ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਚ ਲੱਗਿਆ ਪੱਕਾ ਮੋਰਚਾ
ਕਿਹਾ- ਇਹ ਮੋਰਚਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੋਟਕਪੂਰਾ ਵਿਖੇ ਸ਼ਾਂਤਮਈ ਸੰਗਤ ’ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ
* ਸਿੱਖ ਜਵਾਨੀ ਦਾ ਵੱਡਾ ਹਿੱਸਾ ਵੱਡੇ ਸੰਘਰਸ਼ ਲਈ ਜੂਝਣ ਨੂੰ ਤਿਆਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਬੰਦੀ ਸਿੰਘਾਂ ਦੀ ਰਿਹਾਈ ਸਮੇਤ 3 ਹੋਰ ਪੰਥਕ ਮੁੱਦਿਆ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਬਰਫੀਲੀ ਠੰਡ ਵਿਚ ਪੱਕਾ ਧਰਨਾ ਲਾਇਆ ਗਿਆ ਹੈ । ਮੋਰਚੇ ਵਿੱਚ ਸ਼ਾਮਲ ਲੋਕਾਂ ਨੇ ਸੜਕ ‘ਤੇ ਹੀ ਰਾਤ ਗੁਜ਼ਾਰੀ ਹੈ,ਨੌਜਵਾਨ,ਬੀਬੀਆਂ ,ਬਜ਼ੁਰਗ ਹਰ ਵਰਗ ਦੀਆਂ ਸੰਗਤਾਂ ਮੋਰਚੇ ਵਿੱਚ ਸ਼ਾਮਲ ਹੋਈਆਂ । ਠੰਢ ਦੇ ਬਾਵਜੂਦ ਮੋਰਚੇ ਦੇ ਵਿੱਚ ਸ਼ਾਮਲ ਲੋਕਾਂ ਦਾ ਹੌਸਲਾ ਬੁਲੰਦ ਸੀ ਅਤੇ ਉਨ੍ਹਾਂ ਨੇ ਸਾਫ ਐਲਾਨ ਕਰ ਦਿੱਤਾ ਹੈ ਕੀ ਉਹ ਕਿਸੇ ਵੀ ਸੂਰਤ ਵਿੱਚ ਪਿੱਛੇ ਨਹੀਂ ਹੱਟਣ ਵਾਲੇ ਹਨ। ਇਨਸਾਫ ਮੋਰਚਾ ਕੁੱਲ 4 ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠਾ ਹੈ ।
ਏ.ਐਸ. ਚਾਹਲ (ਐਡਵੋਕੇਟ), ਬਾਪੂ ਗੁਰਚਰਨ ਸਿੰਘ, ਦਿਲਸ਼ੇਰ ਸਿੰਘ ਜੰਡਿਆਲਾ (ਐਡਵੋਕੇਟ), ਗੁਰਨਾਮ ਸਿੰਘ ਸਿੱਧੂ (ਯੂਨਾਈਟਿਡ ਅਕਾਲੀ ਦਲ) ਅਤੇ ਰਸ਼ਪਾਲ ਸਿੰਘ (ਯੂਨਾਈਟਿਡ ਅਕਾਲੀ ਦਲ) ਨੇ ਕਿਹਾ ਕਿ ਮੁੱਖ ਤੌਰ ’ਤੇ ਭਾਰਤ ਸਰਕਾਰ ਨੂੰ ਇਕ ਐਕਟ ਪਾਸ ਕਰਨਾ ਚਾਹੀਦਾ ਹੈ ਜਿਸ ਵਿਚ ਕਿਸੇ ਵੀ ਫ਼ਿਰਕੇ ਦੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਕੰਮਾਂ ਨੂੰ ਫ਼ਾਸਟ ਟਰੈਕ ਅਦਾਲਤਾਂ ਰਾਹੀਂ ਮੁਕੱਦਮਾ ਚਲਾ ਕੇ ਉਮਰ ਕੈਦ ਦੀ ਸਜ਼ਾ ਦਿਤੀ ਜਾਵੇ ਅਤੇ ਇਸ ਨੂੰ ਸਮਾਂਬੱਧ ਕੀਤਾ ਜਾਵੇ। ਦੂਜਾ ਕਿਸੇ ਵੀ ਭਾਰਤੀ ਜੇਲ ਵਿਚ ਬੰਦ ਸਾਰੇ ਕੈਦੀਆਂ ਨੂੰ ਉਨ੍ਹਾਂ ਦੀ ਕਾਨੂੰਨੀ ਜੇਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਤਰ੍ਹਾਂ ਸਬੰਧਤ ਰਾਜਾਂ ਦੁਆਰਾ ਰਿਹਾਈ ਨਿਰਧਾਰਤ ਕੀਤੀ ਜਾਏ । ਇਹ ਮਾਮਲਾ ਸਬੰਧਤ ਰਾਜ ਜਾਂ ਭਾਰਤ ਸਰਕਾਰ ਦੇ ਅਖ਼ਤਿਆਰ ’ਤੇ ਨਹੀਂ ਛਡਿਆ ਜਾਣਾ ਚਾਹੀਦਾ ਕਿ ਉਹ ਵਿਸ਼ੇਸ਼ ਭਾਈਚਾਰਿਆਂ ਨਾਲ ਸਬੰਧਤ ਕੈਦੀਆਂ ਦੀ ਥੋੜ੍ਹੇ ਸਮੇਂ ਬਾਅਦ ਰਿਹਾਈ ਅਤੇ ਦੂਜੇ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਅਣਮਿੱਥੇ ਸਮੇਂ ਲਈ ਰੱਖਣ ਦੇ ਸਬੰਧ ਵਿਚ ਵਿਤਕਰੇ ਨਾਲ ਕੰਮ ਕਰੇ ਜਿਵੇਂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਸੂਬਾਂ ਸਰਕਾਰਾਂ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ । ਤਾਜ਼ਾ ਮਾਮਲਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਹੈ । ਅਦਾਲਤ ਨੇ ਜਥੇਦਾਰ ਹਵਾਰਾ ਨੂੰ ਦਿੱਲੀ ਤੋਂ ਚੰਡੀਗੜ੍ਹ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਤੱਕ ਇਸ ‘ਤੇ ਵੀ ਪ੍ਰਸ਼ਾਸਨ ਫੈਸਲਾ ਨਹੀਂ ਲੈ ਸਕਿਆ ਹੈ । ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ 27 ਸਾਲ ਤੋਂ ਜੇਲ੍ਹ ਵਿੱਚ ਹਨ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫੀ ਦਾ ਮਾਮਲਾ ਲੰਮੇ ਵਕਤ ਤੋਂ ਸੁਪਰੀਮ ਕੋਰਟ ਵਿੱਚ ਹੈ । ਦਵਿੰਦਰ ਪਾਲ ਸਿੰਘ ਭੁੱਲਰ ਨੂੰ 28 ਸਾਲ ਜੇਲ੍ਹ ਵਿੱਚ ਹੋ ਗਏ ਹਨ,ਸੁਪਰੀਮ ਕੋਰਟ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ ਪਰ ਰਿਹਾਈ ਦੀ ਫਾਈਲ ‘ਤੇ ਲੰਮੇ ਵਕਤ ਤੋਂ ਦਿੱਲੀ ਸਰਕਾਰ ਕੋਈ ਫੈਸਲਾ ਨਹੀਂ ਲੈ ਪਾ ਰਹੀ ਹੈ। 32 ਸਾਲ ਤੋਂ ਗੁਰਦੀਪ ਸਿੰਘ ਖਹਿਰਾ,27 ਸਾਲ ਤੋਂ ਲਖਵਿੰਦਰ ਸਿੰਘ ਲੱਖਾ,27 ਸਾਲ ਤੋਂ ਭਾਈ ਗੁਰਪ੍ਰੀਤ ਸਿੰਘ,27 ਸਾਲਾਂ ਤੋਂ ਹੀ ਭਾਈ ਸ਼ਮਸ਼ੇਰ ਸਿੰਘ,25 ਸਾਲ ਤੋਂ ਭਾਈ ਪਰਮਜੀਤ ਸਿੰਘ ਭਿਓਰਾ,17 ਸਾਲ ਤੋਂ ਭਾਈ ਜਗਤਾਰ ਸਿੰਘ ਤਾਰਾ ਜੇਲ੍ਹ ਵਿੱਚ ਨਜ਼ਰਬੰਦ ਹਨ । ਇੰਨਾਂ ਸਾਰਿਆਂ ਦੇ ਲਈ ਇਨਸਾਫ ਮੋਰਚਾ ਰਿਹਾਈ ਦੀ ਮੰਗ ਰਿਹਾ ਹੈ ।
