ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਯੂਥ ਆਫ ਪੰਜਾਬ ਵੱਲੋਂ ਫਗਵਾੜਾ ਵਿਖੇ ਜੀਟੀ ਰੋਡ ’ਤੇ ਧਰਨਾ

ਬੰਦੀ ਸਿੰਘਾਂ ਦੀ ਰਿਹਾਈ ਲਈ  ਸਿੱਖ ਯੂਥ ਆਫ ਪੰਜਾਬ ਵੱਲੋਂ  ਫਗਵਾੜਾ ਵਿਖੇ ਜੀਟੀ ਰੋਡ ’ਤੇ ਧਰਨਾ

 ਸੋਮ ਪ੍ਰਕਾਸ਼ ਦੇ ਨਾ ਮਿਲਣ ’ਤੇ ਸਿੱਖ ਆਗੂ ਹੋਏ ਨਰਾਜ਼ 

 ਦੋ ਘੰਟੇ ਆਵਾਜਾਈ ਰੋਕੀ

ਅੰਮ੍ਰਿਤਸਰ ਟਾਈਮਜ਼

ਫਗਵਾੜਾ: ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ ਕਿਸਾਨ ਤੇ ਸਿੱਖ ਜਥੇਬੰਦੀਆਂ ਨੇ ਜੀਟੀ ਰੋਡ ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।  ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਘਰ ਦੇ ਨੇੜੇ ਪਾਰਕ ਵਿਚ ਪੁੱਜੇ ਲੋਕਾਂ ਨੂੰ ਪਾਰਕ ਵਿੱਚ ਮਿਲਣ ਦੀ ਥਾਂ ਘਰ ਆਉਣ ਦਾ ਸੱਦਾ ਦਿੱਤਾ। ਜਥੇਬੰਦੀਆਂ ਮੰਤਰੀ ਦੇ ਘਰ ਨਾ ਜਾਣ ਲਈ ਅੜ ਗਈਆਂ ਅਤੇ ਰੋਸ ਵਜੋਂ ਉਨ੍ਹਾਂ ਫਗਵਾੜਾ-ਲੁਧਿਆਣਾ ਜੀਟੀਰੋਡ ਜਾਮ ਕਰ ਦਿੱਤਾ।

ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ, ਦਮਦਮੀ ਟਕਸਾਲ ਸਮੇਤ ਕਈ ਸੰਸਥਾਵਾਂ ਨੇ ਅੱਜ ਦਾਣਾ ਮੰਡੀ ਤੋਂ ਰੋਸ ਮਾਰਚ ਸ਼ੁਰੂ ਕਰ ਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਨਜ਼ਦੀਕ ਪੁੱਜੇ, ਜਿੱਥੇ ਪੁਲੀਸ ਨੇ ਬੈਰੀਕੇਡਿੰਗ ਕਰ ਕੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਅੱਗੇ ਵਧ ਗਏ। ਇਸ ਤੋਂ ਬਾਅਦ ਦੂਸਰੀ ਬੈਰੀਕੇਡਿੰਗ ਤੇ ਪੁਲੀਸ ਨੇ ਇਨ੍ਹਾਂ ਨੂੰ ਰੋਕ ਲਿਆ ਤੇ ਜਥੇਬੰਦੀਆਂ ਨੇ ਉੱਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਅਧਿਕਾਰੀਆਂ ਵੱਲੋਂ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਵਾਉਣ ਲਈ 10 ਤੋਂ 11 ਮੈਂਬਰਾਂ ਨੂੰ ਜਾਣ ਦੀ ਆਗਿਆ ਦਿੱਤੀ। ਜਦੋਂ ਇਹ ਆਗੂ ਪਾਰਕ ਨਜ਼ਦੀਕ ਪੁੱਜੇ ਤੇ ਕੁਝ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਸੋਮ ਪ੍ਰਕਾਸ਼ ਬਾਹਰ ਨਹੀਂ ਆਏ ਤਾਂ ਆਗੂਆਂ ਨੇ ਉੱਥੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਗੁਰਪਾਲ ਸਿੰਘ ਪਾਲਾ ਮੌਲੀ, ਸੁਖਦੇਵ ਸਿੰਘ, ਦਲ ਖਾਲਸਾ ਦੇ ਹਰਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਮੀਟਿੰਗ ਤੈਅ ਕਰਵਾ ਕੇ ਉਨ੍ਹਾਂ ਨੂੰ ਬੁਲਾਇਆ ਸੀ ਪਰ ਸੋਮ ਪ੍ਰਕਾਸ਼ ਉਨ੍ਹਾਂ ਨੂੰ ਮਿਲੇ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਲੀ ਵਾਰ ਉਹ ਆਪਣੀ ਤਿਆਰੀ ਕਰਕੇ ਹੀ ਇੱਥੇ ਆਉਣਗੇ ਤੇ ਦਿੱਲੀ ਵਾਂਗ ਇੱਥੇ ਪੱਕੇ ਮੋਰਚੇ ਲਗਾਏ ਜਾਣਗੇ ਤਾਂ ਜੋ ਇਸ ਸਰਕਾਰ ਦੀ ਜਾਗ ਖੁੱਲ੍ਹ ਸਕੇ। ਕਰੀਬ ਦੋ ਘੰਟੇ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ।