ਪਰਵਿੰਦਰ ਸਿੰਘ ਝੋਟੇ ਨੇ ਲਗਾਏ ਦੋਸ਼ ਕਿ ਪੁਲਿਸ ਅਧਿਕਾਰੀਆਂ ਦਾ ਨਸ਼ਾ ਤਸਕਰਾਂ ਨਾਲ ਗੱਠਜੋੜ
ਲੋਕਾਂ ਨੇ ਝੋਟੇ ਦੇ ਹੱਕ ਵਿਚ ਛੇੜਿਆ ਅੰਦੋਲਨ,ਸਿਮਰਨਜੀਤ ਸਿੰਘ ਮਾਨ ,ਕਿਸਾਨ ਆਗੂ ਡਲੇਵਾਲ ਵਲੋਂ ਸਰਕਾਰ ਦਾ ਵਿਰੋਧ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮਾਨਸਾ- ਸਥਾਨਕ ਥਾਣਾ ਸ਼ਹਿਰੀ-2 ਪੁਲਿਸ ਨੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਨੂੰ ਗਿ੍ਫ਼ਤਾਰ ਕਰ ਲਿਆ ਹੈ । ਜਦੋਂ ਪੁਲਿਸ ਪਾਰਟੀ ਬੀਤੇ ਦਿਨੀਂ ਸਵੇਰੇ ਗਿ੍ਫ਼ਤਾਰੀ ਲਈ ਉਸ ਦੇ ਘਰ ਪਹੁੰਚੀ ਤਾਂ ਝੋਟਾ ਨੇ ਪਹਿਲੀ ਮੰਜ਼ਿਲ ਤੋਂ ਲਾਈਵ ਹੋ ਕੇ ਪੁਲਿਸ ਨੂੰ ਗਿ੍ਫ਼ਤਾਰੀ ਦਾ ਕਾਰਨ, ਐਫ.ਆਈ.ਆਰ. ਅਤੇ ਹੋਰ ਵੇਰਵੇ ਮੰਗਦਿਆਂ ਨਸ਼ਾ ਤਸਕਰਾਂ ਨੂੰ ਫੜਨ ਵਿਚ ਨਾਕਾਮ ਥਾਣਾ ਮੁਖੀਆਂ ਤੋਂ ਲੈ ਕੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਂਅ ਲੈ ਕੇ ਰਿਸ਼ਵਤ ਅਤੇ ਮਿਲੀਭੁਗਤ ਦੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ । ਇਕ ਵਾਰ ਪੁਲਿਸ ਵਾਪਸ ਚਲੀ ਗਈ ਅਤੇ ਬਾਅਦ ਵਿਚ ਉਸ ਦੇ ਘਰ ਵਿਚ ਜਬਰਦਸਤੀ ਵੜਕੇ ਤੇ ਕੁਟ ਮਾਰਕੇ ਗਿ੍ਫ਼ਤਾਰ ਕੀਤਾ। ਦੱਸਣਯੋਗ ਹੈ ਕਿ ਇਸ ਨੌਜਵਾਨ ਨੇ ਆਪਣੀਆਂ ਸਾਥੀਆਂ ਸਮੇਤ ਪਿਛਲੇ ਕਈ ਮਹੀਨਿਆਂ ਤੋਂ ਨਸ਼ਾ ਤਸਕਰਾਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਹੋਈ ਸੀ, ਜਿਸ ਨੂੰ ਇਧਰਲੇ ਜ਼ਿਲ੍ਹਿਆਂ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਸੀ ।ਜਿਉਂ ਹੀ ਗਿ੍ਫ਼ਤਾਰੀ ਦੀ ਵੀਡੀਓ ਵਾਇਰਲ ਹੋਈ ਤਾਂ ਇਸ ਨੌਜਵਾਨ ਦੇ ਸਮਰਥਕਾਂ ਨੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ । ਉਨ੍ਹਾਂ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਧਰਨਾ ਲਗਾ ਲਿਆ । ਸੀ.ਪੀ.ਆਈ. (ਐਮ. ਐਲ.) ਲਿਬਰੇਸ਼ਨ ਦੇ ਆਗੂ ਕਾ. ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਰਵਿੰਦਰ ਦੇ ਘਰ ਵਿਚ ਗੁਆਂਢੀਆਂ ਦੀ ਛੱਤ ਉੱਪਰ ਦੀ ਜਬਰੀ ਦਾਖਲ ਹੋਣ ਵਾਲੇ ਥਾਣਾ ਮੁਖੀ ਨੂੰ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਰੋਕਿਆ ਸੀ ਕਿ ਝੋਟਾ ਕੋਈ ਮੁਜ਼ਰਮ ਜਾਂ ਭਗੌੜਾ ਨਹੀਂ, ਜੋ ਉਸ ਨੂੰ ਜ਼ਬਰਦਸਤੀ ਚੁੱਕਿਆ ਜਾਵੇ ਪਰ ਪੁਲਿਸ ਪਾਰਟੀ ਨੇ ਉੱਪਰੋਂ ਆਏ ਹੁਕਮਾਂ ਦਾ ਹਵਾਲਾ ਦਿੰਦਿਆਂ ਕੋਈ ਗੱਲ ਨਹੀਂ ਸੁਣੀ, ਉਲਟਾ ਜ਼ਬਰਦਸਤੀ ਕਰਦਿਆਂ ਜਿੱਥੇ ਝੋਟੇ ਦੇ ਪਟਕੇ ਤੇ ਕੇਸਾਂ ਦੀ ਬੇਅਦਬੀ ਕਰਨ, ਉਸ ਦੇ ਸੱਟਾਂ ਮਾਰਨ ਤੋਂ ਬਿਨਾਂ ਉਸ ਦੇ ਬਜ਼ੁਰਗ ਬਾਪੂ ਨੂੰ ਵੀ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ । ਐਂਟੀ ਡਰੱਗ ਫੋਰਸ ਦੇ ਵਰਕਰਾਂ ਅਮਨ ਸਿੰਘ ਪਟਵਾਰੀ, ਸੁਰਿੰਦਰ ਪਾਲ, ਸੁੱਖੀ ਸਿੰਘ ਮਾਨ, ਸੰਦੀਪ ਸਿੰਘ, ਕੁਲਵਿੰਦਰ ਸਿੰਘ ਕਾਲੀ, ਬਲਜਿੰਦਰ ਸਿੰਘ, ਜਗਮੋਹਨ ਸਿੰਘ, ਪੰਮਾ ਸਿੰਘ ਖ਼ਾਲਸਾ, ਸੰਗਤ ਸਿੰਘ, ਪ੍ਰਦੀਪ ਸਿੰਘ ਖ਼ਾਲਸਾ, ਸਾਹਿਬ ਸਿੰਘ ਤੇ ਜੱਸੀ ਸਿੰਘ ਨੇ ਐਲਾਨ ਕੀਤਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਨੂੰ ਭਾਵੇਂ ਕਿੰਨੀ ਵੀ ਸਰਪ੍ਰਸਤੀ ਦਿੱਤੀ ਜਾਵੇ ਪਰ ਉਹ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਰੱਖਣਗੇ । ਇਸ ਮੁੱਦੇ 'ਤੇ 21 ਜੁਲਾਈ ਨੂੰ ਜ਼ਿਲ੍ਹਾ ਸਕੱਤਰੇਤ ਮਾਨਸਾ ਵਿਖੇ ਰੱਖੀ ਗਈ 'ਨਸ਼ੇ ਨਹੀਂ-ਰੁਜ਼ਗਾਰ ਦਿਓ' ਰੈਲੀ ਲਈ ਵੱਡੇ ਪੱਧਰ 'ਤੇ ਲਾਮਬੰਦੀ ਕੀਤੀ ਜਾਵੇਗੀ । ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਕ ਪਾਸੇ ਸਵੇਰੇ 5 ਵਜੇ ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਜ਼ਿਲੇ੍ਹ ਦੇ ਦਰਜਨਾਂ ਪਿੰਡਾਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ ਪਰ ਉਨ੍ਹਾਂ ਦੀ ਮਦਦ ਤੇ ਬਚਾਅ ਕਰਨ ਦੀ ਬਜਾਏ ਸਾਰੀ ਪੁਲਿਸ ਸਵੇਰੇ ਝੋਟੇ ਨੂੰ ਘੇਰਨ ਲਈ ਭੇਜ ਦਿੱਤੀ ।