ਕਾਂਗਰਸੀ ਹਾਈ ਕਮਾਂਡ ਦੀ ਸਿੱਧੂ ਦੀਆਂ ਗਤੀਵਿਧੀਆਂ ਤੋਂ ਔਖੀ

ਕਾਂਗਰਸੀ ਹਾਈ ਕਮਾਂਡ ਦੀ ਸਿੱਧੂ ਦੀਆਂ ਗਤੀਵਿਧੀਆਂ ਤੋਂ ਔਖੀ

ਸਿਧੂ ਕਰ ਰਹੇ ਨੇ ਪੰਜਾਬ ਵਿਚ ਵੱਡੀਆਂ ਰੈਲੀਆਂ

*ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂ ਚੁਣਨ ਦੀ ਲੋੜ: ਨਵਜੋਤ ਸਿੱਧੂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਠਿੰਡਾ-ਪਿੰਡ ਕੋਟਸ਼ਮੀਰ ’ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਬੈਨਰ ਹੇਠ ਕੀਤੀ ਰੈਲੀ ਵਿਵਾਦਾਂ ਦੀਆਂ ਘੁੰਮਣ-ਘੇਰੀਆਂ ਦਰਮਿਆਨ ਸਿਰੇ ਚੜ੍ਹ ਗਈ ਪਰ ਕਾਂਗਰਸ ਹਾਈ ਕਮਾਨ ਸਿੱਧੂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵਿੱਚ ਕਸ਼ਮਕਸ਼ ਚੱਲ ਰਹੀ ਹੈ ਅਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਆਪਣੇ ਪੱਧਰ ’ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸੂਤਰ ਦੱਸਦੇ ਹਨ ਕਿ ਹਾਈ ਕਮਾਨ ਕਾਹਲੀ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੀ ਅਤੇ ਅਜਿਹੇ ਵਿੱਚ ਹਾਈ ਕਮਾਨ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਗਰਾਊਂਡ ਤਿਆਰ ਕਰਨਾ ਚਾਹੁੰਦੀ ਹੈ ਇਸ ਲਈ ਸਿੱਧੂ ਦੀਆਂ ਰੈਲੀਆਂ ਉਪਰ ਤਿਖੀ ਨਜ਼ਰ ਰਖ ਰਹੀ ਹੈ। ਦੂਜੇ ਪਾਸੇ ਰੈਲੀ ਵਿਚ ਕਾਂਗਰਸ ਦੇ ਕਰੀਬ ਅੱਧੀ ਦਰਜਨ ਸਾਬਕਾ ਵਿਧਾਇਕਾਂ ਸਮੇਤ ਸਿੱਧੂ ਸਮਰਥਕਾਂ ਨੇ ਤਸੱਲੀਬਖ਼ਸ਼ ਹਾਜ਼ਰੀ ਭਰੀ।

ਮੰਚ ’ਤੇ ਲੱਗੇ ਫ਼ਲੈਕਸ ’ਚ ਹੋਰ ਕਾਂਗਰਸੀ ਆਗੂਆਂ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਸਵੀਰ ਸ਼ਾਮਲ ਸੀ। ਇਹ ਗੱਲ ਵੱਖਰੀ ਹੈ ਕਿ ਵੜਿੰਗ ਅਤੇ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਿੱਧੂ ਵੱਲੋਂ ਅਜਿਹੀਆਂ ਰੈਲੀਆਂ ਦੀ ਖੁੱਲ੍ਹ ਕੇ ਮੁਖ਼ਾਲਫ਼ਤ ਕਰ ਚੁੱਕੇ ਹਨ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਹਰ ਵਾਰ ਇਹੋ ਕਹਿਣਾ ਹੁੰਦਾ ਹੈ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਹੀ ਕੰਮ ਕਰ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਹਲਾ ਲੀਡਰਸ਼ਿਪ ਕਿਸੇ ਅਨੁਸਾਸ਼ਨੀ ਕਾਰਵਾਈ ਕਰਨ ਬਾਰੇ ਸੋਚ ਸਕਦੀ ਹੈ। ਚਰਚਾ ਹੈ ਕਿ ਸਿੱਧੂ ਵੱਲੋਂ ਮਹਿਰਾਜ ਤੋਂ ਬਾਅਦ ਕੋਟਸ਼ਮੀਰ ਅਤੇ ਇਸ ਤੋਂ ਮਗਰੋਂ ਇਕ ਤੋਂ ਬਾਅਦ ਇਕ ਹੋਰ ਅਜਿਹੇ ਕੀਤੇ ਜਾ ਰਹੇ ਇਕੱਠਾਂ ਨੂੰ ਸੂਬੇ ਦੇ ਵੱਡੇ ਕਾਂਗਰਸੀ ਆਗੂ ਆਪਣੇ ਲਈ ਸਿਰਦਰਦੀ ਮੰਨ ਰਹੇ ਹਨ। ਇਸ ਸਬੰਧੀ ਉਹ ਪਹਿਲਾਂ ਵੀ ਕੇਂਦਰੀ ਕਾਂਗਰਸੀ ਆਗੂਆਂ ਕੋਲ ਸ਼ਿਕਾਇਤ ਕਰ ਚੁੱਕੇ ਹਨ । ਉਧਰ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਗਏ ਇੰਚਾਰਜ ਦੇਵੇਂਦਰ ਯਾਦਵ ਵੀ ਪਿਛਲੇ ਦਿਨੀਂ ਸਖ਼ਤ ‘ਅਨੁਸਾਸ਼ਨੀ ਕਾਰਵਾਈ’ ਕਰਨ ਦਾ ਡਰਾਵਾ ਦੇ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਸੀਨੀਅਰ ਆਗੂਆਂ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਦੇ ਰਾਹ ਵਿੱਚ ਅੜਿੱਕਾ ਬਣ ਰਹੀ ਹੈ। 

