ਰਵੀਸ਼ ਦੀ ਦਲੇਰਾਨਾ ਪੱਤਰਕਾਰੀ ਬਨਾਮ ਐਨ.ਡੀ.ਟੀ.ਵੀ. 

ਰਵੀਸ਼ ਦੀ ਦਲੇਰਾਨਾ ਪੱਤਰਕਾਰੀ ਬਨਾਮ ਐਨ.ਡੀ.ਟੀ.ਵੀ. 

ਵਿਸ਼ੇਸ਼ ਟਿੱਪਣੀ

ਰਵੀਸ਼ ਕੁਮਾਰ ਭਾਰਤੀ ਮੀਡੀਆ ਦਾ ਵੱਡਾ ਨਾਂਅ ਹੈ। ਭਾਰਤੀ ਟੈਲੀਵਿਜ਼ਨ ਦਾ ਵੱਡਾ ਚਿਹਰਾ ਹੈ। ਮੀਡੀਆ ਦੀ ਜਾਣੀ-ਪਛਾਣੀ ਹਸਤੀ ਹੈ। ਉਹ ਬੋਲਣ ਦੇ ਨਾਲ ਕੁਝ ਨਾ ਕੁਝ ਲਿਖਦਾ ਵੀ ਰਹਿੰਦਾ ਹੈ। ਕਦੇ ਕਵਿਤਾ ਰਾਹੀਂ, ਕਦੇ ਵਾਰਤਕ ਰਾਹੀਂ।

ਰਵੀਸ਼ ਕੁਮਾਰ ਵਲੋਂ ਲਿਖੀ ਅੰਗਰੇਜ਼ੀ ਪੁਸਤਕ "the free Voice ਦਾ ਤਰਜਮਾ ਵੱਖ-ਵੱਖ ਭਾਸ਼ਾਵਾਂ ਵਿਚ ਹੋ ਰਿਹਾ ਹੈ। ਭਾਰਤ ਵਿਚ ਲੋਕਤੰਤਰ ਦੀ, ਸਭਿਆਚਾਰ ਦੀ ਕੀ ਸਥਿਤੀ ਹੈ, ਰਵੀਸ਼ ਕੁਮਾਰ ਇਸ 'ਤੇ ਖੁੱਲ੍ਹ ਕੇ ਬੋਲਦਾ ਹੈ। ਮੀਡੀਆ ਦੀ ਨਿਊਜ਼ ਚੈਨਲਾਂ ਦੀ ਕਾਰਗੁਜ਼ਾਰੀ ਦੀਆਂ ਪਰਤਾਂ ਫਰਲੋਦਿਆਂ ਬੇਬਾਕ ਉਹ ਸਭ ਕੁਝ ਕਹਿੰਦਾ/ਲਿਖਦਾ ਹੈ, ਜਿਸ ਨੂੰ ਕਹਿਣ ਲਿਖਣ ਤੋਂ ਬਹੁਤੇ ਲੋਕ ਗੁਰੇਜ਼ ਕਰਦੇ ਹਨ। ਉਸ ਦੇ ਦਰਸ਼ਕ, ਉਸ ਦੇ ਪਾਠਕ ਇਹ ਸਭ ਜਾਣਦੇ ਹਨ।

"The free Voice ਕਿਤਾਬ ਉਹ ਸ਼ੀਸ਼ਾ ਹੈ ਜਿਸ ਵਿਚੋਂ ਤੁਸੀਂ ਭਾਰਤ ਦੀਆਂ ਗੁੰਝਲਦਾਰ ਸਮਾਜਿਕ ਹਕੀਕਤਾਂ ਅਤੇ ਲੋਕਤੰਤਰ ਲਈ ਪੈਦਾ ਹੋਈਆਂ ਚੁਣੌਤੀਆਂ ਨੂੰ ਆਸਾਨੀ ਨਾਲ ਵੇਖ ਸਕਦੇ ਹੋ, ਸਮਝ ਸਕਦੇ ਹੋ। ਉਹ ਨਿਡਰ ਪੱਤਰਕਾਰੀ ਅਤੇ ਤਿੱਖੀਆਂ ਸਿਆਸੀ ਟਿੱਪਣੀਆਂ ਕਾਰਨ ਜਾਣਿਆ ਜਾਂਦਾ ਹੈ, ਸੱਚ ਬੋਲਣ ਕਰਕੇ ਉਹ ਅਕਸਰ ਕਈ ਲੋਕਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਇਸ ਪੁਸਤਕ ਰਾਹੀਂ ਉਸ ਨੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਸਿੱਧ ਕੀਤਾ ਹੈ ਕਿ ਭਾਰਤੀ ਲੋਕਤੰਤਰ ਨੂੰ ਕਿੱਥੇ-ਕਿੱਥੇ ਕਿਵੇਂ ਕਿੰਨਾ ਖ਼ਤਰਾ ਹੈ।