ਧਰਨੇ ਵਿਚ ਸ਼ਾਮਿਲ ਲੋਕਾਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਨੂੰ ਦਿੱਤੀ ਜਾ ਰਹੀ ਸ਼ਹਿ ਤੇ ਸਰਪ੍ਰਸਤੀ ਦੇ ਖ਼ਿਲਾਫ਼ ਜ਼ਿਲ੍ਹਾ ਕੰਪਲੈਕਸ ਵਿਚ ਦਿਨ ਰਾਤ ਦਾ ਸ਼ਾਂਤਮਈ ਧਰਨਾ ਆਰੰਭ ਕਰ ਦਿੱਤਾ ।ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਰਾਣਾ, ਅੰਮਿ੍ਤਸਰ ਦਲ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ, ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ, ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ, ਕਥਾਕਾਰ ਧਰਮਵੀਰ ਸਿੰਘ ਘਰਾਂਗਣਾ, ਸਰਪੰਚ ਰਾਜੀਵ ਕੁਮਾਰ ਕੱਲ੍ਹੋ, ਰਣਧੀਰ ਸਿੰਘ ਨੰਗਲ ਕਲਾਂ, ਯੂ ਟਿਊਬਰ ਭਾਨਾ ਸਿੰਘ ਸਿੱਧੂ, ਕਿਸਾਨ ਆਗੂ ਜਗਦੇਵ ਸਿੰਘ ਕੋਟਲੀ ਕਲਾਂ, ਜਗਦੇਵ ਸਿੰਘ ਭੈਣੀਬਾਘਾ, ਟੇਕ ਸਿੰਘ ਭੰਮੇ, ਇੰਦਰਜੀਤ ਸਿੰਘ ਮੁਨਸ਼ੀ, ਮੀਹਾਂ ਸਿੰਘ, ਬਲਜੀਤ ਸਿੰਘ ਸੇਠੀ, ਸਰਪੰਚ ਇਕਬਾਲ ਸਿੰਘ ਫਫੜੇ, ਬਲਵਿੰਦਰ ਸਿੰਘ ਘਰਾਂਗਣਾ, ਕਾ. ਸੁਰਿੰਦਰ ਪਾਲ ਸ਼ਰਮਾ, ਅਰਸ਼ਦੀਪ ਸਿੰਘ ਧਾਲੀਵਾਲ ਆਦਿ ਸਨ । ਝੋਟੇ ਨੂੰ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ।
ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਉਪਰ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਪੁਲੀਸ ਦੋਵੇਂ ਡਰਗ ਸਮਗਲਰਾਂ ਨਾਲ ਮਿਲੇ ਪੰਜਾਬ ਦੀ ਜਵਾਨੀ ਦਾ ਨਾਸ਼ ਕਰ ਰਹੇ ਹਨ।ਪੰਜਾਬ ਦੇ ਲੋਕ ਰੋਜ ਡਰਗ ਨਾਲ ਮਰ ਰਹੇ ਹਨ। ਇਹਨਾਂ ਨੇ ਪੰਜਾਬ ਨੂੰ ਡਰਗ ਦੀ ਇੰਡਸਟਰੀ ਬਣਾ ਦਿਤਾ ਹੈ। ਅਸੀਂ ਇਸ ਦਾ ਡਟਕੇ ਵਿਰੋਧ ਕਰਾਂਗੇ।ਅਸੀਂ ਪਰਵਿੰਦਰ ਸਿੰਘ ਝੋਟਾ ਨਾਲ ਡਟਕੇ ਖੜੇ ਹਾਂ।
ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਡਲੇਵਾਲ ਨੇ ਕਿਹਾ ਕਿ ਹੁਣ ਨਸ਼ਿਆਂ ਖਿਲਾਫ ਅੰਦੋਲਨ ਹੋਵੇਗਾ।ਸਰਕਾਰ ਤੁਰੰਤ ਝੋਟੇ ਨੂੰ ਛਡੇ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉਚ ਅਧਿਕਾਰੀ ਇਸ ਮਾਮਲੇ ਵਿਚ ਫਸੇ ਹੋਏ ਹਨ।ਇਸ ਕਰਕੇ ਉਹਨਾਂ ਨੇ ਝੋਟੇ ਨੂੰ ਨਸ਼ੇੜੀ ਹੋਣ ਦੇ ਬਿਆਨ ਛਡਣੇ ਸ਼ੁਰੂ ਕਰ ਦਿਤੇ ਹਨ।
