ਯੋਗੀ ਕਾਰਣ ਯੂਪੀ ਵਿਚ ਭਾਜਪਾ ਨਿਘਾਰ ਵਲ

ਯੋਗੀ ਕਾਰਣ ਯੂਪੀ ਵਿਚ ਭਾਜਪਾ ਨਿਘਾਰ ਵਲ

ਸਿਆਸੀ ਮਸਲਾ

ਉੱਤਰ ਪ੍ਰਦੇਸ਼ ਦੀ ਰਾਜਨੀਤੀ ਹਮੇਸ਼ਾ ਤੋਂ ਆਕਾਰ ਵਿਚ ਵੱਡੀ ਅਤੇ ਢਾਂਚੇ ਵਿਚ ਪੇਚੀਦਾ ਅਤੇ ਅਸਥਿਰ ਰਹੀ ਹੈ। 2017 ਵਿਚ ਸਵਾ ਤਿੰਨ ਸੌ ਸੀਟਾਂ ਜਿੱਤਣ ਤੋਂ ਬਾਅਦ ਅਜਿਹਾ ਲੱਗਣ ਲੱਗਾ ਸੀ ਕਿ ਹੁਣ ਭਾਰਤੀ ਜਨਤਾ ਪਾਰਟੀ ਆਪਣੀ ਅਗਵਾਈ ਵਿਚ ਇਸ ਦੀ ਪੇਚੀਦਗੀ ਨੂੰ ਘਟਾ ਕੇ ਅਸਥਿਰਤਾ ਨੂੰ ਸਥਿਰਤਾ ਵਿਚ ਬਦਲ ਦੇਵੇਗੀ। ਅਜਿਹਾ ਸੋਚਣ ਦਾ ਇਕ ਕਾਰਨ ਸੀ। 2017 ਦੀਆਂ ਚੋਣਾਂ 2014 ਦੀਆਂ ਲੋਕ ਸਭਾ ਚੋਣਾਂ ਦੀ ਜਿੱਤ ਦੀ ਰੌਸ਼ਨੀ ਵਿਚ ਹੋਈਆਂ ਸਨ। ਉਸ ਤੋਂ ਬਾਅਦ 2019 ਦੀਆਂ ਚੋਣਾਂ ਵਿਚ ਵੀ ਭਾਜਪਾ ਨੂੰ ਜ਼ੋਰਦਾਰ ਜਿੱਤ ਮਿਲੀ। ਭਾਵ, ਲਗਾਤਾਰ ਤਿੰਨ ਚੋਣਾਂ ਵਿਚ ਭਾਜਪਾ ਨੇ ਆਪਣੇ ਵਿਰੋਧੀਆਂ ਨੂੰ ਇਕਪਾਸੜ ਮਾਤ ਦਿੱਤੀ। ਵਿਰੋਧੀ ਇਕੱਲੇ-ਇਕੱਲੇ ਵੀ ਲੜੇ ਅਤੇ ਗੱਠਜੋੜ ਬਣਾ ਕੇ ਵੀ ਲੜੇ ਪਰ ਭਾਜਪਾ ਦੇ ਵਿਜੇ ਰਥ ਨੂੰ ਰੋਕ ਨਾ ਸਕੇ। ਇਸ ਵਿਜੇ ਰੱਥ ਦੇ ਪਹੀਏ 45 ਤੋਂ 50 ਫ਼ੀਸਦੀ ਪ੍ਰਬਲ ਹਿੰਦੂ ਰਾਜਨੀਤਕ ਏਕਤਾ ਨਾਲ ਬਣੇ ਸਨ।ਇਸ ਏਕਤਾ ਵਿਚ ਉੱਚੀਆਂ ਜਾਤੀਆਂ ਦੀ ਜ਼ਬਰਦਸਤ ਭਾਗੀਦਾਰੀ ਸੀ। ਇਸ ਵਿਚ ਯਾਦਵਾਂ ਨੂੰ ਛੱਡ ਕੇ ਬਾਕੀ ਪਛੜੀਆਂ ਜਾਤੀਆਂ ਦਾ ਹਿੱਸਾ ਸੀ। ਜਾਟਵਾਂ ਨੂੰ ਛੱਡ ਕੇ ਬਾਕੀ ਦਲਿਤ ਜਾਤੀਆਂ ਨੇ ਵੀ ਯੋਗਦਾਨ ਪਾਇਆ ਸੀ। ਇਹ ਇਕ ਤਰ੍ਹਾਂ ਨਾਲ ਆਦਰਸ਼ ਸਥਿਤੀ ਸੀ। ਵਿਰੋਧੀ ਧਿਰ ਕਮਜ਼ੋਰ ਸੀ। ਕਾਂਗਰਸ ਸੂਬੇ ਵਿਚ ਆਧਾਰਹੀਣ ਹੋ ਚੁੱਕੀ ਸੀ। ਸਮਾਜਵਾਦੀ ਪਾਰਟੀ ਸਿਰਫ ਯਾਦਵਾਂ ਅਤੇ ਮੁਸਲਮਾਨਾਂ ਦੇ ਇਕ ਹਿੱਸੇ ਦੀ ਪਾਰਟੀ ਦੇ ਰੂਪ ਵਿਚ ਸਿਮਟ ਗਈ ਸੀ। ਬਹੁਜਨ ਸਮਾਜ ਪਾਰਟੀ 2012 ਦੀਆਂ ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਆਪਣੇ ਲੋਕ ਆਧਾਰ ਵਿਚ ਗਿਰਾਵਟ ਦਾ ਸਾਹਮਣਾ ਕਰ ਰਹੀ ਸੀ। ਪਰ ਇਹ ਵੇਖ ਕੇ ਕੁਝ ਹੈਰਾਨੀ ਹੁੰਦੀ ਹੈ ਕਿ ਆਪਣੇ ਪੱਖ ਵਿਚ ਪੂਰਾ ਮਾਹੌਲ ਅਤੇ ਸਾਰੇ ਪਹਿਲੂ ਹੋਣ ਤੋਂ ਬਾਅਦ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਜਿੱਤ ਸਬੰਧੀ ਆਤਮ-ਵਿਸ਼ਵਾਸ ਵਿਚ ਨਹੀਂ ਹੈ। ਉਹ ਇਕ ਰਣਨੀਤਕ ਗੁੰਝਲ ਵਿਚ ਫਸੀ ਹੋਈ ਹੈ। ਭਾਵੇਂ ਉਸ ਦੇ ਆਗੂ ਮੰਨਣ ਜਾਂ ਨਾ ਮੰਨਣ, ਪਰ ਉਹ ਘਬਰਾਈ ਹੋਈ ਹੈ। ਦੋ ਮਈ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਜ਼ਬਰਦਸਤ ਹਾਰ ਨੇ ਰਾਜਸੀ ਸੰਕਟਾਂ ਦਾ ਪ੍ਰਬੰਧਨ ਕਰਨ ਦੀ ਉਸ ਦੀ ਸਮਰੱਥਾ ਦਾ ਕਾਫੀ ਨੁਕਸਾਨ ਕੀਤਾ ਹੈ। ਜੇਕਰ ਉਹ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨਾ ਜਿੱਤ ਸਕੀ ਤਾਂ ਉਸ ਦੇ ਰਾਜਸੀ ਗ੍ਰਾਫ ਨੂੰ ਹੇਠਾਂ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ।

ਭਾਜਪਾ ਦੀ ਇਸ ਅਨਿਸਚਿਤਤਾ ਦੇ ਕੇਂਦਰ ਵਿਚ ਯੋਗੀ ਅਦਿੱਤਿਆਨਾਥ ਦੀ ਸ਼ਖਸੀਅਤ ਹੈ। ਸਾਨੂੰ ਪਤਾ ਹੈ ਕਿ ਯੋਗੀ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀਆਂ ਕਤਾਰਾਂ ਵਿਚ ਨਹੀਂ ਆਉਂਦੇ। ਉਹ ਹਿੰਦੂਤਵਵਾਦੀ ਹਨ ਅਤੇ ਕਿਤੇ ਜ਼ਿਆਦਾ ਭੜਕਾਊ ਕਿਸਮ ਦੀ ਭਾਸ਼ਾ ਘੱਟ ਗਿਣਤੀਆਂ ਵਿਰੁੱਧ ਵਰਤਦੇ ਹਨ। ਮੌਖਿਕ ਹਿੰਸਾ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਰਹੀ ਹੈ। 2017 ਵਿਚ ਯੋਗੀ ਨੂੰ ਮੁੱਖ ਮੰਤਰੀ ਚੁਣਦੇ ਸਮੇਂ ਭਾਜਪਾ ਨੂੰ ਪਤਾ ਸੀ ਕਿ ਇਸ ਜ਼ਿੰਮੇਵਾਰੀ 'ਤੇ ਉਨ੍ਹਾਂ ਨੂੰ ਤੋਰਨਾ ਸੌਖਾ ਨਹੀਂ ਹੋਵੇਗਾ। ਫਿਰ ਵੀ ਉਸ ਨੇ ਚੋਣ ਪ੍ਰਚਾਰ ਵਿਚ ਉਸ ਨੂੰ ਸਟਾਰ ਪ੍ਰਚਾਰਕ ਬਣਾਇਆ, ਯੋਗੀ ਨੇ ਸਭ ਤੋਂ ਵੱਧ ਚੋਣ ਸਭਾਵਾਂ ਕੀਤੀਆਂ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਨੇ ਕੇਸ਼ਵ ਪ੍ਰਸਾਦ ਮੌਰਿਆ, ਮਨੋਜ ਸਿਨਹਾ ਅਤੇ ਰਾਜਨਾਥ ਸਿੰਘ ਤੋਂ ਉੱਤੇ ਉਨ੍ਹਾਂ ਨੂੰ ਤਰਜੀਹ ਦਿੱਤੀ। ਸ਼ਾਇਦ ਭਾਜਪਾ ਨੂੰ ਲੱਗਾ ਸੀ ਕਿ ਉਸ ਨੇ ਵੱਖ-ਵੱਖ ਜਾਤੀਆਂ ਦੀ ਜੋ ਹਿੰਦੂ ਏਕਤਾ ਬਣਾਈ ਹੈ, ਉਸ ਦੇ ਪ੍ਰਸ਼ਾਸਨਿਕ ਚਿਹਰੇ ਦੇ ਰੂਪ ਵਿਚ ਉਹ ਇਕ ਲੀਕ ਤੋਂ ਹਟ ਕੇ ਕੀਤੀ ਗਈ ਪਸੰਦ ਸਾਬਤ ਹੋ ਸਕਦੇ ਹਨ। ਸ਼ਰਤ ਇਹ ਸੀ ਕਿ ਉਹ ਆਪਣੀ ਬੋਲਬਾਣੀ 'ਤੇ ਲਗਾਮ ਰੱਖਣ। ਯੋਗੀ ਨੇ ਭਾਜਪਾ ਹਾਈਕਮਾਨ ਦੀ ਏਨੀ ਕੁ ਗੱਲ ਜ਼ਰੂਰ ਮੰਨੀ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਭੜਕਾਊ ਬਿਆਨਬਾਜ਼ੀ ਪਹਿਲਾਂ ਦੇ ਮੁਕਾਬਲੇ ਨਾਂਹ ਦੇ ਬਰਾਬਰ ਰਹਿ ਗਈ।ਇਹ ਵੇਖ ਕੇ ਭਾਜਪਾ ਨੇ ਉਨ੍ਹਾਂ ਨੂੰ ਆਪਣੇ ਹੋਰ ਮੁੱਖ ਮੰਤਰੀਆਂ ਦੀ ਕਤਾਰ ਤੋਂ ਵੱਖ ਕਰਦਿਆਂ ਉਨ੍ਹਾਂ ਦੀ ਰਾਸ਼ਟਰੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਆਸਾਮ ਅਤੇ ਬੰਗਾਲ ਤੋਂ ਲੈ ਕੇ ਕਰਨਾਟਕ ਤੱਕ ਹਰ ਵਿਧਾਨ ਸਭਾ ਚੋਣ ਵਿਚ ਸਟਾਰ ਪ੍ਰਚਾਰਕ ਦੇ ਤੌਰ 'ਤੇ ਉਤਾਰਿਆ ਗਿਆ। ਇਸ ਦੇ ਪਿੱਛੇ ਇਕ ਰਣਨੀਤੀ ਸੀ। ਗੋਰਖਪੀਠ ਦੇ ਮਠਾਧੀਸ਼ ਹੋਣ ਦੇ ਨਾਤੇ ਯੋਗੀ ਦਾ ਨਾਂਅ ਸਾਰੇ ਦੇਸ਼ ਦੇ ਨਾਥਪੰਥੀਆਂ ਵਿਚ ਹੈ। ਨਾਥਪੰਥੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੇਸ਼ ਦੇ ਸਾਰੇ ਕੋਨਿਆਂ ਵਿਚ ਫੈਲੇ ਹੋਏ ਹਨ। ਦੂਜਾ, ਨਾਥਪੰਥੀਆਂ ਵਿਚ ਕਮਜ਼ੋਰ ਜਾਤੀਆਂ ਦੇ ਲੋਕ ਕਾਫੀ ਵੱਡੀ ਗਿਣਤੀ ਵਿਚ ਹੁੰਦੇ ਹਨ। ਤੀਜਾ, ਇਕ ਭਗਵਾਂ ਭੇਖਧਾਰੀ ਅਤੇ ਸੰਨਿਆਸੀ ਜਦੋਂ ਮੰਚ 'ਤੇ ਦੇਸ਼ ਦੇ ਸਭ ਤੋਂ ਵੱਡੇ ਰਾਜ ਦੇ ਮੁੱਖ ਪ੍ਰਸ਼ਾਸਕ ਦੇ ਤੌਰ 'ਤੇ ਹਿੰਦੂਤਵਵਾਦੀ ਭਾਸ਼ਾ ਬੋਲਦਾ ਹੈ ਤਾਂ ਭਾਜਪਾ ਦੇ ਲੋਕ ਆਧਾਰ ਅਤੇ ਉਸ ਵੱਲ ਖਿੱਚੇ ਜਾਣ ਵਾਲੀ ਜਨਤਾ ਨੂੰ ਫ਼ਿਰਕੂ ਖੁਰਾਕ ਮਿਲਦੀ ਹੈ। ਭਾਜਪਾ ਨੂੰ ਲੱਗਾ ਕਿ ਇਕ ਯੋਗੀ ਦੂਜੀਆਂ ਕਈ ਚੋਣਾਂ ਵਿਚ ਪ੍ਰਚਾਰ ਕਰ ਸਕਦਾ ਹੈ।

ਭਾਜਪਾ ਯੋਗੀ ਦੇ ਰਾਹੀਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਨੂੰ ਦਿੱਲੀ ਦੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਬੈਠ ਕੇ ਕੰਟਰੋਲ ਕਰਨਾ ਚਾਹੁੰਦੀ ਸੀ। ਯੋਗੀ ਨੇ ਇਹ ਕੁਝ ਕਰਨ ਵੀ ਦਿੱਤਾ। ਆਰ.ਐਸ.