ਉਸ ਨੇ ਪਾਠਕਾਂ ਨੂੰ ਸਫਲਤਾ ਪੂਰਵਕ ਦੱਸਿਆ ਹੈ ਕਿ ਸੱਚ ਬੋਲਣ ਦੀ ਉਸ ਨੂੰ ਕਿੰਨੀ ਕੀਮਤ ਚੁਕਾਉਣੀ ਪਈ ਹੈ। ਉਸ ਦੇ ਜੀਵਨ ਨੂੰ ਕਿੰਨਾ ਖ਼ਤਰਾ ਹੈ ਅਤੇ ਰੋਜ਼ਾਨਾ ਕਿੰਨੇ ਤਰ੍ਹਾਂ-ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਦੌਰਾਨ ਉਸ ਨੇ ਲਗਾਤਾਰ ਇਹ ਦੱਸਣਾ ਕਿਵੇਂ ਜਾਰੀ ਰੱਖਿਆ ਕਿ ਲੋਕਤੰਤਰ ਦੀ ਸੁਰੱਖਿਆ ਲਈ ਸਵਾਲ ਪੁੱਛਣਾ ਕਿਉਂ ਅਤੇ ਕਿੰਨਾ ਜ਼ਰੂਰੀ ਹੈ।

ਪੁਸਤਕ ਵਿਚ ਸਿਆਸੀ-ਕਾਰਪੋਰੇਟ-ਮੀਡੀਆ ਗੱਠਜੋੜ ਦਾ ਪਰਦਾਫਾਸ਼ ਕਰਦਿਆਂ ਦੱਸਿਆ ਗਿਆ ਹੈ ਕਿ ਮੀਡੀਆ ਦਾ ਇਕ ਵੱਡਾ ਹਿੱਸਾ ਕਿਵੇਂ ਸਰਕਾਰੀ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ। ਕਿਵੇਂ ਜਾਅਲੀ ਖ਼ਬਰਾਂ ਅਤੇ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਕਿਵੇਂ ਉਲਾਰ ਤੇ ਸਨਸਨੀਖੇਜ਼ ਬਹਿਸਾਂ ਕਰਵਾ ਕੇ ਲੋਕਾਂ ਦੇ ਮਨਾਂ ਅੰਦਰ ਫਿਰਕੂ ਨਫ਼ਰਤ ਭਰੀ ਜਾ ਰਹੀ ਹੈ। ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਰੁੱਝੇ ਲੋਕ ਕਿਵੇਂ ਸੋਚਣਾ ਅਤੇ ਕੌਮੀ ਮੁੱਦਿਆਂ 'ਤੇ ਪ੍ਰਤੀਕਰਮ ਦੇਣਾ ਭੁੱਲ ਗਏ ਹਨ।

ਕਿਸੇ ਧਰਮ, ਕਿਸੇ ਸਮਾਜ, ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਨਾਉਣ ਲਈ ਕਿਵੇਂ ਵਟਸਐਪ ਗਰੁੱਪ ਬਣਾਏ ਜਾਂਦੇ ਹਨ। ਕਿਵੇਂ ਮੀਡੀਆ ਅਤੇ ਬੋਲਣ ਵਾਲਿਆਂ ਅੰਦਰ ਡਰ ਭਰਿਆ ਜਾ ਰਿਹਾ ਹੈ। ਕਿਵੇਂ ਉਸਾਰੂ ਆਲੋਚਨਾ ਨੂੰ ਹਾਸ਼ੀਏ 'ਤੇ ਧਕੇਲ ਦਿੱਤਾ ਗਿਆ ਹੈ। ਧਰਮ ਅਤੇ ਰਾਸ਼ਟਰਵਾਦ ਦੇ ਨਾਂਅ 'ਤੇ ਕਿਵੇਂ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਉਹ ਇਸ ਪੁਸਤਕ ਰਾਹੀਂ ਇਕ ਪਾਸੇ ਸਮਾਜਿਕ ਯਥਾਰਥ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਸਰੇ ਪਾਸੇ ਦੇਸ਼ ਵਾਸੀਆਂ ਨੂੰ, ਦਰਪੇਸ਼ ਚੁਣੌਤੀਆਂ ਪ੍ਰਤੀ ਚੌਕਸ ਵੀ ਕਰ ਰਿਹਾ ਹੈ। ਉਹ ਸੋਚਣ, ਪੜ੍ਹਨ ਤੇ ਬੋਲਣ ਦਾ ਹੋਕਾ ਦਿੰਦਾ ਹੈ। ਧਰਮ ਦੇ ਨਾਂਅ 'ਤੇ ਟੈਲੀਵਿਜ਼ਨ 'ਤੇ ਕੀਤੀਆਂ ਜਾ ਰਹੀਆਂ ਬਹਿਸਾਂ 'ਤੇ ਤਿੱਖੇ ਵਿਅੰਗ ਕਰਦਾ ਹੈ।

