ਡਟਕੇ ਸ੍ਰੋਮਣੀ ਕਮੇਟੀ ਦੇ ਹੱਕ ਵਿਚ ਖਲੋਣਾ ਚਾਹੀਦਾ ਹੈ।ਨਵੰਬਰ ਤਕ ਸ੍ਰੋਮਣੀ ਕਮੇਟੀ ਪੰਥ ਲਈ ਖਤਰਨਾਕ ਸਮਾਂ ਹੈ।ਸੁਚੇਤ ਹੋਣ ਦੀ ਲੋੜ ਹੈ।ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸਰਕਾਰ ਨੇ ਯੂਨੀਅਨ ਬਣਾ ਕੇ ਦਿੱਤੀ ਹੈ, ਇਕ ਕੋਈ ਫੈਕਟਰੀ ਜਾਂ ਫਰਮ ਨਹੀਂ ਹੈ, ਇਥੋਂ ਦੇ ਮੁਲਾਜ਼ਮਾਂ ਨੂੰ ਸੰਗਤ ਦੇ ਦਸਵੰਧ ਚੜ੍ਹਾਵੇ ਦੀ ਮਾਇਆ ਵਿਚੋਂ ਸੇਵਾ ਫਲ ਤਨਖਾਹ ਦਿੱਤੀ ਜਾਂਦੀ ਹੈ। ਧਾਮੀ ਨੇ ਮੁਲਾਜ਼ਮਾਂ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਯੂਨੀਅਨ ਰੱਦ ਕਰ ਦਿਉ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਹੀਂ ਤਾਂ ਇਸ ਵਿਚ ਸ਼ਾਮਲ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ।