ਇੰਡੀਆ ਤੇ ਪੱਛਮ ਦੀ ਖਿੱਚੋਤਾਣ ਸਿੱਖਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ ਵਧਾਏਗੀ: ਪੰਥ ਸੇਵਕ ਸਖਸ਼ੀਅਤਾਂ

ਇੰਡੀਆ ਤੇ ਪੱਛਮ ਦੀ ਖਿੱਚੋਤਾਣ ਸਿੱਖਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ ਵਧਾਏਗੀ: ਪੰਥ ਸੇਵਕ ਸਖਸ਼ੀਅਤਾਂ

*ਇੰਡੀਆ ਤੇ ਪੱਛਮ ਦੀ ਖਿੱਚੋਤਾਣ ਸਿੱਖਾਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ ਵਧਾਏਗੀ: ਪੰਥ ਸੇਵਕ ਸਖਸ਼ੀਅਤਾਂ*

*ਇੰਡੀਆ ਦੇ ਜ਼ੁਰਮਾਂ ਤੇ ਖਾਲਿਸਤਾਨ ਦੇ ਸੰਕਲਪ ਬਾਰੇ ਕੌਮਾਂਤਰੀ ਪੱਧਰ ਉੱਤੇ ਪੱਖ ਰੱਖਣ ਦੀ ਲੌੜ*

ਅੰਮ੍ਰਿਤਸਰ ਟਾਈਮਜ਼ ਬਿਊਰੋ 

*ਅੰਮ੍ਰਿਤਸਰ* (29 ਸਤੰਬਰ): ਕਨੇਡਾ ਰਹਿੰਦੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਕਨੇਡਾ ਵਿਚ ਹੋਏ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਕਨੇਡਾ ਸਰਕਾਰ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਅੱਜ ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਵੱਲੋਂ ਸਾਰੀ ਸਥਿਤੀ ਬਾਰੇ ਆਪਣੀ ਸਾਂਝੀ ਰਾਏ ਸ੍ਰੀ ਅੰਮ੍ਰਿਤਸਰ ਵਿਖੇ ਖਬਰਖਾਨੇ ਸਾਹਮਣੇ ਰੱਖੀ ਗਈ। 

ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਹੰਕਾਰ ਵਿਚ ਆਈ ਭਾਰਤ ਸਰਕਾਰ ਨੇ ਕਨੇਡਾ ਦੀ ਧਰਤੀ ਉੱਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਨੇਡਾ ਦੀ ਪ੍ਰਭੂਸਤਾ ਵਿਚ ਸਿੱਧੀ ਦਖਲਅੰਦਾਜ਼ੀ ਕੀਤੀ ਹੈ।

ਉਹਨਾ ਕਿਹਾ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਕੀਤਾ ਗਿਆ ਖੁਲਾਸਾ ਸਿਰਫ ਸਿੱਖਾਂ, ਕਨੇਡਾ ਅਤੇ ਇੰਡੀਆ ਤੱਕ ਹੀ ਸੀਮਤ ਨਹੀਂ ਹੈ। ਇਸ ਦੀਆਂ ਤੰਦਾਂ ਦੱਖਣੀ ਏਸ਼ੀਆ ਦੀ ਭੂ-ਰਾਜਨੀਤੀ ਤੇ ਇਸ ਵਿਚ ਕੌਮਾਂਤਰੀ ਤਾਕਤਾਂ ਦੀ ਰੁਚੀ ਨਾਲ ਜੁੜੀਆਂ ਹੋਈਆਂ ਹਨ।

ਭਾਈ ਦਲਜੀਤ ਸਿੰਘ ਤੇ ਭਾਈ ਨਰਾਇਣ ਸਿੰਘ ਨੇ ਕਿਹਾ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਸਿਖਰਲੇ ਅਦਾਰੇ ਪਾਰਲੀਮੈਂਟ ਵਿਚ ਇੰਡੀਆ ਉੱਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦੀ ਵਾਰਦਾਤ ਵਿਚ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਗਿਆ ਹੈ। ਅਜਿਹਾ ਕਰਦਿਆਂ ਕਨੇਡੀਅਨ ਪ੍ਰਧਾਨ ਮੰਤਰੀ ਨੇ ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅਧਾਰਤ ਸਾਂਝੇ ਖੂਫੀਆ ਤੰਤਰ ‘ਫਾਈਵ ਆਈ ਅਲਾਇੰਸ’ ਵੱਲੋਂ ਭਾਈ ਨਿੱਝਰ ਦੇ ਕਤਲ ਬਾਰੇ ਗੁਪਤ ਜਾਣਕਾਰੀ ਦਿੱਤੇ ਜਾਣ ਦਾ ਉਚੇਚਾ ਜ਼ਿਕਰ ਕੀਤਾ ਹੈ। ਕਨੇਡਾ ਦੀ ਕਾਰਵਾਈ ਪਿੱਛੇ ਪੱਛਮੀ ਤਾਕਤਾਂ ਵੱਲੋਂ ਦੱਖਣੀ ਏਸ਼ੀਆ ਦੇ ਖਿੱਤੇ ਪ੍ਰਤੀ ਅਪਨਾਏ ਜਾ ਰਹੇ ਮਹੱਤਵਪੂਰਨ ਰੁਖ ਨੂੰ ਦਰਸਾਉਂਦਾ ਹੈ। 

