ਸੰਤਾਂ ਦੀ ਸੂਝ ਅਤੇ ਸੂਰਮਗਤੀ ਨੇ ਸਿਖ ਸੰਘਰਸ਼ ਦਾ ਸਾਰਾ ਬਿਰਤਾਂਤ ਹੀ ਬਦਲ ਦਿੱਤਾ

ਸੰਤਾਂ ਦੀ ਸੂਝ ਅਤੇ ਸੂਰਮਗਤੀ ਨੇ ਸਿਖ ਸੰਘਰਸ਼ ਦਾ ਸਾਰਾ ਬਿਰਤਾਂਤ ਹੀ ਬਦਲ ਦਿੱਤਾ

   ਧਰਮ ਯੁਧ ਮੋਰਚੇ ਨੂੰ ਸਰਕਾਰੀ ਜਬਰ ਨਾਲ ਕੁਚਲਣਾ                                          
‘‘ਭਾਰਤ ਸਰਕਾਰ ਦੇ ਕੈਬਨਿਟ ਸਕਤਰੇਤ ਦੀ ਖੁਫੀਆ ਏਜੰਸੀ ਰਾਅ ਦੇ ਸਟੇਸ਼ਨ ਮੁਖੀ ਵਜੋਂ ਗੰਗਟੋਕ, ਸਿਕਮ ਵਿਚ ਮੇਰੇ ਢਾਈ ਸਾਲ ਬੜੇ ਸਰਗਰਮੀ ਭਰਪੂਰ ਰਹੇ। ਮੈਂ ਉਥੇ ਅਗਸਤ 1973 ਤੋਂ ਫਰਵਰੀ 1976 ਤਕ ਰਿਹਾ। ਤਿਬਤ ਅਤੇ ਚੀਨ ਦੀ ਸੀਮਾ ਦੇ ਆਰ-ਪਾਰ ਦੀ ਖੁਫੀਆ ਜਾਣਕਾਰੀ ਇਕਠੀ ਕਰਨ ਤੋਂ ਬਿਨਾਂ ਸਾਨੂੰੇ ਇਕ ਬੜੇ ਉਚ ਪਧਰੀ ਅਤੇ ਮੀਲ ਪਥਰ ਗਡਣ ਵਾਲੇ ਓਪਰੇਸ਼ਨ ਨੂੰ ਸਿਰੇ ਲਾਉਣ ਦੀ ਜਿੰਮੇਵਾਰੀ ਸੌਂਪੀ ਗਈ ਸੀ। ਇਹ ਓਪਰੇਸ਼ਨ ਸੀ, ਸਿਕਮ ਨੂੰ ਭਾਰਤ ਵਿਚ ਸ਼ਾਮਿਲ ਕਰਨਾ। ਪ੍ਰਧਾਨ ਮੰਤਰੀ  ਇੰਦਰਾਂ ਗਾਂਧੀ ਦੀਆਂ ਵਿਸ਼ੇਸ ਹਦਾਇਤਾਂ ਨਾਲ ਇਹ ਓਪਰੇਸ਼ਨ ਰਾਅ ਦੇ ਬਾਨੀ ਮੁਖੀ ਆਰ ਐਨ ਕਾਓ ਨੂੰ ਸੌਂਪਿਆ ਗਿਆ ਸੀ। ਹੇਠਲੇ ਪਧਰ ਉਤੇ ਵਿਸ਼ੇਸ਼ ਤੌਰ ਉਤੇ ਕਾਇਮ ਕੀਤੇ ਗਏ ਤਿੰਨ ਮੈਂਬਰੀ ਉਚ ਖੁਫੀਆ ਸੈਲ ਨੇ ਇਸ ਓਪਰੇਸ਼ਨ ਨੂੰ ਅਮਲ ਵਿਚ ਲਿਆਉਣਾ ਸੀ ਅਤੇ ਮੈਂ ਇਸ ਸੈਲ ਦਾ ਮੁਖੀ ਸਾਂ। ਇਸ ਓਪਰੇਸ਼ਨ ਦੇ ਕਪਟਪੁਣੇ ਦਾ ਅੰਦਾਜਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸ ਓਪਰੇਸ਼ਨ ਦੇ ਮੁਖ ਨਿਸ਼ਾਨੇ — ਸਾਬਕਾ ਚੋਗਿਆਲ — ਜਿਸ ਨੂੰ ਮੈਂ ਤਿਬਤ ਅਤੇ ਚੀਨ ਨਾਲ ਸਬੰਧਤ ਮਸਲਿਆਂ ਦੀ ਜਾਣਕਾਰੀ ਦੇਣ ਲਈ ਥੋੜੇ ਥੋੜੇ ਸਮੇਂ ਬਾਅਦ ਲਗਾਤਾਰ ਮਿਲਦਾ ਰਹਿੰਦਾ ਸਾਂ, ਇਹ ਨਹੀਂ ਸੀ ਜਾਣਦਾ ਕਿ ਮੇਰਾ ਇਸ ਓਪਰੇਸ਼ਨ ਨਾਲ ਕੋਈ ਸਬੰਧ ਹੈ। ਅਖੀਰ ਤਕ ਉਹ ਅਤੇ ਉਸ ਦਾ ਪਰਿਵਾਰ ਆਪਣੀਆਂ ਸਾਰੀਆਂ ਮੁਸ਼ਕਿਲਾਂ ਲਈ ਆਈ. ਬੀ. (ਇੰਟੈਲੀਜੈਂਸ ਬਿਓਰੋ) ਉਤੇ ਦੋਸ਼ ਲਾਉਂਦੇ ਰਹੇ। ਇਸ ਓਪਰੇਸ਼ਨ ਦੇ ਸਿਟੇ ਵਜੋਂ ਮਈ 1975 ਵਿਚ ਸੰਵਿਧਾਨ ਦੀ 36 ਵੀਂ ਸੋਧ ਨਾਲ ਸਿਕਮ ਭਾਰਤੀ ਯੂਨੀਅਨ ਦਾ 21ਵਾਂ ਸੂਬਾ ਬਣ ਗਿਆ।’’
ਸ. ਜੀ. ਬੀ. ਐਸ. ਸਿਧੂ ਨੇ ਆਪਣੀ ਕਿਤਾਬ ‘ਦ ਖਾਲਿਸਤਾਨ ਸਾਜਿਸ਼’ ਦੀ ਭੂਮਿਕਾ ਦੇ ਮੁਢ ਵਿਚ ਇਹ ਜਾਣਕਾਰੀ ਦਿਤੀ ਹੈ। ਇਹ ਜਾਣਕਾਰੀ ਇਸ ਗੱਲ ਦਾ ਸਬੂਤ ਹੈ ਕਿ ਸ. ਸਿਧੂ ਦੀ ਰਾਅ ਵਿਚ ਬੜੀ ਅਹਿਮ ਪੁਜੀਸ਼ਨ ਸੀ। ਰਾਅ ਭਾਰਤ ਸਰਕਾਰ ਦੀ ਸਭ ਤੋਂ ਉਚਤਮ ਖੁਫੀਆ ਏਜੰਸੀ ਹੈ। ਸ. ਸਿਧੂ ਰਾਅ ਵਿਚੋਂ ਵਿਸ਼ੇਸ਼ ਸਕਤਰ ਦੇ ਤੌਰ ਉਤੇ ਰਿਟਾਇਰ ਹੋਏ ਹਨ। ਉਹਨਾਂ ਦੇ ਕਹਿਣ ਮੁਤਾਬਿਕ ਜੇ ਉਹ ਸਿਖ ਨਾ ਹੁੰਦੇ ਤਾਂ ਉਹ ਰਾਅ ਦੇ ਮੁਖੀ ਵਜੋਂ ਰਿਟਾਇਰ ਹੁੰਦੇ। ਉਹਨਾਂ ਵਲੋਂ ਦਿਤੀ ਗਈ ਇਹ ਸਾਰੀ ਜਾਣਕਾਰੀ ਫਰਸਟ ਹੈਂਡ ਇਨਫਰਮੇਸ਼ਨ ਹੈ। ਭਾਵ ਇਹ ਸਾਰੀ ਜਾਣਕਾਰੀ ਦਸਤਾਵੇਜੀ ਅਹਿਮੀਅਤ ਰਖਦੀ ਹੈ। ਇਸ ਲਈ ਇਸ ਜਾਣਕਾਰੀ ਉਤੇ ਯਕੀਨ ਨਾ ਕਰਨ ਦਾ ਕੋਈ ਵਾਜਿਬ ਕਾਰਨ ਨਹੀਂ ਬਣਦਾ। ਸ. ਸਿਧੂ ਕੇਂਦਰ ਵਿਚ ਕਈ ਸਾਲ ਕੈਬਨਿਟ ਮੰਤਰੀ ਵਜੋਂ ਨਿਯੁਕਤ ਰਹੇ ਸ. ਸਵਰਨ ਸਿੰਘ ਦੇ ਜਵਾਈ ਹਨ। ਕਿਤਾਬ ਦੇ ਅੰਤਿਮ ਕਾਂਡ ਵਿਚ ਹੇਠ ਲਿਖੀ ਜਾਣਕਾਰੀ ਦਿਤੀ ਗਈ ਹੈ —
‘‘ਇਹ ਕਿਤਾਬ ਲਿਖਣ ਵੇਲੇ ਓਪਰੇਸ਼ਨ ਭਿੰਡਰਾਂਵਾਲੇ-ਖਾਲਿਸਤਾਨ (ਓਪ-1) ਨੂੰ 42 ਸਾਲ ਬੀਤ ਗਏ ਹਨ। ਇਹ ਇੰਦਰਾਂ ਗਾਂਧੀ ਦੀ ਅਸ਼ੀਰਵਾਦ ਨਾਲ 1978 ਵਿਚ ਸੰਜੇ ਗਾਂਧੀ ਵਲੋਂ ਵਿਉਂਤਿਆਂ ਗਿਆ ਸੀ। 2 ਸਾਲ ਬਾਅਦ ਇਸ ਓਪਰੇਸ਼ਨ ਦਾ ਘੇਰਾ ਸੂਬਾ ਪਧਰ ਤੋਂ ਵਧਾ ਕੇ ਦੇਸ ਪਧਰ ਤਕ (ਓਪ-2) ਫੈਲਾਅ ਦਿਤਾ ਗਿਆ। ਇਸ ਦਾ ਇਕੋ ਇਕ ਮੰਤਵ ਕਾਂਗਰਸ ਨੂੰ ਜਨਵਰੀ 1985 ਵਿਚ ਹੋਣ ਵਾਲੀਆ ਲੋਕ ਸਭਾ ਚੋਣਾਂ ਜਿਤਾਉਣਾ ਸੀ। ਬਦਕਿਸਮਤੀ ਨਾਲ ਭਾਰਤ ਲਗਾਤਾਰ ਉਹਨਾਂ ਤਾਕਤਾਂ ਨਾਲ ਜੂਝ ਰਿਹਾ ਹੈ, ਜਿਹੜੀਆਂ ਕੁਝ ਸੰਵਿਧਾਨ ਬਾਹਰੇ ਮੁਠੀ ਭਰ ਤਾਕਤਵਰ ਨੌਜਵਾਨਾਂ ਅਤੇ ਉਹਨਾਂ ਦੇ ਦੋਸਤਾਂ ਦੀ ਗਲਤ ਮਾਅਰਕੇਬਾਜੀ ਵਜੋਂ ਗਤੀਸ਼ੀਲ ਹੋਈਆ ਹਨ। ਇਸ ਸਮੇਂ ਦੌਰਾਨ ਵਿਰਾਟ ਪਧਰ ਉਤੇ ਪੈਦਾ ਕੀਤੀ ਗਈ ਧਾਰਮਿਕ ਵੰਡ ਦਾ ਅੰਤ ਇਕ ਬੁਰੀ ਤਰ੍ਹਾਂ ਵਿਉਂਤੇ, ਬੜੀ ਭੈੜੀ ਤਰ੍ਹਾਂ ਯੋਜਨਾਬਧ ਕੀਤੇ ਅਤੇ ਬੜੇ ਭਿਆਨਕ ਢੰਗ ਨਾਲ ਅਮਲ ਵਿਚ ਲਿਆਂਦੇ ਗਏ ਓਪਰੇਸ਼ਨ ਬਲਿਊਸਟਾਰ ਨਾਲ ਹੋਇਆ। ਇੰਦਰਾਂ ਗਾਂਧੀ ਦੀ ਹਤਿਆ ਤੋਂ ਬਾਅਦ ਦਿਲੀ ਅਤੇ ਭਾਰਤ ਦੇ ਕੁਝ ਹੋਰਨਾਂ ਸ਼ਹਿਰਾਂ ਵਿਚ ਸਿਖਾਂ ਦੀ ਨਸਲਕੁਸ਼ੀ ਬੜੇ ਯੋਜਨਾਬਧ ਢੰਗ ਅਤੇ ਬੜੀ ਬਾਰੀਕਬੀਨੀ ਨਾਲ ਅਮਲ ਵਿਚ ਲਿਆਂਦੀ ਗਈ। ਇਸ ਨਾਲ ਪੰਜਾਬ ਦੇ ਨੌਜਵਾਨਾਂ ਵਿਚ ਜੋ ਰੋਸ ਅਤੇ ਗੁਸਾ ਪੈਦਾ ਹੋਇਆ, ਉਸੇ ਦਾ ਨਤੀਜਾ ਇਕ ਦਹਾਕੇ ਦੇ ਭਿਆਨਕ ਦੌਰ ਦੇ ਰੂਪ ਵਿਚ ਸੂਬੇ ਨੇ ਵੇਖਿਆ। ਸੂਬੇ ਵਿਚ ਅਮਨ ਹੋਣ ਤੋਂ ਪਹਿਲਾਂ ਰੋਹ ਵਿਚ ਆਏ ਹਜਾਰਾਂ ਸਿਖ ਨੌਜਵਾਨ ਖਾੜਕੂ ਰਾਹ ਉਤੇ ਚਲ ਕੇ ਆਪਣੀਆਂ ਜਾਨਾਂ ਗੁਆ ਗਏ, ਜਿਨ੍ਹਾਂ ਵਿਚੋਂ ਕੁਝ ਗਿਣਤੀ ਵਿਚ ਆਏ ਪਰ ਬਹੁਤੇ (ਲਾਵਾਰਿਸ ਲਾਸ਼ਾਂ ਦੇ ਰੂਪ ਵਿਚ) ਅਜੇ ਵੀ ਲਾਪਤਾ ਹਨ।’’
... ‘‘ਭਾਵੇਂ ਕਿ ਸਿਖ ਨਵੰਬਰ 1984 ਅਤੇ ਪੰਜਾਬ ਵਿਚ ਓਪਰੇਸ਼ਨ ਬਲਿਊਸਟਾਰ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਵਾਪਰੇ ਬੜੇ ਭਿਆਨਕ ਜੁਰਮਾਂ ਦਾ ਇਨਸਾਫ ਉਡੀਕ ਰਹੇ ਹਨ ਪਰ ਗੋਂਗਲੂਆਂ ਤੋਂ ਮਿਟੀ ਝਾੜਨ ਵਾਂਗ 13 ਕਮਿਸ਼ਨਾਂ, ਕਮੇਟੀਆਂ ਅਤੇ ਵਿਸ਼ੇਸ਼ ਜਾਂਚ ਟੀਮਾਂ ਬਣਾਉਣ ਤੋਂ ਬਗੈਰ ਕੁਝ ਨਹੀਂ ਕੀਤਾ ਗਿਆ। ਦਰਅਸਲ ਕਿਸੇ ਨੇ ਵੀ ਅਸਲ ਮਸਲਿਆਂ ਦੀ ਤਹਿ ਤਕ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਵੇਂ ਕਿ ਕਮੇਟੀਆਂ ਅਤੇ ਕਮਿਸ਼ਨਾਂ ਦਾ ਬਣਨਾ ਹੀ ਮਸਲੇ ਦਾ ਹਲ ਹੈ। ਬੜੀ ਚੁਸਤੀ ਨਾਲ ਓਪਰੇਸ਼ਨ ਨੂੰ ਅਮਲ ਵਿਚ ਲਿਆਉਣ ਦੌਰਾਨ ਪੰਜਾਬ ਅੰਦਰ 15 ਸਾਲ ਕੀ ਕੁਝ ਵਾਪਰਿਆ ਨੂੰ ਜਾਣਬੁਝ ਕੇ ਫਜੂਲ ਮਸਲਾ ਸਮਝ ਕੇ ਪਿਛੋਕੜ ਵਿਚ ਧਕ ਦਿਤਾ ਗਿਆ ਹੈ।’’
ਦਰਅਸਲ ਪੰਜਾਬ ਅੰਦਰ ਓਪਰੇਸ਼ਨ ਬਲਿਊ ਸਟਾਰ ਤੋਂੇ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਵਾਪਰੇ ਸਾਰੇ ਘਟਨਾਕਰਮ ਨੂੰ ਲੜੀਵਾਰ ਸਮਝਣ ਲਈ ਸ. ਸਿਧੂ ਦੀ ਇਹ ਜਾਣਕਾਰੀ ਬੜੀ ਮਹਤਵਪੂਰਨ ਹੈ। ਇਹ ਜਾਣਕਾਰੀ ਸੰਤ ਭਿੰਡਰਾਂਵਾਲੇ ਦੇ ਵਰਤਾਰੇ ਨੂੰ ਸਮਝਣ ਵਿਚ ਬਹੁਤ ਸਹਾਈ ਹੋ ਸਕਦੀ ਹੈ। ਸੰਤ ਭਿੰਡਰਾਂਵਾਲੇ ਦੀ ਸਖਸੀਅਤ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਨੇ ਜਿਹੜੀ ਕੂੜ ਦੀ ਕੰਧ ਖੜੀ ਕੀਤੀ ਸੀ, ਇਸ ਜਾਣਕਾਰੀ ਨੇ ਉਸ ਨੂੰ ਢਹਿਢੇਰੀ ਕਰ ਦਿਤਾ ਹੈ।
