ਸ਼੍ਰੋਮਣੀ ਕਮੇਟੀ ਚੋਣਾਂ ਲਈ ਭਾਈ ਰਣਜੀਤ ਸਿੰਘ ਤੇ ਬਾਬੇ ਬੇਦੀ ਦੀ ਅਗਵਾਈ ਵਿਚ ਪੰਥਕ ਅਕਾਲੀ ਲਹਿਰ ਵੱਲੋਂ ਰੋਸ ਮਾਰਚ

ਸ਼੍ਰੋਮਣੀ ਕਮੇਟੀ ਚੋਣਾਂ ਲਈ ਭਾਈ ਰਣਜੀਤ ਸਿੰਘ ਤੇ ਬਾਬੇ ਬੇਦੀ  ਦੀ ਅਗਵਾਈ ਵਿਚ ਪੰਥਕ ਅਕਾਲੀ ਲਹਿਰ ਵੱਲੋਂ ਰੋਸ ਮਾਰਚ

ਅੰਮ੍ਰਿਤਸਰ ਟਾਈਮਜ਼

ਐੱਸ.ਏ.ਐੱਸ. ਨਗਰ (ਮੁਹਾਲੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਦੇ ਰੋਸ ਵਜੋਂ ਪੰਥਕ ਅਕਾਲੀ ਲਹਿਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ  ਤੇ ਪੰਥਕ ਆਗੂ ਦੀ ਅਗਵਾਈ ਹੇਠ  ਮੁਹਾਲੀ ਵਿੱਚ ਮੀਂਹ ਦੌਰਾਨ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ਵਿਚੋਂ ਸਿੱਖ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਬੱਸਾਂ, ਕਾਰਾਂ ਦੇ ਕਾਫ਼ਲਿਆਂ ਵਿੱਚ ਪਹੁੰਚੇ। ਬੁਲਾਰਿਆਂ ਨੇ ਸਿੱਖ ਮਸਲਿਆਂ ’ਤੇ ਚਰਚਾ ਕਰਨ ਮਗਰੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ।

ਉਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਂਟਰੀ ਪੁਆਇੰਟ ਬੈਰੀਕੇਡ ਲਗਾ ਕੇ ਬੰਦ ਕੀਤੇ ਗਏ ਸਨ। ਇਸ ਦੌਰਾਨ ਫੇਜ਼-7 ਦੇ ਲਾਲ ਬੱਤੀ ਚੌਕ ’ਤੇ ਮੁਹਾਲੀ ਦੇ ਐੱਸਡੀਐੱਮ ਸਰਬਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਈਆਂ ਤਾਂ ਉਹ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਸੇਧ ਲੈ ਕੇ ਅਗਲੀ ਰਣਨੀਤੀ ਉਲੀਕਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇੱਕ ਸਿਆਸੀ ਪਰਿਵਾਰ ਦੇ ਨਾਜਾਇਜ਼ ਕਬਜ਼ੇ ’ਵਿਚੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਲਈ ਜੈਤੋ ਦੇ ਮੋਰਚੇ ਵਾਂਗ ਕੁਰਬਾਨੀ ਲਹਿਰ ਸ਼ੁਰੂ ਕੀਤੀ ਜਾਵੇਗੀ ਅਤੇ ਸਭ ਤੋਂ ਪਹਿਲਾਂ ਉਹ ਖੁਦ ਕੁਰਬਾਨੀ ਦੇਣਗੇ।ਇਸ ਮੌਕੇ  ਸੰਤ ਕਸ਼ਮੀਰਾ ਸਿੰਘ, ਜਸਵੰਤ ਸਿੰਘ ਪੁੜੈਣ, ਨਿਰਮੈਲ ਸਿੰਘ ਜੌਲਾ ਆਦਿ ਹਾਜ਼ਰ ਸਨ।