ਉਹਨਾ ਕਿਹਾ ਕਿ ਇੰਡੀਆ ਬਾਰੇ ਕਨੇਡਾ ਦਾ ਇਹ ਕਦਮ ਪੱਛਮੀ ਤਾਕਤਾਂ ਦੀ ਸੋਚ-ਸਮਝ ਕੇ ਕੀਤੀ ਕਾਰਵਾਈ ਹੈ। ਇੱਕ ਖਾਲਿਸਤਾਨੀ ਸਿੱਖ ਆਗੂ ਦੇ ਕਨੇਡਾ ਵਿਚ ਇੰਡੀਆ ਵੱਲੋਂ ਕੀਤੇ ਕਤਲ ਨਾਲ ਜੁੜੇ ਹੋਣ ਕਰਕੇ ਇਹ ਕਾਰਵਾਈ ਸਿੱਖਾਂ ਲਈ ਬਹੁਤ ਅਹਿਮ ਹੈ। ਇਹ ਮਸਲਾ ਕੌਮਾਂਤਰੀ ਤਾਕਤਾਂ ਦੇ ਭੇੜ ਦਾ ਇਕ ਅਜਿਹਾ ਨੁਕਤਾ ਬਣ ਰਿਹਾ ਹੈ ਜਿਸ ਦੇ ਐਨ ਕੇਂਦਰ ਵਿਚ ਸਿੱਖ ਅਤੇ ਖਾਲਿਸਤਾਨ ਦਾ ਮਸਲਾ ਆ ਗਿਆ ਹੈ।

ਸਰਕਾਰ ਨਸ਼ਿਆਂ, ਗੈਂਗਵਾਦ ਤੇ ਮੁਜ਼ਰਮਾਨਾ ਕਾਰਵਾਈਆਂ, ਜਿਹਨਾ ਦਾ ਖਾਲਿਸਤਾਨ ਦੇ ਆਦਰਸ਼, ਸੰਕਲਪ ਅਤੇ ਸਰਗਰਮੀ ਨਾਲ ਕੋਈ ਵੀ ਨਾਤਾ ਨਹੀਂ ਹੈ, ਨੂੰ ਸਿੱਖਾਂ ਅਤੇ ਖਾਲਿਸਤਾਨ ਦੇ ਸਿਰ ਮੜ੍ਹਨ ਦਾ ਯਤਨ ਹੋਰ ਤੇਜ ਕਰੇਗੀ। 

ਪੰਥ ਸੇਵਕਾਂ ਨੇ ਕਿਹਾ ਕਿ ਇਸ ਵੇਲੇ ਜਿੱਥੇ ਇਹ ਚੁਣੌਤੀਆਂ ਤੇ ਖਦਸ਼ੇ ਉੱਭਰ ਰਹੇ ਹਨ ਓਥੇ ਬਣ ਰਹੇ ਹਾਲਾਤ ਵਿਚ ਸਿੱਖਾਂ ਲਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਹਨ। ਸਿੱਖਾਂ ਨੂੰ ਇਸ ਮੌਕੇ ਆਪਣਾ ਪੱਖ ਮਜਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਖਾਲਿਸਤਾਨ ਦੇ ਪਵਿੱਤਰ ਸੰਕਲਪ ਬਾਰੇ ਸਪਸ਼ਟਤਾ ਲਿਆਉਣੀ ਤੇ ਫੈਲਾਉਣੀ ਚਾਹੀਦੀ ਹੈ। ਇੰਡੀਆ ਵੱਲੋਂ ਖਾਲਿਸਤਾਨ ਅਤੇ ਸਿੱਖਾਂ ਦੀ ਆਜ਼ਾਦੀ ਦੇ ਵਿਚਾਰ ਦੇ ਵਿਰੁਧ ਕੀਤੇ ਜਾ ਰਹੇ ਭੰਡੀ ਪਰਚਾਰ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।

ਸਿੱਖ ਲਈ ਇਹ ਬਹੁਤ ਜਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੇ ਧੁਰ-ਦਰਗਾਹੀ ਪਾਤਿਸ਼ਾਹੀ ਦਾਅਵੇ ਨੂੰ ਇਕ ਵਿਲੱਖਣ ਤੇ ਆਜ਼ਾਦਾਨਾ ਦਾਅਵੇ ਵੱਜੋਂ ਪਰਗਟ ਕਰਦਿਆਂ ‘ਰਾਜ ਦੇ ਸਿੱਖ ਸੰਕਲਪ’ (ਸਿੱਖ ਆਈਡਿਆ ਆਫ ਸਟੇਟ) ਬਾਰੇ ਆਪਣਾ ਪੱਖ ਸੰਸਾਰ ਸਾਹਮਣੇ ਪੇਸ਼ ਕਰਨ।

ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਭਾਈ ਰਾਜਿੰਦਰ ਸਿੰਘ ਮੁਗਲਵਾਲ ਨੇ ਕਿਹਾ ਕਿ ਪੱਛਮੀ ਮੁਲਕਾਂ ਵਿਚ ਸਰਗਰਮ ਸਿੱਖਾਂ ਨੂੰ ਘੱਲੂਘਾਰਾ ਜੂਨ 1984, ਨਵੰਬਰ 1984 ਦੀ ਸਿੱਖ ਨਸਲਕੁਸ਼ੀ ਅਤੇ 1980-1990ਵਿਆਂ ਵਿਚ ਪੰਜਾਬ ਵਿਚ ਹੋਏ ਮਨੁੱਖਤਾ ਖਿਲਾਫ ਜ਼ੁਰਮਾਂ ਤੇ ਗੈਰ-ਨਿਆਇਕ ਕਤਲਾਂ ਦੇ ਮਾਮਲੇ ਕੌਮਾਂਤਰੀ ਮੰਚਾਂ ਉੱਤੇ ਵਿਚਾਰਨ ਬਾਰੇ ਉਚੇਚੀ ਸਰਗਰਮੀ ਕਰਨੀ ਚਾਹੀਦੀ ਹੈ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਇਸ ਵੇਲੇ ਖਿੱਤੇ ਵਿਚਲੀਆਂ ਦੋਸਤ ਤਾਕਤਾਂ ਜਿਵੇਂ ਕਿ ਦੂਸਰੀਆਂ ਕੌਮਾਂ/ਕੌਮੀਅਤਾਂ, ਐਸ.ਸੀ, ਐਸ.ਟੀ. ਭਾਈਚਾਰੇ ਅਤੇ ਸੰਘਰਸ਼ਸ਼ੀਲ ਧਿਰਾਂ ਨਾਲ ਨੇੜਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ।

ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਇਸ ਵੇਲੇ ਦਿੱਲੀ ਦਰਬਾਰ ਸਿੱਖਾਂ ਨੂੰ ਘੇਰਨ ਅਤੇ ਦਬਾਉਣ ਵਿਚ ਇਸ ਲਈ ਕਾਮਯਾਬ ਹੋ ਰਿਹਾ ਹੈ ਕਿ ਸਿੱਖਾਂ ਦੀ ਤਾਕਤ ਦੇ ਕੇਂਦਰਾਂ, ਜਿਹਨਾ ਵਿਚ ਵੱਖ-ਵੱਖ ਸੰਸਥਾਵਾਂ, ਸੰਪਰਦਾਵਾਂ, ਅਦਾਰੇ, ਪਾਰਟੀਆਂ ਤੇ ਜਥੇ ਹਨ, ਨੂੰ ਸੂਤਰਬਧ ਕਰਨ ਵਾਲਾ ਧੁਰਾ ਇਸ ਵੇਲੇ ਕਾਇਮ ਅਤੇ ਕਾਰਜਸ਼ੀਲ ਨਹੀਂ ਹੈ। ਮੌਜੂਦਾ ਹਾਲਾਤ ਵਿਚ ਸਿੱਖਾਂ ਨੂੰ ਗੁਰੂ ਬਖਸ਼ੇ ਅਸਲ ‘ਅਕਾਲੀ ਗੁਣਾਂ’ ਵਾਲੀਆਂ ਨਿਸ਼ਕਾਮ ਸਖਸ਼ੀਅਤਾਂ ਉੱਤੇ ਅਧਾਰਤ ਇਕ ਜਥਾ ਉਭਾਰਨ ਦੀ ਲੋੜ ਹੈ ਜੋ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤਾ ਸੰਸਥਾ ਅਨੁਸਾਰ ਸਿੱਖਾਂ ਦੀ ਤਾਕਤ ਦੇ ਵੱਖ-ਵੱਖ ਕੇਂਦਰਾਂ ਨੂੰ ਸੂਤਰਬਧ ਕਰੇ।