ਅੰਨਾ ਹਜਾਰੇ ਕੇਜਰੀਵਾਲ ਤੋਂ ਦੁਖੀ

ਅੰਨਾ ਹਜਾਰੇ ਕੇਜਰੀਵਾਲ ਤੋਂ ਦੁਖੀ

*ਸੱਤਾ ਦੇ ਨਸ਼ੇ 'ਵਿਚ ਡੁੱਬਿਆ ਕੇਜਰੀਵਾਲ :ਅੰਨਾ ਹਜ਼ਾਰੇ

*ਅੰਨਾ ਹਜ਼ਾਰੇ ਨੇ ਕੇਜਰੀਵਾਲ ਬਾਰੇ ਸਹੀਂ ਕਿਹਾ-ਬਾਜਵਾ

*ਭਾਜਪਾ ਵਲੋਂ ਅੰਨਾ ਹਜ਼ਾਰੇ ਨੂੰ ਸਾਡੇ 'ਤੇ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹੈ-ਕੇਜਰੀਵਾਲ

ਅੰਮ੍ਰਿਤਸਰ ਟਾਈਮਜ਼

ਪੁਣੇ-ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਲੱਗਦਾ ਹੈ ਕਿ ਮੁੱਖ ਮੰਤਰੀ ਸੱਤਾ ਦੇ ਨਸ਼ੇ 'ਵਿਚ ਡੁੱਬ ਗਿਆ ਹੈ । ਹਜ਼ਾਰੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਨਵੀਂ ਨੀਤੀ ਸ਼ਰਾਬ ਦੀ ਵਿਕਰੀ ਅਤੇ ਖ਼ਪਤ ਨੂੰ ਉਤਸ਼ਾਹਿਤ ਕਰੇਗੀ ਅਤੇ ਇਸ ਨਾਲ ਭਿ੍ਸ਼ਟਾਚਾਰ ਨੂੰ ਹੁਲਾਰਾ ਮਿਲੇਗਾ । ਹਜ਼ਾਰੇ ਨੇ ਮਹਾਰਾਸ਼ਟਰ 'ਵਿਚ ਪੈਂਦੇ ਆਪਣੇ ਪਿੰਡ ਰਾਲੇਗਨ ਸਿੱਧੀ 'ਚ ਸ਼ਰਾਬ 'ਤੇ ਮੁਕੰਮਲ ਪਾਬੰਦੀ ਦਾ ਜ਼ਿਕਰ ਕਰਦਿਆਂ ਆਪਣੇ ਸਾਬਕਾ ਸਹਿਯੋਗੀ ਕੇਜਰੀਵਾਲ ਨੂੰ ਉਨ੍ਹਾਂ ਦੀ ਕਿਤਾਬ 'ਸਵਰਾਜ' ਦੀ ਯਾਦ ਦਿਵਾਈ, ਜੋ ਸ਼ਰਾਬ 'ਤੇ ਪਾਬੰਦੀ ਦਾ ਸਮਰਥਨ ਕਰਦੀ ਹੈ । ਅੰਨਾ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੱਤਰ ਲਿਖਿਆ ਹੈ ਅਤੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਬਾਰੇ ਰਿਪੋਰਟਾਂ ਪੜ੍ਹ ਕੇ ਮੈਨੂੰ ਦੁੱਖ ਹੋਇਆ ਹੈ । ਅੰਨਾ ਨੇ ਕਿਹਾ ਕਿ ਤੁਸੀਂ ਕਿਤਾਬ 'ਵਿਚ ਕਈ ਆਦਰਸ਼ਵਾਦੀ ਗੱਲਾਂ ਲਿਖੀਆਂ ਹਨ ।ਸਾਰਿਆਂ ਨੂੰ ਤੁਹਾਡੇ ਤੋਂ ਉਮੀਦਾਂ ਸਨ ਪਰ ਲੱਗਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਉਸ ਵਿਚਾਰਧਾਰਾ ਨੂੰ ਭੁੱਲ ਗਏ ਹੋ ਅਤੇ ਇਸੇ ਕਰਕੇ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਲਿਆਂਦੀ ਗਈ ਹੈ ।ਉਨ੍ਹਾਂ ਕਿਹਾ ਕਿ ਇਹ ਨੀਤੀ ਭਿ੍ਸ਼ਟਾਚਾਰ ਨੂੰ ਹੱਲਾਸ਼ੇਰੀ ਦੇਵੇਗੀ ਅਤੇ ਇਹ ਗੱਲ ਬਿਲਕੁਲ ਵੀ ਲੋਕਾਂ ਦੇ ਹਿੱਤ 'ਵਿਚ ਨਹੀਂ ਹੈ ।ਅੰਨਾ ਨੇ ਕਿਹਾ ਕਿ ਸ਼ਰਾਬ ਦੀ ਲਤ ਵਾਂਗ ਸੱਤਾ ਦਾ ਵੀ ਨਸ਼ਾ ਹੁੰਦਾ ਹੈ ਅਤੇ ਲੱਗਦਾ ਹੈ ਕਿ ਤੁਸੀਂ ਇਸ 'ਵਿਚ ਡੁੱਬ ਗਏ ਹੋ ।

ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੰਨਾ ਹਜ਼ਾਰੇ, ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦਾ ਗੁਰੂ ਮੰਨਿਆ ਜਾਂਦਾ ਹੈ, ਨੇ  ਉਨ੍ਹਾਂ ਨੂੰ ਪੱਤਰ ਲਿਖ ਕੇ ਇਸ਼ਾਰਾ ਕੀਤਾ ਕਿ ਉਹ ਸੱਤਾ ਦੇ ਨਸ਼ੇ 'ਵਿਚ ਹਨ । ਬਾਜਵਾ ਨੇ ਕਿਹਾ ਕਿ ਅੰਨਾ ਹਜ਼ਾਰੇ ਨੇ ਸਹੀ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਬਾਰੇ ਆਪਣੇ ਰੁਖ 'ਚ ਤਬਦੀਲੀ ਕੀਤੀ ਹੈ । ਖ਼ਾਸ ਤੌਰ 'ਤੇ ਸ਼ਰਾਬ ਦੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਧਿਆਨ 'ਚ ਰੱਖਣ ਦਾ ਵਿਸ਼ਵਾਸ, ਜਿਸ ਦਾ ਜ਼ਿਕਰ ਅਰਵਿੰਦ ਕੇਜਰੀਵਾਲ ਦੀ ਕਿਤਾਬ 'ਸਵਰਾਜ' 'ਵਿਚ ਕੀਤਾ ਗਿਆ ਹੈ । ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਸਭ ਕੁਝ ਸਿਰਫ਼ ਇਸ ਵਿਸ਼ਵਾਸ ਨੂੰ ਵਧਾਉਂਦਾ ਹੈ ਕਿ 'ਆਪ' ਕੋਈ ਵੱਖਰੀ ਪਾਰਟੀ ਨਹੀਂ ਹੈ, ਜਿਵੇਂ ਕਿ ਇਹ ਦਾਅਵਾ ਕਰਦੀ ਹੈ ਪਰ ਉਸਦਾ ਸਦਨ ਠੀਕ ਨਹੀਂ ਹੈ । ਪੰਜਾਬ ਤੇ ਦਿੱਲੀ ਦੋਵਾਂ 'ਵਿਚ ਉਨ੍ਹਾਂ ਦੇ ਸੀਨੀਅਰ ਕੈਬਨਿਟ ਮੰਤਰੀਆਂ ਅਤੇ ਉਪ ਮੁੱਖ ਮੰਤਰੀ ਖ਼ਿਲਾਫ਼ ਭਿ੍ਸ਼ਟਾਚਾਰ ਦੇ ਵੱਡੇ ਕੇਸ ਦਰਜ ਹਨ, ਜੋ ਸਿਰਫ਼ ਇਹ ਦਰਸਾਉਂਦੇ ਹਨ ਕਿ 'ਆਪ' ਚੰਗੇ ਸ਼ਾਸਨ ਦੀ ਬਜਾਏ ਦੂਜੇ ਰਾਜਾਂ 'ਵਿਚ ਸੱਤਾ ਲਈ ਆਪਣੀ ਸਥਿਤੀ ਦੀ ਵਰਤੋਂ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਹੈ ।

ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਵਲੋਂ ਅੰਨਾ ਹਜ਼ਾਰੇ ਦਾ ਇਸਤੇਮਾਲ ਸਾਡੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਇਹ ਖ਼ਦਸ਼ਾ ਵੀ ਜ਼ਾਹਰ ਕੀਤਾ ਕਿ ਗ਼ੈਰ-ਰਸਮੀ ਤੌਰ 'ਤੇ ਕਲੀਨ ਚਿੱਟ ਦਿੱਤੇ ਜਾਣ ਦੇ ਬਾਵਜੂਦ ਮਨੀਸ਼ ਸਿਸੋਦੀਆ ਨੂੰ ਸਿਆਸੀ ਦਬਾਅ ਹੇਠ ਸੀ.ਬੀ.ਆਈ. ਵਲੋਂ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ । ਅੰਨਾ ਹਜ਼ਾਰੇ ਦੇ ਪੱਤਰ ਤੋਂ ਕੁਝ ਘੰਟਿਆਂ ਬਾਅਦ ਕੇਜਰੀਵਾਲ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾ ਅੰਨਾ ਹਜ਼ਾਰੇ ਦੀ ਵਰਤੋਂ ਕਰ ਰਹੀ ਹੈ ਕਿਉਂਕਿ ਸਿਸੋਦੀਆ ਖ਼ਿਲਾਫ਼ ਜਾਂਚ ਵਿਚ ਸੀ.ਬੀ.ਆਈ. ਨੂੰ ਕੁਝ ਨਹੀਂ ਮਿਲਿਆ ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਮੈਨੂੰ ਇਕ ਅੱਤਵਾਦੀ ਕਰਾਰ ਦਿੰਦੀ ਸੀ ਅਤੇ ਜਦ ਕਿਸੇ ਨੇ ਵੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ ਤਾਂ ਉਹ ਕੁਮਾਰ ਵਿਸ਼ਵਾਸ ਨੂੰ ਲੈ ਆਈ ਅਤੇ ਹੁਣ ਉਹ ਮੇਰੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਲਈ ਅੰਨਾ ਹਜ਼ਾਰੇ ਦਾ ਇਸਤੇਮਾਲ ਕਰ ਰਹੇ ਹਨ ।