ਸਿੱਖ ਕੈਦੀਆਂ ਦੇ ਮਾਮਲੇ ਵਿਚ ਮੋਰਚਾ ਇਸ ਗੱਲ ਦਾ ਵੀ ਧਿਆਨ ਰਖੇਗਾ ਕਿ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਜੋ ਅਣਅਧਿਕਾਰਤ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਕੁੱਝ ਵਿਅਕਤੀਆਂ ਤਕ ਪਹੁੰਚਾਏ ਗਏ ਹਨ, ਉਨ੍ਹਾਂ ਦਾ ਪਤਾ ਲਗਾਇਆ ਜਾਵੇ ਅਤੇ ਜਿਸ ਨੇ ਵੀ ਇਹ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਅਤੇ ਗ਼ੈਰ-ਧਾਰਮਿਕ ਕੰਮ ਕੀਤਾ ਹੈ, ਉਸ ਨੂੰ ਸਜ਼ਾ ਦਿਤੀ ਜਾਵੇ। ਸਿੱਖ ਵਿਦਵਾਨਾਂ, ਸਿੱਖ ਸੰਤਾਂ ਅਤੇ ਹੋਰ ਪੰਥਕ ਆਗੂਆਂ ਦੀ ਕਮੇਟੀ ਜੋ ਕਿਸੇ ਵੀ ਪਾਰਟੀ ਜਾਂ ਧੜੇ ਨਾਲ ਸਬੰਧਤ ਨਾ ਹੋਣ, ਬਣਾਈ ਜਾਣੀ ਚਾਹੀਦੀ ਹੈ ਤੇ ਉਸ ਦੀਆਂ ਸਿਫ਼ਾਰਸ਼ਾਂ ਨੂੰ ਮਾਨਤਾ ਦਿਤੀ ਜਾਣੀ ਚਾਹੀਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਸਪੁਰਦਗੀ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸਜ਼ਾ ਸਿੱਖ ਧਾਰਮਿਕ ਰਹਿਤ ਮਰਿਆਦਾ ਅਨੁਸਾਰ ਹੋਣੀ ਚਾਹੀਦੀ ਹੈ। ਚੌਥਾ ਇਹ ਮੋਰਚਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੋਟਕਪੂਰਾ ਵਿਖੇ ਸ਼ਾਂਤਮਈ ਸੰਗਤ ’ਤੇ ਹਮਲਾ ਕਰਨ, ਕੁਝ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਅਤੇ ਕੁਝ ਬੇਕਸੂਰ ਸਿੱਖਾਂ ’ਤੇ ਝੂਠੇ ਕੇਸ ਦਰਜ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ। ਮੋਰਚਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਜਿਨ੍ਹਾਂ ਨੇ ਦੋ ਨਿਰਦੋਸ਼ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਸੀ ਅਤੇ ਸ਼ਾਂਤਮਈ ਢੰਗ ਨਾਲ ਬੈਠੀਆਂ ਸਿੱਖ ਸੰਗਤਾਂ ਵਿਚੋਂ ਕਈਆਂ ਨੂੰ ਜ਼ਖ਼ਮੀ ਕਰ ਦਿਤਾ ਸੀ।
ਵਰਨਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀਆਂ ਮੁੱਖ ਮੰਤਰੀਆਂ ਦੀਆਂ ਸਰਕਾਰਾਂ ਧਾਰਮਿਕ ਸਮਾਗਮਾਂ ਵਿਚ ਵੀ ਉਪਰੋਕਤ ਘਟਨਾਵਾਂ ਦਾ ਇਨਸਾਫ਼ ਕਰਨ ਲਈ ਝੂਠੇ ਵਾਅਦੇ ਕਰ ਰਹੀਆਂ ਹਨ, ਪਰ ਰਾਜ ਪ੍ਰਬੰਧ ਤੇ ਨਿਆਂ ਦਾ ਮਜ਼ਾਕ ਉਡਾਉਂਦੀਆਂ ਰਹੀਆਂ ਹਨ। ਇਨ੍ਹਾਂ ਸਿੰਘਾਂ ਦੀ ਰਿਹਾਈ ਲਈ ਸਿੱਖ ਪੰਥ ਵੱਲੋਂ ਕਈ ਵਾਰ ਮੋਰਚੇ ਲਾਏ ਗਏ। ਬਹੁਤ ਸਾਰੀਆਂ ਕਨੂੰਨੀ ਚਾਰਜੋਈਆਂ ਕੀਤੀਆਂ ਗਈਆਂ। ਬਹੁਤ ਵਾਰ ਭਾਰਤ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ।ਪਰ ਕਿਸੇ ਸਰਕਾਰ ਨੇ ਸਿਖਾਂ ਨਾਲ ਨਿਆਂ ਨਹੀਂ ਕੀਤਾ।