ਇਸ ਬਾਰੇ ਕਿਸੇ ਨੂੰ ਕੋਈ ਸ਼ਕ ਨਹੀਂ ਕਿ ‘ਦ ਖਾਲਿਸਤਾਨ ਸਾਜਿਸ਼’ ਕਿਤਾਬ ਦੀ ਸੁਰ ਰਾਸ਼ਟਰਵਾਦੀ ਹੈ। ਸ. ਜੀ. ਬੀ. ਐਸ ਸਿਧੂ ਵਰਗੇ ਅਫਸਰ ਤੋਂ ਇਸ ਤੋਂ ਵਖਰੀ ਕਿਸੇ ਸੁਰ ਦੀ ਆਸ ਵੀ ਨਹੀਂ ਸੀ ਰਖਣੀ ਚਾਹੀਦੀ। ਪਰ ਇਸ ਕਿਤਾਬ ਨੇ ‘ਨੇੜਿਓਂ ਡਿਠੇ ਸੰਤ ਭਿੰਡਰਾਂਵਾਲੇ ਦੇ ਕਰਤਾ ਸ. ਦਲਬੀਰ ਸਿੰਘ ਪਤਰਕਾਰ ਦੀ ਇਸ ਗੱਲ ਦੀ ਇਕ ਵਾਰ ਫਿਰ ਪੁਸ਼ਟੀ ਕਰ ਦਿਤੀ ਹੈ ਕਿ ਇੰਦਰਾਂ ਗਾਂਧੀ ਨੇ ਓਪਰੇਸ਼ਨ ਬਲਿਊ ਸਟਾਰ ਨੂੰ ਸਰਅੰਜਾਮ ਦੇਣ ਲਈ ਆਰ ਐਨ ਕਾਓ ਦੀ ਅਗਵਾਈ ਹੇਠ ਸਰਕਾਰ ਤੇ ਸੰਵਿਧਾਨ ਤੋਂ ਬਾਹਰੀ ਇਕ ਤੀਜੀ ਏਜੰਸੀ ਕਾਇਮ ਕੀਤੀ ਹੋਈ ਸੀ, ਜਿਸ ਕੋਲ ਬੇਹਿਸਾਬਾ ਪੈਸਾ ਅਤੇ ਤਾਕਤ ਸੀ। ਇਸ ਕਿਤਾਬ ਨੇ ਇਹ ਤਥ ਵੀ ਉਭਾਰ ਕੇ ਸਾਹਮਣੇ ਲੈ ਆਂਦਾ ਹੈ ਕਿ ਭਾਰਤੀ ਖੁਫੀਆਂ ਏਜੰਸੀਆਂ ਇਸ ਸੰਵਿਧਾਨ ਬਾਹਰੀ ਤੀਜੀ ਏਜੰਸੀ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਦੀਆਂ ਸਨ। ਇਹ ਤੀਜੀ ਏਜੰਸੀ ਇਸ ਗੱਲ ਪ੍ਰਤੀ ਵੀ ਸੁਚੇਤ ਸੀ ਕਿ ਇਹਨਾਂ ਏਜੰਸੀਆਂ ਵਿਚ ਕੰਮ ਕਰਦੇ ਸਿਖ ਅਫਸਰਾਂ ਨੂੰ ਸਿਖੀ ਵਿਰੋਧੀ ਇਹਨਾਂ ਸਰਗਰਮੀਆਂ ਦੀ ਭਿਨਕ ਨਾ ਪੈਣ ਦਿਤੀ ਜਾਏ।
ਉਂਝ ਇਸ ਕਿਤਾਬ ਵਿਚ ਕੀਤਾ ਗਿਆ ਇਹ ਇੰਕਸ਼ਾਫ ਬੜਾ ਪੇਤਲਾ ਹੈ ਕਿ ਓਪਰੇਸ਼ਨ ਭਿੰਡਰਾਂਵਾਲੇ-ਖਾਲਿਸਤਾਨ ਇੰਦਰਾਂ ਗਾਂਧੀ ਦੀ ਅਸ਼ੀਰਵਾਦ ਨਾਲ ਸੰਜੇ ਗਾਂਧੀ ਦੀ ਮੰੁਡੀਰ ਵਲੋਂ 1978 ਵਿਚ ਉਲੀਕਿਆ ਗਿਆ ਸੀ ਅਤੇ ਇਸ ਦਾ ਨਿਸ਼ਾਨਾ ਮਹਿਜ 1985 ਵਿਚ ਹੋਣ ਵਾਲੀਆ ਲੋਕ ਸਭਾ ਚੋਣਾਂ ਜਿਤਣਾ ਸੀ। ਹਕੀਕਤ ਇਹ ਕਿ 1947 ਤੋਂ ਹੀ ਸਿਖ ਕੇਂਦਰੀ ਖੁਫੀਆਂ ਏਜੰਸੀਆਂ ਦੇ ਨਿਸ਼ਾਨੇ ਉਤੇ ਸਨ ਪਰ ਇਹ ਇਕ ਵਾਰ ਫਿਰ ਕੇਂਦਰੀ ਖੁਫੀਆ ਏਜੰਸੀਆਂ ਦੀ ਨਜਰ ਵਿਚ ਖਾਸ ਤੌਰ ਉਤੇ ਉਦੋਂ ਆ ਗਏ ਜਦੋਂ ਸੰਤ ਕਰਤਾਰ ਸਿੰਘ ਹੁਰਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿੰਨ ਸੌ ਸਾਲਾਂ ਸ਼ਹੀਦੀ ਪੁਰਬ ਮੌਕੇ ਜੁੜੀ ਲਖਾਂ ਦੀ ਸੰਗਤ ਵਲੋਂ ਇੰਦਰਾਂ ਗਾਂਧੀ ਦੇ ਆਉਣ ਵੇਲੇ ਖੜੇ ਹੋ ਕੇ ਉਸ ਦਾ ਸੁਆਗਤ ਕਰਨ ਬਾਰੇ ਇਤਰਾਜ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਭਰਨ ਸਮੇਂ ਕੋਈ ਵੀ ਵਿਅਕਤੀ ਵਡਾ ਤੇ ਛੋਟਾ ਨਹੀਂ। ਸੰਤਾਂ ਦਾ ਇਹ ਇਤਰਾਜ ਵੀ ਇਸ ਹਮਲੇ ਦਾ ਇਕ ਕਾਰਨ ਬਣਿਆ।