ਐਸ. ਦੇ ਸੁਨੀਲ ਬੰਗਲ ਸੰਗਠਨ ਮੰਤਰੀ ਦੇ ਰੂਪ ਵਿਚ ਯੋਗੀ ਦਾ ਹੱਥ ਫੜ ਕੇ ਮਨਚਾਹੇ ਕੰਮ ਕਰਵਾਉਂਦੇ ਰਹੇ। ਅਫਸਰਾਂ ਦੀਆਂ ਬੈਠਕਾਂ ਵਿਚ ਯੋਗੀ ਅਤੇ ਉਹ ਨਾਲ-ਨਾਲ ਬੈਠਦੇ। ਦਿੱਲੀ ਵਿਚ ਪ੍ਰਧਾਨ ਮੰਤਰੀ ਦਫਤਰ ਅਤੇ ਲਖਨਊ ਵਿਚ ਮੁੱਖ ਮੰਤਰੀ ਦਫ਼ਤਰ, ਇਨ੍ਹਾਂ ਦੋਵਾਂ ਵਿਚ ਗੰਢਤੁੱਪ ਹੁੰਦੀ ਰਹੀ। ਇਸ ਨਾਲ ਸਰਕਾਰ 'ਤੇ ਅਫਸਰਸ਼ਾਹੀ ਦੀ ਪਕੜ ਵਧਦੀ ਗਈ। ਪ੍ਰਸ਼ਾਸਨ ਦਾ ਅਨੁਭਵ ਯੋਗੀ ਕੋਲ ਨਹੀਂ ਸੀ ਅਤੇ ਪ੍ਰਸ਼ਾਸਨ ਕਰਨ ਦੇ ਮਾਦੇ ਦਾ ਉਨ੍ਹਾਂ ਨੇ ਕਦੀ ਪ੍ਰਦਰਸ਼ਨ ਵੀ ਨਹੀਂ ਕੀਤਾ। ਉਹ ਤਾਂ ਭਾਸ਼ਨ ਦਿੰਦੇ ਸਨ, ਭਾਸ਼ਨ ਵਿਚ ਭੜਕਾਹਟ ਅਤੇ ਧਮਕੀ ਹੁੰਦੀ ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਦਾ ਅਕਸ ਇਕ ਅਜਿਹੇ ਅਕਸ ਵਾਲੇ ਮੁੱਖ ਮੰਤਰੀ ਦਾ ਬਣਦਾ ਗਿਆ। ਕਾਨੂੰਨ ਅਤੇ ਵਿਵਸਥਾ ਦਰੁਸਤ ਕਰਨ ਦੇ ਨਾਂਅ 'ਤੇ ਉਨ੍ਹਾਂ ਨੇ ਫਰਜ਼ੀ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ। ਸੂਬੇ ਦੇ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਕੁਸ਼ਲਤਾ ਉਨ੍ਹਾਂ ਕੋਲ ਹੈ ਹੀ ਨਹੀਂ ਸੀ। ਯੋਗੀ ਸਰਕਾਰ ਮੁਕਾਬਲਾ ਕਰਨ, ਐਫ.ਆਈ.ਆਰ. ਦਰਜ ਕਰਨ, ਗ੍ਰਿਫ਼ਤਾਰ ਕਰਨ, ਜੁਰਮਾਨਾ ਵਸੂਲਣ, ਮੀਡੀਆ ਦਾ ਦਮਨ ਕਰਨ ਅਤੇ ਕਿਸੇ ਦੀ ਪਰਵਾਹ ਨਾ ਕਰਨ ਵਾਲੀ ਸਰਕਾਰ ਦੇ ਰੂਪ ਵਿਚ ਉੱਭਰੀ।

ਉਹ ਉੱਤਰਾਖੰਡ ਦੇ ਇਕ ਰਾਜਪੂਤ ਪਰਿਵਾਰ ਨਾਲ ਸਬੰਧਿਤ ਹਨ ਅਤੇ ਗੋਰਖਪੀਠ ਦੇ ਮਹੰਤ ਹਨ, ਇਸ ਲਈ ਜਾਣੇ ਅਨਜਾਣੇ ਵਿਚ ਹੋਇਆ ਇਹ ਕਿ ਉੱਤਰ ਪ੍ਰਦੇਸ਼ ਵਿਚ ਖੱਤਰੀਆਂ ਦੀਆਂ ਰਾਜਸੀ ਇੱਛਾਵਾਂ ਯੋਗੀ ਦੇ ਸ਼ਾਸਨਕਾਲ ਵਿਚ ਵੱਡੀਆਂ ਹੁੰਦੀਆਂ ਗਈਆਂ। ਪ੍ਰਧਾਨ ਮੰਤਰੀ ਦਫ਼ਤਰ ਅਤੇ ਮੁੱਖ ਮੰਤਰੀ ਦਫ਼ਤਰ ਦੀ ਗੰਢਤੁੱਪ ਨੇ ਮੰਨ ਲਿਆ ਕਿ ਦੂਜੀਆਂ ਜਾਤਾਂ ਦੇ ਆਗੂਆਂ ਨੂੰ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਾ ਕੇ ਕੰਮ ਚਲਾਇਆ ਜਾ ਸਕਦਾ ਹੈ। ਯੋਗੀ ਸਰਕਾਰ ਦੇ ਕਾਰਜਕਾਲ ਵਿਚ ਨਾ ਤਾਂ ਉਪ ਮੁੱਖ ਮੰਤਰੀਆਂ ਦੇ ਕੋਲ, ਨਾ ਹੀ ਮੰਤਰੀਆਂ ਦੇ ਕੋਲ, ਨਾ ਹੀ ਵਿਧਾਇਕਾਂ ਦੇ ਕੋਲ ਅਤੇ ਨਾ ਹੀ ਸੂਬੇ ਦੇ ਸੰਸਦ ਮੈਂਬਰਾਂ ਕੋਲ ਕਰਨ ਲਈ ਕੁਝ ਅਜਿਹਾ ਰਹਿ ਗਿਆ ਸੀ ਜਿਸ ਨਾਲ ਉਹ ਚੋਣ ਮਨੋਰਥ ਪੱਤਰ ਵਿਚ ਲਿਖੇ ਵਾਅਦਿਆਂ ਨੂੰ ਪੂਰਾ ਕਰ ਸਕਣ ਵਿਚ ਕੋਈ ਯੋਗਦਾਨ ਪਾਉਂਦੇ। ਯੋਗੀ ਦੇ ਪੱਖ ਵਿਚ ਸਿਰਫ਼ ਇਕ ਗੱਲ ਜਾਂਦੀ ਹੈ। ਉਹ ਨਿੱਜੀ ਪੱਧਰ 'ਤੇ ਭ੍ਰਿਸ਼ਟ ਨਹੀਂ ਹਨ। ਅਜਿਹਾ ਕੋਈ ਇਲਜ਼ਾਮ ਉਨ੍ਹਾਂ 'ਤੇ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਤੇ ਵਿਚ ਇਕ ਦਰਜਨ ਉਪਲਬਧੀਆਂ ਵੀ ਨਹੀਂ ਹਨ ਜਿਨ੍ਹਾਂ ਦੇ ਆਧਾਰ 'ਤੇ ਭਾਜਪਾ ਦੁਬਾਰਾ ਸੱਤਾ ਵਿਚ ਆਉਣ ਦਾ ਦਾਅਵਾ ਕਰ ਸਕੇ। ਮੁੱਖ ਮੰਤਰੀ ਚੋਣਵੇਂ ਅਫਸਰਾਂ ਅਤੇ ਸਲਾਹਕਾਰਾਂ ਵਿਚ ਘਿਰੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਭਾਜਪਾ ਦੇ 60 ਫ਼ੀਸਦੀ ਤੋਂ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਗਵਾ ਲਿਆ। ਜਦੋਂ ਕੇਂਦਰ ਵਲੋਂ ਭੇਜੇ ਗਏ ਸਾਬਕਾ ਖੇਤੀ ਮੰਤਰੀ ਰਾਧਾਮੋਹਨ ਸਿੰਘ ਨੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਤਾਂ 64 ਫ਼ੀਸਦੀ ਵਿਧਾਇਕਾਂ ਨੇ ਕਿਹਾ ਕਿ ਯੋਗੀ ਦੇ ਚਿਹਰੇ 'ਤੇ ਚੋਣਾਂ ਨਹੀਂ ਲੜੀਆਂ ਜਾਣੀਆਂ ਚਾਹੀਦੀਆਂ। ਪਰ 36 ਫ਼ੀਸਦੀ ਵਿਧਾਇਕਾਂ ਨੇ ਕਿਹਾ ਕਿ ਜੇਕਰ ਯੋਗੀ ਨੂੰ ਹਟਾਇਆ ਤਾਂ ਭਾਜਪਾ ਦੀ ਹਾਰ ਪੱਕੀ ਹੈ। ਜੇਕਰ ਵੇਖਿਆ ਜਾਵੇ ਤਾਂ ਹਾਈਕਮਾਨ ਨੂੰ 64 ਫ਼ੀਸਦੀ ਵਿਧਾਇਕਾਂ ਦੀ ਗੱਲ ਮੰਨਣੀ ਚਾਹੀਦੀ ਸੀ। ਪਰ ਇਸ ਗੱਲਬਾਤ ਤੋਂ ਬਾਅਦ ਭਾਜਪਾ ਹਾਈਕਮਾਨ ਨੂੰ ਲੱਗ ਰਿਹਾ ਹੈ ਕਿ ਯੋਗੀ ਨੂੰ ਨਾ ਤਾਂ ਉਗਲਿਆ ਜਾ ਸਕਦਾ ਹੈ, ਨਾ ਹੀ ਨਿਗਲਿਆ ਜਾ ਸਕਦਾ ਹੈ।

ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ, ਯੋਗੀ ਆਪਣਾ ਉਹ ਚਿਹਰਾ ਵੀ ਦਿਖਾਉਣ ਲੱਗੇ ਹਨ ਜੋ ਹਾਈਕਮਾਨ ਨੂੰ ਆਗਿਆਕਾਰੀ ਨਹੀਂ ਲੱਗ ਰਿਹਾ। ਮਸਲਨ, ਪ੍ਰਧਾਨ ਮੰਤਰੀ ਦੇ ਖਾਸਮ-ਖਾਸ ਸਾਬਕਾ ਨੌਕਰਸ਼ਾਹ ਅਤੇ ਮੌਜੂਦਾ ਐਮ.ਐਲ.ਸੀ. ਏ.ਕੇ. ਸ਼ਰਮਾ ਨੂੰ ਯੋਗੀ ਨੇ ਮਿਲਣ ਦਾ ਸਮਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਤੀਜਾ ਉਪ ਮੁੱਖ ਮੰਤਰੀ ਬਣਾਉਣ ਲਈ ਤਾਂ ਉਹ ਬਿਲਕੁਲ ਰਾਜ਼ੀ ਨਹੀਂ ਹਨ। ਭਾਜਪਾ ਨੇ ਮਜਬੂਰਨ ਇਹ ਤਾਂ ਤੈਅ ਕਰ ਹੀ ਲਿਆ ਹੈ ਕਿ ਯੋਗੀ ਨੂੰ ਫਿਲਹਾਲ ਹਟਾਇਆ ਨਹੀਂ ਜਾਵੇਗਾ ਅਤੇ ਪਾਰਟੀ ਉਨ੍ਹਾਂ ਦੇ ਨਾਂਅ 'ਤੇ ਹੀ ਚੋਣਾਂ ਲੜੇਗੀ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਜਿਸ ਯੋਗੀ ਨੂੰ ਭਾਜਪਾ ਆਪਣੀ ਤਾਕਤ ਬਣਾਉਣਾ ਚਾਹੁੰਦੀ ਸੀ, ਉਹ ਹੁਣ ਉਸ ਦੀ ਮਜਬੂਰੀ ਬਣ ਕੇ ਰਹਿ ਗਏ ਹਨ।

 

ਅਭੈ ਦੂਬੇ