ਸਿੰਘਾਂ ਦੀ ਰਿਹਾਈ ਲਈ ਪਹਿਲਾ ਮੋਰਚਾ ਭਾਈ ਗੁਰਬਖਸ਼ ਸਿੰਘ ਨੇ ਲਗਾਇਆ ਜੋ ਕਾਫੀ ਲੰਬੇ ਸਮੇਂ ਤੱਕ ਚੱਲਿਆ ਸੀ। ਪਰਕਾਸ਼ ਸਿੰਘ ਬਾਦਲ ਨੇ ਮੋਰਚੇ ਨੂੰ ਅਸਫਲ ਕਰਨ ਲਈ ਕੁਝ ਸਿੰਘਾਂ ਨੂੰ ਪੈਰੌਲ ਤੇ ਰਿਹਾਅ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਫੇਰ ਜੇਲ੍ਹ ਜਾਣਾ ਪਿਆ। ਇਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ ਦੂਜਾ ਮੋਰਚਾ ਵੀ ਲਗਾਇਆ, ਬਾਪੂ ਸੂਰਤ ਸਿੰਘ ਨੇ ਵੀ ਭੁੱਖ ਹੜਤਾਲ ਕੀਤੀ। ਬਰਗਾੜੀ ਵਿਖੇ ਵੀ ਛੇ ਮਹੀਨਿਆਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਾ ਰਿਹਾ, ਪਰ ਭਾਰਤ ਸਰਕਾਰ ਨੇ ਇਹ ਰਿਹਾਈਆਂ ਨਾ ਕੀਤੀਆਂ।
ਹੁਣ 11 ਜਨਵਰੀ 2022 ਨੂੰ ਇੱਕ ਵਾਰ ਫਿਰ ਸਿੱਖ ਕੌਮ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਮਾਰਚ ਕੀਤਾ। ਜਿਸ ਵਿੱਚ ਸਿੱਖ ਸੰਗਤਾਂ ਨੇ ਭਰਵੀ ਹਾਜ਼ਰੀ ਲਵਾਈ। ਇਸ ਮਾਰਚ ਦੀ ਵਿਸ਼ੇਸ਼ਤਾ ਇਹ ਸੀ ਕਿ ਵੱਡੀ ਗਿਣਤੀ ਵਿੱਚ ਕੇਸਰੀ ਦਸਤਾਰਾਂ ਵਾਲੇ ਸਿੱਖ ਨੌਜਵਾਨਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਪਿਛਲੇ ਸਮੇਂ ਦੌਰਾਨ ਚੱਲੇ ਕਿਸਾਨੀ ਮੋਰਚੇ ਦੌਰਾਨ ਜਿਹੜੇ ਨੌਜਵਾਨ ਆਪਣੀਆਂ ਸਰਗਰਮੀਆਂ ਕਾਰਨ ਸਿੱਖ ਸਮਾਜ ਦੇ ਸਾਹਮਣੇ ਆਏ ਹਨ ਉਨ੍ਹਾਂ ਵਿੱਚੋਂ ਬਹੁਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਮਾਰਚ ਵਿੱਚ ਸ਼ਾਮਲ ਸਨ। ਕੰਵਰ ਗਰੇਵਾਲ,ਹਰਫ ਚੀਮਾ,ਭਾਨਾ ਸਿੱਧੂ, ਲੱਖਾ ਸਿਧਾਣਾ,ਅਮਿਤੋਜ ਮਾਨ ਆਦਿ ਨੌਜਵਾਨ ਚਿਹਰੇ ਜਿਹੜੇ ਪੰਜਾਬ ਲਈ ਨਵੀਂ ਸਰਗਰਮੀ ਦੀ ਚਿਣਗ ਬਣਕੇ ਉਭਰੇ ਹਨ ਇਨ੍ਹਾਂ ਸਾਰਿਆਂ ਨੇ ਇਸ ਰਿਹਾਈ ਮਾਰਚ ਵਿੱਚ ਹਿੱਸਾ ਲੈ ਕੇ ਸਿੱਧ ਕੀਤਾ ਕਿ ਸਿੱਖ ਕੌਮ ਆਪਣੇ ਉਨ੍ਹਾਂ ਨੌਜਵਾਨਾਂ ਨੂੰ ਭੁੱਲੀ ਨਹੀ ਹੈ ਜਿਨ੍ਹਾਂ ਨੇ ਔਖੇ ਸਮੇਂ ਤੇ ਆਪਣੀਆਂ ਜਾਨਾਂ ਦੀ ਬਾਜੀ ਲਗਾਕੇ ਕੌਮ ਦਾ ਮਾਣ ਉੱਚਾ ਕੀਤਾ।