ਗੁਰੂ ਤੇਗ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਮੌਕੇ 7 ਦਸੰਬਰ 1975 ਨੂੰ ਦਿਲੀ ਦੀਆਂ ਸਿਖ ਸੰਗਤਾਂ ਵਲੋਂ ਰਾਮ ਲੀਲਾ ਗਰਾਊਂਡ ਵਿਚ ਇਕ ਗੁਰਮਤਿ ਸਮਾਗਮ ਰਖਿਆ ਗਿਆ। ਗੁਰਪੁਰਬ ਨੂੰ ਸਮਰਪਿਤ ਇਕ ਜਲੂਸ ਸ੍ਰੀ ਅਨੰਦਪੁਰ ਸਾਹਿਬ ਤੋਂ ਦਿਲੀ ਤਕ ਕਢਿਆ ਗਿਆ। ਇਸ ਜਲੂਸ ਵਿਚ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਡੀ ਪਧਰ ਉਤ ਆਮ ਸਿਖ ਸੰਗਤਾਂ ਸ਼ਾਮਿਲ ਹੋਈਆ। ਆਪਣੇ ਜਥੇ ਦੇ ਸਿੰਘਾਂ ਸਮੇਤ ਸੰਤ ਕਰਤਾਰ ਸਿੰਘ ਜੀ ਵੀ ਇਸ ਜਲੂਸ ਵਿਚ ਸ਼ਾਮਿਲ ਸਨ। ਉਹਨਾਂ ਦੇ ਬੈਠਿਆਂ ਹੀ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਦੋਂ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਈ ਤਾਂ ਦਿੱਲੀ ਦੇ ਸਿਖ ਆਗੂਆਂ ਦੇ ਕਹਿਣ ਉਤੇ ਸੰਗਤਾਂ ਇੰਦਰਾ ਗਾਂਧੀ ਦੇ ਸਵਾਗਤ ਵਾਸਤੇ ਉਠ ਕੇ ਖੜੀਆਂ ਹੋ ਗਈਆਂ। ਇਸ ਗੱਲ ਦਾ ਸੰਤ ਕਰਤਾਰ ਸਿੰਘ ਜੀ ਨੇ ਬੁਰਾ ਮਨਾਇਆ ਅਤੇ ਉਹ ਆਪਣੇ ਸਿੰਘਾਂ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠੇ ਰਹੇ। ਇਸ ਮੌਕੇ ਗਿਆਨੀ ਜੈਲ ਸਿੰਘ ਨੇ ਇੰਦਰਾਂ ਗਾਂਧੀ ਦੀ ਤਾਰੀਫ ਦੇ ਪੁਲ ਬੰਨਦਿਆਂ ਉਸ ਨੂੰ ਸੰਗਤਾਂ ਨੂੰ ਮੁਖਾਤਿਬ ਹੋਣ ਲਈ ਬੁਲਾਇਆ। ਸੰਤਾਂ ਦੇ ਬੋਲਣ ਦਾ ਸਮਾ ਇੰਦਰਾਂ ਗਾਂਧੀ ਤੋਂ ਬਾਅਦ ਦਾ ਸੀ। ਸੰਤਾਂ ਨੇ ਇੰਦਰਾ ਗਾਂਧੀ ਦੀ ਹਾਜ਼ਰੀ ਵਿਚ ਇਹ ਬਚਨ ਕਹੇ ਕਿ ਇਥੇ ਆ ਕੇ ਪ੍ਰਧਾਨ ਮੰਤਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸਿਰ ਝੁਕਾਉਣਾ ਚਾਹੀਦਾ ਸੀ ਨਾ ਕਿ ਉਸ ਦੇ ਸਹਿਚਾਰ ਵਾਸਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਠ ਕੇ ਖੜੇ ਹੋਣਾ ਚਾਹੀਦਾ ਸੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਰਾਜ਼ਮਾਨ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਨੰਗੇ ਪੈਰੀਂ ਆ ਕੇ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਝੁਕਾਉਂਦੀ ਨਾ ਕਿ ਸੰਗਤਾਂ ਉਸ ਦੇ ਸਤਿਕਾਰ ਵਿਚ ਖੜੀਆਂ ਹੁੰਦੀਆਂ। ਸਿਖ ਸੰਗਤਾਂ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਅਗੇ ਹੀ ਝੁਕਣਾ ਚਾਹੀਦਾ ਹੈ ਨਾ ਕਿ ਕਿਸੇ ਵਿਅਕਤੀ ਅਗੇ ਭਾਵੇਂ ਉਹ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ।