ਮੈਂ ਜਦੋਂ ਉਸ ਦੀ ਇਹ ਕਿਤਾਬ ਪੜ੍ਹ ਰਿਹਾ ਸਾਂ ਤਾਂ ਸੋਸ਼ਲ ਮੀਡੀਆ 'ਤੇ ਇਕ ਖ਼ਬਰ ਤੁਰਦੀ ਹੈ। ਤੁਰਦੀ-ਤੁਰਦੀ ਫੈਲ ਜਾਂਦੀ ਹੈ। ਤਸਦੀਕ ਲਈ ਮੈਂ ਖ਼ਬਰ ਦੇ ਹੋਰਨਾਂ ਸਰੋਤਾਂ ਵੱਲ ਵਧਦਾ ਹਾਂ। ਖ਼ਬਰ ਸਹੀ ਸੀ, ਪਰ ਖ਼ਬਰ ਵਿਚ ਕਈ ਘੁੰਢੀਆਂ ਸਨ। ਹਰ ਕੋਈ ਆਪਣੇ-ਆਪਣੇ ਢੰਗ ਨਾਲ ਖ਼ਬਰ ਨਸ਼ਰ ਕਰ ਰਿਹਾ ਸੀ। ਆਪਣੇ-ਆਪਣੇ ਢੰਗ ਨਾਲ ਵਿਆਖਿਆ ਕਰ ਰਿਹਾ ਸੀ ਅਤੇ ਸੁਆਲ ਇਹ ਉਭਰਦਾ ਸੀ ਕਿ ਹੁਣ ਰਵੀਸ਼ ਕੁਮਾਰ ਦਾ ਕੀ ਹੋਵੇਗਾ ? ਖ਼ਬਰ ਨੂੰ ਇਸ ਤਰੀਕੇ ਨਾਲ ਉਛਾਲਿਆ ਗਿਆ ਕਿ ਇਕ ਵੱਡੇ ਕਾਰਪੋਰੇਟ ਅਦਾਰੇ ਨੇ ਐਨ.ਡੀ.ਟੀ.ਵੀ. ਨੂੰ ਖ਼ਰੀਦ ਲਿਆ ਹੈ। ਹੁਣ ਚੈਨਲ ਦੀ ਸੰਪਾਦਕੀ ਨੀਤੀ ਅਤੇ ਰਵੀਸ਼ ਦੇ ਪ੍ਰਾਈਮ ਟਾਈਮ ਦਾ ਕੀ ਹੋਵੇਗਾ?

ਦਰਅਸਲ ਕੁਝ ਦੇਰ ਪਹਿਲਾਂ ਇਕ ਰਿਪੋਰਟ ਛਪੀ ਸੀ ਕਿ ਸਰਕਾਰ ਪੱਖੀ ਇਕ ਕਾਰਪੋਰੇਟ ਕੰਪਨੀ ਐਨ.ਡੀ.ਟੀ.ਵੀ. ਦੀ 29.18 ਫੀਸਦੀ ਹਿੱਸੇਦਾਰੀ ਖ਼ਰੀਦਣ ਜਾ ਰਹੀ ਹੈ। ਹੁਣ ਇਹ ਖ਼ਬਰ ਆਈ ਹੈ ਕਿ ਇਹ ਹਿੱਸੇਦਾਰੀ ਖ਼ਰੀਦ ਲਈ ਗਈ ਹੈ ਅਤੇ ਬਾਕੀ 26 ਫੀਸਦੀ ਹਿੱਸੇਦਾਰੀ ਖ਼ਰੀਦਣ ਲਈ ਖੁੱਲ੍ਹੀ ਪੇਸ਼ਕਸ਼ ਵੀ ਕਰ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਨਾਂ ਸ਼ੱਕ ਉਕਤ ਕਾਰਪੋਰੇਟ ਕੰਪਨੀ ਐਨ.ਡੀ.ਟੀ.ਵੀ. ਦੀ ਮਾਲਕ ਬਣ ਜਾਵੇਗੀ।

ਐਨ.ਡੀ.ਟੀ.ਵੀ. ਦੇ ਤਿੰਨ ਮੁੱਖ ਚੈਨਲ ਚਲ ਰਹੇ ਹਨ। ਇਕ ਵੈੱਬਸਾਈਟ ਹੈ ਅਤੇ ਇਕ ਯੂ-ਟਿਊਬ ਚੈਨਲ ਹੈ। ਰਵੀਸ਼ ਕੁਮਾਰ ਇਸ ਸੰਸਥਾ ਨਾਲ ਜੁੜਿਆ ਸਟਾਰ ਐਂਕਰ ਹੈ।

