ਛੱਤੀਸਗੜ੍ਹ ਵਿਧਾਨ ਸਭਾ ਵਿਚ ਭਾਜਪਾ ਵਲੋਂ ਸਿੱਖ ਵਿਧਾਇਕ ਖ਼ਿਲਾਫ਼ ਕੀਤੀ ਨਸਲੀ ਟਿੱਪਣੀ , ਜਥੇਦਾਰ ਅਕਾਲ ਤਖ਼ਤ ਵਲੋਂ ਨਿੰਦਾ

ਛੱਤੀਸਗੜ੍ਹ ਵਿਧਾਨ ਸਭਾ ਵਿਚ ਭਾਜਪਾ ਵਲੋਂ ਸਿੱਖ ਵਿਧਾਇਕ ਖ਼ਿਲਾਫ਼ ਕੀਤੀ ਨਸਲੀ ਟਿੱਪਣੀ , ਜਥੇਦਾਰ ਅਕਾਲ ਤਖ਼ਤ ਵਲੋਂ ਨਿੰਦਾ

*ਕੌਮਾਂਤਰੀ ਸਿੱਖ ਵਿੱਦਿਅਕ ਬੋਰਡ' ਦੀ ਸਥਾਪਨਾ ਲਈ ਜਥੇਦਾਰ ਵਲੋਂ  ਸਿੱਖ ਬੁੱਧੀਜੀਵੀਆਂ ਤੇ ਸਿੱਖ ਸੰਸਥਾਵਾਂ ਤੋਂ ਮੰਗੇ ਸੁਝਾਓ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਲਵੰਡੀ ਸਾਬੋ- ਛੱਤੀਸਗੜ੍ਹ ਰਾਜ ਦੀ ਵਿਧਾਨ ਸਭਾ ਵਿਚ ਭਾਜਪਾ ਵਿਧਾਇਕ ਅਜੈ ਚੰਦਰਾਕਰ ਵਲੋਂ ਸਿੱਖ ਵਿਧਾਇਕ ਕੁਲਦੀਪ ਸਿੰਘ ਜੁਨੇਜਾ ਖ਼ਿਲਾਫ਼ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀ ਵਰਤੀ ਨਸਲੀ ਕਿਸਮ ਦੀ ਟਿੱਪਣੀ ਖ਼ਿਲਾਫ਼ ਜਿੱਥੇ ਛੱਤੀਸਗੜ੍ਹ ਦੀਆਂ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹੈ, ਉੱਥੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਕਤ ਘਟਨਾ ਦੀ ਨਿੰਦਾ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿਚ ਵਿਧਾਨ ਸਭਾ, ਲੋਕ ਸਭਾ ਜਾਂ ਰਾਜ ਸਭਾ ਦਾ ਸਦਨ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਅਜਿਹੇ ਹੀ ਛੱਤੀਸਗੜ੍ਹ ਦੇ ਸਦਨ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਇਕ ਵਿਧਾਇਕ ਨੂੰ ਮੁਖ਼ਾਤਬ ਹੁੰਦਿਆਂ ਭਾਜਪਾ ਦੇ ਇਕ ਵਿਧਾਇਕ ਵਲੋਂ ਸਿੱਖਾਂ ਖ਼ਿਲਾਫ਼ ਵਰਤੀ ਟਿੱਪਣੀ ਅਤਿ ਸ਼ਰਮਨਾਕ ਘਟਨਾ ਕਹੀ ਜਾ ਸਕਦੀ ਹੈ ਤੇ ਉਕਤ ਵਿਧਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

 ਸਿੱਖ ਕੌਮ ਅੰਦਰ ਵਿਦਿਆ ਪ੍ਰਾਪਤੀ ਦੇ ਰੁਝਾਨ ਨੂੰ ਹੋਰ ਉਤਸ਼ਾਹਿਤ ਕਰਨ, ਨਵੀਂ ਸਿੱਖ ਪੀੜ੍ਹੀ ਨੂੰ ਵਿੱਦਿਅਕ ਪ੍ਰਾਪਤੀਆਂ ਲਈ ਜਾਗਰੂਕ ਅਤੇ ਹੋਰ ਉਦਮਸ਼ੀਲ ਕਰਨ ਲਈ ਅਤੇ ਸਿੱਖ ਵਿੱਦਿਅਕ ਅਦਾਰਿਆਂ ਵਿਚ ਇਕੋ ਜਿਹਾ ਸਿਲੇਬਸ ਲਾਗੂ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕ ਸਾਂਝਾ ਪੰਥਕ ਪਲੇਟਫਾਰਮ ਤਿਆਰ ਕਰਨ ਹਿਤ ਅਤੇ 'ਕੌਮਾਂਤਰੀ ਸਿੱਖ ਵਿੱਦਿਅਕ ਬੋਰਡ' ਦੇ ਗਠਨ ਲਈ ਸਿੱਖ ਜਥੇਬੰਦੀਆਂ ਦੇ ਪ੍ਰਬੰਧਕਾਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਲਈ ਕਿਹਾ ਗਿਆ ਹੈ ।  ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਵਲੋਂ ਇਸ ਸੰਬੰਧੀ ਦੇਸ਼ -ਵਿਦੇਸ਼ ਦੇ ਪ੍ਰਮੁੱਖ ਸਿੱਖ ਬੁੱਧੀਜੀਵੀਆਂ ਤੋਂ ਇਲਾਵਾ ਸ਼ੋ੍ਮਣੀ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ, ਅਕਾਲ ਅਕੈਡਮੀ ਬੜੂ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਮੇਤ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਪੱਤਰ ਲਿਖ ਕੇ ਉਕਤ ਵਿਸ਼ੇ ਸੰਬੰਧੀ ਸੁਝਾਓ ਭੇਜਣ ਦੀ ਅਪੀਲ ਕੀਤੀ ਗਈ ਹੈ ।ਗੁਰਮੀਤ ਸਿੰਘ ਨੇ ਦੱਸਿਆ ਕਿ ਸੁਝਾਉ ਪ੍ਰਾਪਤ ਹੋਣ ਬਾਅਦ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕੌਮਾਂਤਰੀ ਸਿੱਖ ਵਿੱਦਿਅਕ ਬੋਰਡ ਦੀ ਸਥਾਪਨਾ ਲਈ ਕਾਰਜਸ਼ੀਲ ਹੋਵੇਗੀ ।