ਦਰਅਸਲ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਕਹੇ ਇਹੀ ਬਚਨ ਸਨ, ਜਿਨ੍ਹਾਂ ਨੇ ਇੰਦਰਾ ਗਾਂਧੀ ਸਮੇਤ ਜ਼ਾਲਮ, ਜਾਬਰ, ਵਹਿਸ਼ੀ, ਮਕਾਰ ਅਤੇ ਸਿਰੇ ਦੀ ਹੰਕਾਰੀ ਸਰਕਾਰੀ ਅਫ਼ਸਰਸ਼ਾਹੀ ਦੇ ਕੰਨ ਖੜੇ ਕਰ ਦਿਤੇ। ਉਸ ਦਿਨ ਤੋਂ ਹੀ ‘ਦਮਦਮੀ ਟਕਸਾਲ’ ਸਰਕਾਰੀ ਖੁਫੀਆ ਏਜੰਸੀਆਂ ਦੇ ਏਜੰਡੇ ਉਤੇ ਆ ਗਈ। ਧਿਆਨ ਰਹੇ ਕਿ ਇਹ ਉਹ ਦੌਰ ਸੀ ਜਦੋਂ ਇੰਦਰਾ ਗਾਂਧੀ ਨੇ ਸਮੁਚੇ ਦੇਸ ਵਿਚ ਐਮਰਜੈਂਸੀ ਲਾ ਕੇ ਸਾਰੀਆਂ ਕਾਨੂੰਨੀ ਸ਼ਕਤੀਆਂ ਆਪਣੇ ਹਥ ਵਿਚ ਲਈਆਂ ਹੋਈਆ ਸਨ। ਸਾਰੇ ਵਿਰੋਧੀ ਰਾਜਸੀ ਆਗੂ ਜੇਲ੍ਹਾਂ ਵਿਚ ਨਜਰਬੰਦ ਸਨ। ਇਕ ਸਿਖ ਵਜੋਂ ਸੰਤਾਂ ਦੇ ਸਵੈਮਾਣ ਦੀ ਇਹ ਬੁਲੰਦੀ ਸੀ, ਜਿਸ ਨੇ ਸਰਕਾਰੀ ਖੁਫੀਆਂ ਏਜੰਸੀਆਂ ਨੂੰ ਚੌਕਸ ਕਰ ਦਿਤਾ ਅਤੇ ਉਸ ਤੋਂ ਬਾਅਦ ਹੀ ਦਮਦਮੀ ਟਕਸਾਲ ਤੇ ਸੰਤਾਂ ਦੀਆਂ ਸਰਗਰਮੀਆਂ ਦਾ ਨੋਟਿਸ ਲਿਆ ਜਾਣ ਲਗਾ।
ਸੰਤ ਕਰਤਾਰ ਸਿੰਘ ਹੁਰਾਂ ਨੇ ਗੁਰੂ ਤੇਗ ਬਹਾਦਰ ਜੀ ਦੇ 300 ਸਾਲਾਂ ਸ਼ਹੀਦੀ ਪੁਰਬ ਦੇ ਮੌਕੇ ਧਰਮ ਪ੍ਰਚਾਰ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ ਵਾਸਤੇ ਸਿਖਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਦੀਆਂ ਵਖ ਵਖ ਥਾਵਾਂ ਤੋਂ ਆਰੰਭ ਕਰ ਕੇ 37 ਜਲੂਸ ਕਢੇ। ਇਹਨਾਂ ਜਲੂਸਾਂ ਨੂੰ ਸਿਖ ਸੰਗਤਾਂ ਨੇ ਏਨਾ ਭਰਵਾਂ ਹੁਗਾਰਾਂ ਦਿਤਾ ਕਿ ਹਰੇਕ ਜਲੂਸ ਵਿਚ 300-400 ਟਰਕ, ਟਰਾਲੀਆਂ ਤੇ ਕਾਰਾਂ ਸਮੇਤ ਹਜਾਰਾਂ ਸਿਖ ਸੰਗਤਾਂ ਸ਼ਾਮਿਲ ਹੁੰਦੀਆ। ਜਲੂਸ ਘਟੋਘਟ 100 ਕਿਲੋਮੀਟਰ ਦੇ ਇਲਾਕੇ ਵਿਚ ਪੈਂਦੇ 60-70 ਪਿੰਡਾਂ ਵਿਚੋਂ ਲੰਘਦਾ। ਪਿੰਡ ਪਿੰਡ ਸਵਾਗਤੀ ਗੇਟ ਬਣਾ ਕੇ ਸੰਗਤਾਂ ਜਲੂਸ ਆਉਣ ਤੋਂ ਪਹਿਲਾਂ ਹੀ ਇਕਠੀਆ ਹੋ ਜਾਂਦੀਆ। ਸੰਤ ਜੀ ਹਰੇਕ ਪਿੰਡ ਰੁਕ ਕੇ ਪ੍ਰਚਾਰ ਕਰਦੇ। ਸੰਗਤਾਂ ਕੋਲੋ ਬਾਹਵਾਂ ਖੜੀਆ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਭੇਖਧਾਰੀ ਸਾਧ ਨੂੰ ਗੁਰੂ ਨਾ ਮੰਨਣ ਅਤੇ ਅਮਿ੍ਰਤ ਛਕ ਕੇ ਦਸਮ ਪਾਤਸ਼ਾਹ ਦੇ ਪੁਤਰ ਬਣਨ ਦਾ ਪ੍ਰਣ ਲੈਂਦੇ। ਗਜ ਵਜ ਕੇ ਸੰਗਤਾਂ ਵਾਰ ਵਾਰ ਸੰਤਾਂ ਦੇ ਮਗਰ ਦੁਹਰਾਉਂਦੀਆ : ‘ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ। ਸੰਤ ਕਰਤਾਰ ਸਿੰਘ ਹੁਰਾਂ ਦੀ ਅਗਵਾਈ ਹੇਠਲੀ ਦਮਦਮੀ ਟਕਸਾਲ ਦੀ ਵਧ ਰਹੀ ਇਸ ਤਾਕਤ ਨੂੰ ਠਲ੍ਹਣ ਲਈ ਹੀ ਜ਼ਿਲ੍ਹਾ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਨਰਿੰਜਣ ਸਿੰਘ ਅਤੇ ਪੰਜਾਬ ਸਰਕਾਰ ਦਾ ਮੁਖ ਸਕਤਰ ਹਰਦੇਵ ਸਿੰਘ ‘ਨਿਰੰਕਾਰੀ’ ਲਾਏ ਗਏ ਸਨ।
ਇਸ ਨਿਰੰਕਾਰੀ ਡਿਪਟੀ ਕਮਿਸ਼ਨਰ ਨੇ ਕਿਵੇਂ ਸੰਤਾਂ ਦੇ ਸਵੈਮਾਣ ਦਾ ਇਮਤਿਹਾਨ ਲਿਆ, ਇਸ ਦੀ ਜਾਣਕਾਰੀ ਵੀ ਬਾਅਦ ਵਿਚ ਵਾਪਰੀਆਂ ਘਟਨਾਵਾਂ ਬਾਰੇ ਕੁਝ ਰੌਸ਼ਨੀ ਪਾ ਸਕਦੀ ਹੈ। ਇਕ ਜਲੂਸ ਤੋਂ ਪਹਿਲੀ ਰਾਤ 10 ਵਜੇ ਦੇ ਕਰੀਬ ਇਕ ਪੁਲਿਸ ਅਫਸਰ ਨੂੰ ਲਿਖਤੀ ਪ੍ਰਵਾਨਾ ਦੇ ਕੇ ਸੰਤਾਂ ਕੋਲ ਭੇਜਿਆ ਗਿਆ ਕਿ ਸਵੇਰੇ 9 ਵਜੇ ਵਡੀ ਸੜਕ ਵਿਹਲੀ ਹੋਣੀ ਚਾਹੀਦੀ ਹੈ, ਕਿਉਂਕਿ ਇਕ ਕੇਂਦਰੀ ਮੰਤਰੀ ਅਤੇ ਮੁਖ ਮੰਤਰੀ ਨੇ ਉਥੋਂ ਲੰਘਣਾ ਹੈ। ਇਸ ਲਈ ਜਲੂਸ ਨੂੰ ਉਥੋਂ 9 ਵਜੇ ਤੋਂ ਪਹਿਲਾਂ ਪਹਿਲਾਂ ਲੰਘਾ ਲਉ। ਸੰਤਾਂ ਨੇ ਪੁਲਿਸ ਅਫਸਰ ਨੂੰ ਇਹ ਕਹਿ ਕੇ ਵਾਪਸ ਮੋੜ ਦਿਤਾ ਕਿ ਕੋਈ ਵੀ ਦੁਨਿਆਵੀ ਮੰਤਰੀ ਗੁਰੂ ਗ੍ਰੰਥ ਸਾਹਿਬ ਤੋਂ ਵਡਾ ਨਹੀਂ, ਇਸ ਲਈ ਦੋਵਾਂ ਮੰਤਰੀਆਂ ਨੂੰ ਕਹਿ ਦੇਵੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਸੰਗਤਾਂ ਦਾ ਮਹਾਨ ਜਲੂਸ ਆ ਰਿਹਾ ਹੈ, ਇਸ ਲਈ ਉਹ ਦੋਵੇਂ ਸੜਕ ਕਿਨਾਰੇ ਜੋੜੇ ਲਾਹ ਕੇ ਦੋਵੇਂ ਹਥ ਜੋੜ ਕੇ ਖੜੇ ਹੋ ਜਾਣ ਤੇ ਜਲੂਸ ਦੇ ਸਤਿਕਾਰ ਵਿਚ ਸੜਕ ਖਾਲੀ ਕਰ ਦੇਣ। ਇਸੇ ਤਰ੍ਹਾਂ ਹੀ ਹੋਇਆ। ਜਲੂਸ ਆਪਣੇ ਮਿਥੇ ਸਮੇਂ ਉਤੇ ਆਰੰਭ ਹੋਇਆ ਅਤੇ ਪਹਿਲੇ ਉਲੀਕੇ ਮਾਰਗ ਤੋਂ ਲੰਘਿਆ। ਡਿਪਟੀ ਕਮਿਸ਼ਨਰ ਨਰਿੰਜਣ ਸਿੰਘ ਆਪਣੇ ਹੁਕਮ ਦੀ ਹੋਈ ਇਸ ਉਲੰਘਣਾ ਤੋਂ ਖਿਝਦਾ ਰਿਹਾ। ਅਜਿਹੇ ਮੌਕੇ ਇਕ ਵਾਰ ਨਹੀਂ ਅਨੇਕ ਵਾਰ ਆਏ। ਅਸਲ ਵਿਚ ਇਹੀ ਸਿਖ ਸਵੈਮਾਣ ਅਤੇ ਸਿਖੀ ਦੀ ਆਤਮਾ ਸੀ, ਜਿਸ ਨੂੰ ਕੁਚਲਣ ਤੇ ਮਾਰਨ ਲਈ ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਫੌਜੀ ਹਮਲਾ ਕੀਤਾ ਗਿਆ।
ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਭਾਰਤੀ ਹੁਕਮਰਾਨ 1947 ਤੋਂ ਹੀ ਇਹ ਯਤਨ ਕਰਦੇ ਆ ਰਹੇ ਹਨ। ਪੰਜਾਬੀ ਸੂਬੇ ਦੇ ਮੋਰਚੇ ਤੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਮਨਵਾਉਣ ਲਈ ਲਗੇ ਧਰਮ ਯੁਧ ਮੋਰਚੇ ਨੂੰ ਸਰਕਾਰੀ ਜਬਰ ਨਾਲ ਕੁਚਲਣਾ ਇਸ ਦੀਆਂ ਮਿਸਾਲਾਂ ਹਨ। ਅਨੰਦਪੁਰ ਦੇ ਮਤੇ ਵਿਚ ਇਹ ਸਪਸ਼ਟ ਦਰਜ ਹੈ ਕਿ  ਹਿੰਦੁਸਤਾਨ ਦੀ ਧਕੜ ਬਹੁਗਿਣਤੀ ਨੇ 1950 ਵਿਚ ਮੁਲਕ ਉਤੇ ਇਕ ਅਜਿਹਾ ਸੰਵਿਧਾਨਕ ਇੰਤਜ਼ਾਮ ਠੋਸਿਆ ਹੈ, ਜਿਸ ਨੇ ਸਿਖਾਂ ਨੂੰ ਉਹਨਾਂ ਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲਖਣਤਾ ਤੋਂ ਸਖਣੇ ਕਰ ਦਿਤਾ ਹੈ। ... ਸਿਖਾਂ ਨਾਲ ਪਹਿਲੋਂ ਕੀਤੇ ਸੰਜੀਦਾ ਇਕਰਾਰਨਾਮੇ ਅਤੇ ਸ਼ਰੇਆਮ ਕੀਤੇ ਵਾਅਦਿਆਂ ਨੂੰ ਬੇਲਿਹਾਜ਼ੀ ਨਾਲ ਤੋੜ ਕੇ ਸਿਖਾਂ ਨੂੰ ਜਕੜ ਕੇ ਗੁਲਾਮ ਬਣਾ ਲਿਆ ਗਿਆ ਹੈ। ... ਸਿਖ ਆਪਣੇ-ਆਪ ਨੂੰ ਹਰ ਵਾਜਬ ਢੰਗ ਨਾਲ ਇਸ ਜ਼ਿਲਤ ਭਰੀ ਅਤੇ ਵਿਨਾਸ਼ਕਾਰੀ ਸਥਿਤੀ ਵਿਚੋਂ ਬਚਾਉਣ ਅਤੇ ਆਜ਼ਾਦ ਹੋਣ ਲਈ ਦ੍ਰਿੜ੍ਹ ਸੰਕਲਪ ਹਨ ਤਾਂ ਕਿ ਉਹ ਸਵੈਮਾਣ ਨਾਲ ਜਿਉਣ ਨੂੰ ਪਕੇ ਤੌਰ ਉਤੇ ਯਕੀਨੀ ਬਣਾ ਸਕਣ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਗਮੀ ਰਾਜਨੀਤਕ ਸੂਝ ਹੀ ਸੀ ਕਿ ਉਹਨਾਂ ਨੇ ਇਸ ਹਮਲੇ ਵਿਰੁਧ ਸਮੁਚੇ ਸਿਖ ਪੰਥ ਨੂੰ ਆਪਣੇ ਮਗਰ ਲਾਮਬੰਦ ਕਰ ਲਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਜੂਝਦਿਆ ਹੋਇਆਂ ਸ਼ਹੀਦੀ ਦੇ ਕੇ ਇਸ ਨੂੰ ਦਿਲੀ ਤਖਤ ਅਤੇ ਅਕਾਲ ਤਖਤ ਦੀ ਟਕਰ ਬਣਾ ਦਿਤਾ। ਸੰਤ ਭਿੰਡਰਾਂਵਾਲੇ ਇਹ ਗੱਲ ਵਾਰ ਵਾਰ ਦੁਹਰਾਉਂਦੇ ਰਹੇ ਕਿ ਜੇ ਸਿਖਾਂ ਨੇ ਇਸ ਦੇਸ ਵਿਚ ਰਹਿਣਾ ਤਾਂ ਸਵੈਮਾਣ ਨਾਲ ਜਿਉਣਾ ਹੈ ਅਤੇ ਸਿਖ ਜਮੀਰ ਨੂੰ ਜਿਉਂਦੀ ਰਖ ਕੇ ਜਿਉਣਾ ਹੈ। ਇਸ ਟਕਰਾਅ ਦਾ ਅਸਲੀ ਕਾਰਨ ਇਹੀ ਸੀ। ਸੰਤਾਂ ਦੀ ਸੂਝ ਅਤੇ ਸੂਰਮਗਤੀ ਨੇ ਸਿਖ ਸੰਘਰਸ਼ ਦਾ ਸਾਰਾ ਬਿਰਤਾਂਤ ਹੀ ਬਦਲ ਦਿੱਤਾ।

 ਗੁਰਬਚਨ ਸਿੰਘ ਦੇਸ ਪੰਜਾਬ