ਵੈਸੇ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਭਾਰਤ ਸਰਕਾਰ ਕੁਝ ਕੁ ਬੰਦੀ ਸਿੰਘਾਂ ਦੀ ਰਿਹਾਈ ਦਾ ਮਨ ਬਣਾ ਰਹੀ ਹੈ। ਇਸਦੇ ਨਾਲ ਹੀ ਜਿਵੇਂ ਪੰਜਾਬ ਦੇ ਰਾਜਪਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਮਾਰਚ ਦੀ ਲੀਡਰਸ਼ਿੱਪ ਨਾਲ ਗੱਲ ਕੀਤੀ, ਉਸ ਤੋਂ ਕੁਝ ਸੰਕੇਤ ਮਿਲ ਰਹੇ ਹਨ ਕਿ ਸ਼ਾਇਦ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਕੁਝ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਵੇ। ਅਜਿਹੇ ਕਰੜੇ ਫੈਸਲੇ ਹਮੇਸ਼ਾ ਸਿਆਸਤਦਾਨ ਉਦੋਂ ਹੀ ਕਰਦੇ ਹਨ ਜਦੋਂ ਉਨ੍ਹਾਂ ਨੂੰ ਲਗਦਾ ਹੋਵੇ ਕਿ ਅਜਿਹੇ ਫੈਸਲੇ ਨਾਲ ਉਨਾਂ ਦਾ ਸਿਆਸੀ ਵਕਾਰ ਵਧ ਸਕਦਾ ਹੈ।
ਸਰਕਾਰਾਂ ਕੀ ਫੈਸਲੇ ਕਰਦੀਆਂ ਹਨ ਇਹ ਤਾਂ ਵਕਤ ਹੀ ਦੱਸੇਗਾ ਪਰ ਇਸ ਰਿਹਾਈ ਮਾਰਚ ਤੇ ਮੋਰਚੇ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਿੱਖ ਜਵਾਨੀ ਦਾ ਵੱਡਾ ਹਿੱਸਾ ਹਾਲੇ ਵੀ ਕਿਸੇ ਵੱਡੇ ਸੰਘਰਸ਼ ਲਈ ਆਪਣੀ ਸ਼ਕਤੀ ਲਗਾ ਸਕਦਾ ਹੈ। ਉ੍ਹਹ ਨਾ ਕੇਵਲ ਕਿਸੇ ਸੰਘਰਸ਼ ਨੂੰ ਜਥੇਬੰਦ ਕਰ ਸਕਦਾ ਹੈ ਬਲਕਿ ਉਸਨੂੰ ਲੰਬੇ ਸਮੇਂ ਲਈ ਚਲਾ ਵੀ ਸਕਦਾ ਹੈ।ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਮਾਰਚ ਵਿੱਚ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੇ ਸਾਰਿਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ।
ਹਵਾਰਾ ਕਮੇਟੀ ਵੱਲੋਂ ਲਗਾਇਆ ਗਿਆ ਮੋਰਚਾ
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫ਼ੀ,ਪੰਜਾਬ ਅਤੇ ਭਾਰਤ ਸਰਕਾਰ ਦੀ ਸਿੱਖ ਕੌਮ ਪ੍ਰਤੀ ਬੇਰੁਖੀ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ 7 ਜਨਵਰੀ ਨੂੰ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਕਈ ਸਿੱਖ ਮੁੱਦਿਆਂ ਨੂੰ ਲੈ ਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ।.
Comments (0)