ਸਾਲ ਭਰ ਤੋਂ ਅਜਿਹੀਆਂ ਖ਼ਬਰਾਂ ਦੀ ਸਰਸਰਾਹਟ ਸੀ। ਉਦੋਂ ਤੋਂ ਰਵੀਸ਼ ਕੁਮਾਰ ਆਪਣੇ ਘਰ ਤੋਂ ਪ੍ਰਾਈਮ ਟਾਈਮ ਪ੍ਰੋਗਰਾਮ ਕਰ ਰਹੇ ਹਨ।

ਭਾਵੇਂ ਘਰੋਂ ਪ੍ਰੋਗਰਾਮ ਕਰਨ ਨੂੰ ਕੋਵਿਡ ਨਾਲ ਜੋੜਿਆ ਜਾ ਰਿਹਾ ਹੈ। ਪ੍ਰੰਤੂ ਹੁਣ ਤਾਂ ਟੈਲੀਵਿਜ਼ਨ ਚੈਨਲਾਂ ਦੇ ਸਟੂਡੀਓ ਵਿਚ ਕੰਮਕਾਰ ਆਮ ਵਾਂਗ ਚੱਲ ਰਿਹਾ ਹੈ।

ਰਵੀਸ਼ ਕੁਮਾਰ ਨੂੰ ਜਿਸ ਦਾ ਡਰ ਸੀ, ਉਹ ਹੋ ਗਿਆ ਹੈ। ਕੇਂਦਰ ਸਰਕਾਰ ਦੀ ਨਜ਼ਦੀਕੀ ਉਕਤ ਕਾਰਪੋਰੇਟ ਕੰਪਨੀ ਨੇ ਅਸਿੱਧੇ ਢੰਗ ਨਾਲ ਉਪਰੋਕਤ ਹਿੱਸੇਦਾਰੀ ਖ਼ਰੀਦ ਲਈ ਹੈ। ਨੇੜ-ਭਵਿੱਖ ਵਿਚ ਇਸ ਦੇ ਕੀ ਪ੍ਰਭਾਵ ਪੈਣਗੇ, ਇਹ ਸਮੇਂ ਨਾਲ ਸਾਹਮਣੇ ਆਏਗਾ।

29.18 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦਾ ਅਰਥ ਇਹ ਨਹੀਂ ਕਿ ਚੈਨਲ ਦੀ ਸੰਪਾਦਕੀ ਨੀਤੀ ਉਸ ਦੇ ਹੱਥ ਆ ਗਈ ਹੈ। ਪਰ ਇਕ ਗੱਲ ਸਾਫ਼ ਹੈ ਕਿ ਉਕਤ ਕਾਰਪੋਰੇਟ ਨੇ ਮੀਡੀਆ ਖੇਤਰ ਵਿਚ ਸਰਗਰਮੀ ਵਧਾ ਦਿੱਤੀ ਹੈ।

ਉਧਰ ਐਨ.ਡੀ.ਟੀ.ਵੀ. ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਡੇ ਨਾਲ ਚਰਚਾ ਤੋਂ ਬਗ਼ੈਰ, ਓਹਲਾ ਰੱਖ ਕੇ ਇਹ ਹਿੱਸੇਦਾਰੀ ਖ਼ਰੀਦੀ ਗਈ ਹੈ। ਦਰਅਸਲ ਇਹ ਹਿੱਸੇਦਾਰੀ ਵੀ ਸੀ.ਪੀ.ਐਲ. ਨੇ ਇਕ ਕਰਜ਼ ਸਮਝੌਤੇ ਦੇ ਆਧਾਰ 'ਤੇ ਖ਼ਰੀਦੀ ਹੈ, ਜਿਹੜਾ 2009-10 ਵਿਚ ਹੋਇਆ ਸੀ।

ਐਨ.ਡੀ.ਟੀ.ਵੀ. ਨੇ ਅੱਗੇ ਲਿਖਿਆ ਹੈ ਕਿ ਇਹ ਹਿੱਸੇਦਾਰੀ ਖ਼ਰੀਦਣ ਲੱਗਿਆਂ ਸਾਡੀ ਸਹਿਮਤੀ ਨਹੀਂ ਲਈ ਗਈ। ਐਨ.ਡੀ.ਟੀ.ਵੀ. ਪੱਤਰਕਾਰੀ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਅਤੇ ਇਹ ਅੱਜ ਵੀ ਉਸੇ ਮਾਣਮੱਤੀ ਪੱਤਰਕਾਰੀ ਨਾਲ ਖੜ੍ਹਾ ਹੈ।

 

ਪ੍ਰੋਫੈਸਰ ਕੁਲਬੀਰ ਸਿੰਘ