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਚੰਗੇ ਕਿਰਦਾਰ ਵਾਲੀ ਕੋਈ ਸ਼ਖ਼ਸੀਅਤ ਸੂਬੇ ਦੀ ਅਗਵਾਈ ਨਹੀਂ ਕਰੇਗੀ, ਉਦੋਂ ਤੱਕ ਸੂਬਾ ਪੈਰਾਂ ਸਿਰ ਨਹੀਂ ਹੋ ਸਕਦਾ। ਵਿਵਾਦਾਂ ਦੌਰਾਨ ਹੋਈ ਇਸ ਰੈਲੀ ’ਚ ਸ੍ਰੀ ਸਿੱਧੂ ਨੇ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਹੁਣ ਤੱਕ ਪੰਜਾਬ ਨਾਲ ਧਰੋਹ ਕਮਾਇਆ। ਉਨ੍ਹਾਂ ਕਿਹਾ ਕਿ ਜੀਐਸਟੀ ਅਜਿਹਾ ਜਜ਼ੀਆ ਹੈ ਜੋ ਪਹਿਲਾਂ ਲੋਕਾਂ ਤੋਂ ਉਗਰਾਹ ਕੇ ਰਾਜ ਕੇਂਦਰ ਨੂੰ ਦਿੰਦੇ ਹਨ ਅਤੇ ਫਿਰ ਆਪਣਾ ਹਿੱਸਾ ਲੈਣ ਲਈ ਤਰਲੇ ਕੱਢਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੀ ਉਨ੍ਹਾਂ ਰਾਜਾਂ ’ਚੋਂ ਇੱਕ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਭਾਖੜਾ ਡੈਮ ’ਚ ਪਾਣੀ ਪੰਜਾਬ ਦਾ ਹੈ ਪਰ ਇਸ ਦਾ ਕੰਟਰੋਲ ਕੇਂਦਰ ਕੋਲ ਕਿਉਂ? ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ 40 ਸਾਲ ਪੰਥ ਦੇ ਨਾਂਅ ’ਤੇ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਵੋਟਾਂ ਖ਼ਾਤਰ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ। ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਖ਼ਰੀਦੇ ਗਏ ਗੋਇੰਦਵਾਲ ਥਰਮਲ ਪਲਾਟ ਨੂੰ ‘ਚਿੱਟਾ ਹਾਥੀ’ ਦੱਸਦਿਆਂ ਕਿਹਾ ਕਿ ਇਸ ’ਤੇ ਪਹਿਲਾਂ ਹੀ 7-8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਪੰਜਾਬ ਦੇ ਆਬਕਾਰੀ ਖੇਤਰ ’ਚ ਘਪਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਨਵਾਂ ਸਾਲ ਚੜ੍ਹੇ ਨੂੰ ਅਜੇ ਹਫ਼ਤਾ ਨਹੀਂ ਬੀਤਿਆ ਕਿ ਪੰਜਾਬ ਸਰਕਾਰ ਨੇ ਢਾਈ ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੁੱਕ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਨਹੀਂ ਬਦਲੇਗੀ ਉਦੋਂ ਤੱਕ ਵੋਟਰ ਚੰਗੇ ਕਿਰਦਾਰਾਂ ਨੂੰ ਅੱਗੇ ਨਹੀਂ ਲਿਆਉਣਗੇ ਉਦੋਂ ਤੱਕ ਪੰਜਾਬ ਦਾ ਸਵੈ-ਨਿਰਭਰ ਹੋਣਾ ਮੁਸ਼ਕਿਲ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਪੰਜਾਬ ਦੀ ਅਗਵਾਈ ਲਈ ਅਜਿਹਾ ਇਮਾਨਦਾਰ ਆਦਮੀ ਚੁਣਨਾ ਪਵੇਗਾ ਜਿਸ ਦੀ ਜ਼ੁਬਾਨ ਹੋਵੇ ਅਤੇ ਵਚਨਾਂ ’ਤੇ ਖੜ੍ਹੇ। ਉਨ੍ਹਾਂ ਬਗ਼ੈਰ ਕਿਸੇ ਦਾ ਨਾਂ ਲਿਆਂ ਕਿਹਾ ਕਿ ‘ਇਹ ਤਾਂ ਸਾਰੇ ਈਡੀ. ਤੋਂ ਹੀ ਡਰ ਜਾਂਦੇ ਐ।’ 

ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜਥੇਦਾਰ ਨਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਸਮੇਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।