ਭਾਈ ਦਲਜੀਤ ਸਿੰਘ ਜੀ ਦੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" ਜਾਰੀ

ਭਾਈ ਦਲਜੀਤ ਸਿੰਘ ਜੀ ਦੀ ਕਿਤਾਬ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਅੱਜ ਪਿੰਡ ਇਆਲੀ ਕਲਾਂ (ਲੁਧਿਆਣਾ) ਸਥਿਤ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ ਛੇਵੀਂ ਵਿਖੇ “ਖਾੜਕੂ ਸੰਘਰਸ਼ ਦੀ ਸਾਖੀ” ਮਾਤਾ ਸੁਰਜੀਤ ਕੌਰ, ਮਾਤਾ ਸ਼ਮਿੰਦਰ ਕੌਰ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਬਲਬੀਰ ਸਿੰਘ, ਭਾਈ ਜਰਨੈਲ ਸਿੰਘ ਹੁਸੈਨਪੁਰ, ਬਾਬਾ ਅਨੂਪ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਵਲੋਂ ਜਾਰੀ ਕੀਤੀ ਗਈ। ਖਾੜਕੂ ਸੰਘਰਸ਼ ਦੀ ਦਾਸਤਾਨ ਨੂੰ ਬਿਆਨ ਕਰਦੀ ਇਹ ਕਿਤਾਬ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਨੂੰ ਇੱਕ ਨਵੀਂ ਰਾਹਦਾਰੀ ਦਵੇਗੀ । 

ਸਿੱਖ ਕੌਮ ਦੀ ਮਾਨਸਿਕਤਾ ਵਿਚੋਂ ਧੁੰਦਲੀਆਂ ਪੈਂਦੀਆਂ ਇਤਿਹਾਸਕ ਪਰਤਾਂ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗੀ । "ਖਾੜਕੂ ਸੰਘਰਸ਼ ਦੀ ਸਾਖੀ" ਬਾਰੇ ਭਾਈ ਦਲਜੀਤ ਸਿੰਘ ਜੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਜੰਗਾਂ ਅਤੇ ਸੰਘਰਸ਼ਾਂ ਵਿਚ ਵੱਡੇ ਕਾਰਨਾਮਿਆਂ ਦੀ ਹਕੀਕਤ ਵੀ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਕਿ ਓਹਨਾਂ ਕਾਰਨਾਮਿਆਂ ਦੀਆਂ ਨੀਹਾਂ ਵਿਚ ਖੜ੍ਹੇ ਬੰਦਿਆਂ ਬਾਰੇ ਇਤਿਹਾਸ ਬਹੁਤੀ ਗੱਲ ਨਹੀਂ ਕਰਦਾ ਹੁੰਦਾ। ਇਤਿਹਾਸ ਸਿਰਫ ਕਾਰਨਾਮਿਆਂ ਦੀ ਟੀਸੀ ਉੱਤੇ ਪਹੁੰਚੇ ਨਾਂਵਾਂ ਨੂੰ ਹੀ ਵੇਖਦਾ ਹੈ, ਓਹਨਾਂ ਦਾ ਜਿਕਰ ਕਰਦਾ ਹੈ ਅਤੇ ਅੱਗੇ ਲੰਘ ਜਾਂਦਾ ਹੈ। ਇਤਿਹਾਸ ਦੀ ਘਾੜਤ ਵਿਚ ਕੰਧ ਵਿਚ ਇਟਾਂ ਵਾਂਗ ਲੱਗੇ ਸਿੰਘਾਂ-ਸਿੰਘਣੀਆਂ, ਬੱਚਿਆਂ, ਬਜੁਰਗਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਨਾ ਬਣਦਾ ਹੈ। ਸਾਡੀ ਅਰਦਾਸ ਅਸਲ ਵਿਚ ਏਹਨਾਂ ਅਣਗੌਲੇ ਸਿੰਘਾਂ ਦਾ ਹੀ ਜਿਕਰ ਕਰਦੀ ਹੈ।