ਕੀ ਹੈ ਮਾਮਲਾ
ਵਰਨਣਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਸਥਾਨਕ ਥਾਣਾ ਸ਼ਹਿਰੀ-2 ਵਿਖੇ ਇਕ ਐਫ.ਆਈ.ਆਰ. ਨੰਬਰ 93/2023 ਅਧੀਨ ਧਾਰਾ 384 ਆਈ.ਪੀ.ਸੀ. ਅਤੇ ਦੂਜੀ 142/2023 ਅਧੀਨ ਧਾਰਾ 341, 342, 351, 355, 148, 149 ਆਈ.ਪੀ.ਸੀ. ਦਰਜ ਹਨ ।ਐਡਵੋਕੇਟ ਬਲਵੰਤ ਭਾਟੀਆ ਦਾ ਕਹਿਣਾ ਹੈ ਕਿ ਉਕਤ ਧਾਰਾਵਾਂ ਵਿਚੋਂ ਕਿਸੇ ਵੀ ਧਾਰਾ ਅਧੀਨ ਪਰਵਿੰਦਰ ਸਿੰਘ ਝੋਟਾ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਸਕਦਾ ਸਗੋਂ ਉਸ ਦੀ ਗਿ੍ਫ਼ਤਾਰੀ ਤੋਂ ਪਹਿਲਾਂ ਉਸ ਨੂੰ ਅਰੁਨੇਸ਼ ਕੁਮਾਰ ਬਨਾਮ ਸਟੇਟ ਆਫ਼ ਬਿਹਾਰ ਵਿਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਮੁਤਾਬਿਕ ਅਗਾਊਾ ਨੋਟਿਸ ਦੇਣਾ ਬਣਦਾ ਹੈ । ਅਜਿਹਾ ਕਰ ਕੇ ਪੁਲਿਸ ਨੇ ਸੁਪਰੀਮ ਕੋਰਟ ਦੀ ਮਾਣਹਾਨੀ ਕੀਤੀ ਹੈ ।ਪਹਿਲਾਂ ਵੀ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਉਸ ਨੂੰ 3 ਦਿਨਾਂ ਬਾਅਦ ਹੀ ਰਿਹਾਅ ਕਰਨਾ ਪਿਆ ਸੀ ।
ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ-ਐਸ.ਐਸ.ਪੀ.
ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਸਪੱਸ਼ਟ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਵੀਡੀਓ ਸੰਦੇਸ਼ ਜਾਰੀ ਕਰ ਕੇ ਐਸ.ਐਸ.ਪੀ. ਨੇ ਦੱਸਿਆ ਕਿ ਪਿਛਲੇ ਦਿਨੀਂ ਪਰਵਿੰਦਰ ਸਿੰਘ ਝੋਟਾ ਤੇ ਸਾਥੀਆਂ ਨੇ ਇਕ ਨੌਜਵਾਨ ਤੋਂ ਸਿਗਨੇਚਰ ਕੈਪਸੂਲ ਬਰਾਮਦ ਕੀਤੇ ਸਨ ਅਤੇ ਉਹ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਥਾਣੇ ਲਿਆਏ ਸਨ । ਪੁਲਿਸ ਵਲੋਂ ਧਾਰਾ 188 ਅਧੀਨ ਮੁਕੱਦਮਾ ਦਰਜ ਕਰ ਕਾਰਵਾਈ ਕੀਤੀ ਗਈ ਸੀ ।ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ 'ਤੇ ਝੋਟਾ ਤੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ।
Comments (0)