ਬਾਦਲ ਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਹਾਰ ਦੇ ਕਾਰਨਾਂ ਦੀ ਰਿਪੋਰਟ 'ਤੇ ਨਾ ਹੋਈ  ਵਿਚਾਰ

ਬਾਦਲ ਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਹਾਰ ਦੇ ਕਾਰਨਾਂ ਦੀ ਰਿਪੋਰਟ 'ਤੇ ਨਾ ਹੋਈ  ਵਿਚਾਰ

* ਬੈਠਕ ਵਿਚ ਸੰਗਰੂਰ ਜ਼ਿਮਨੀ ਚੋਣ, ਬੰਦੀ ਸਿੰਘਾਂ ਦੀ ਰਿਹਾਈ, ਪਟਿਆਲਾ ਘਟਨਾ ਤੇ ਬਿਜਲੀ ਸੰਕਟ 'ਤੇ ਚਰਚਾ ਹੋਈ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ  ਇਥੇ ਹੋਈ ਮੀਟਿੰਗ ਵਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਨਾਮੋਸ਼ੀਜਨਕ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਪਾਰਟੀ ਨੂੰ ਦੁਬਾਰਾ ਖੜ੍ਹਾ ਕਰਨ ਲਈ ਸਿਫ਼ਾਰਸ਼ਾਂ ਕਰਨ ਸੰਬੰਧੀ ਬਣਾਈ ਸਬ ਕਮੇਟੀ ਦੀ ਰਿਪੋਰਟ ਨੂੰ ਨਹੀਂ ਵਿਚਾਰਿਆ ਗਿਆ, ਹਾਲਾਂਕਿ ਸਬ ਕਮੇਟੀ ਨੇ ਤਕਰੀਬਨ ਸਾਰੇ ਜ਼ਿਲਿਆਂ ਦਾ ਟੂਰ ਲਗਾ ਕੇ ਰਿਪੋਰਟ ਤਕਰੀਬਨ ਤਿਆਰ ਕੀਤੀ ਹੋਈ ਹੈ ।ਕੋਰ ਕਮੇਟੀ ਦੀ ਤਕਰੀਬਨ 6 ਘੰਟੇ ਚੱਲੀ ਮੀਟਿੰਗ ਕੇਵਲ ਸੂਬੇ ਨੂੰ ਦਰਪੇਸ਼ ਮਸਲਿਆਂ 'ਤੇ ਹੀ ਵਿਚਾਰ-ਵਟਾਂਦਰਾ ਕਰਦੀ ਰਹੀ ਅਤੇ ਇਹ ਮੁੱਦਾ ਕਾਫ਼ੀ ਜ਼ੋਰ ਨਾਲ ਉੱਠਿਆ ਕਿ ਪਾਰਟੀ ਨੇ ਜੇਕਰ ਸੰਗਰੂਰ ਦੀ ਪਾਰਲੀਮਾਨੀ ਸੀਟ 'ਤੇ ਚੋਣ ਲੜਨੀ ਹੈ ਤਾਂ ਉਸ ਨੂੰ ਪੂਰੀ ਤਿਆਰੀ ਨਾਲ ਲੜਿਆ ਜਾਵੇ ਤਾਂ ਜੋ ਪਾਰਟੀ ਇਸ ਚੋਣ ਵਿਚ ਦੁਬਾਰਾ ਮਾੜਾ ਪ੍ਰਦਰਸ਼ਨ ਦੇਣ ਕਾਰਨ ਹੋਰ ਨੁਕਸਾਨ ਨਾ ਉਠਾਏ ।ਕੁਝ ਆਗੂਆਂ ਦੀ ਇਹ ਵੀ ਰਾਏ ਸੀ ਕਿ ਪਾਰਟੀ ਘੱਟੋ ਘੱਟ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨਾਲੋਂ ਇਸ ਜ਼ਿਮਨੀ ਚੋਣ ਵਿਚ ਅੱਗੇ ਰਹਿਣੀ ਚਾਹੀਦੀ ਹੈ। ਮੀਟਿੰਗ ਵਿਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦੱਸਿਆ ਗਿਆ ਕਿ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲ੍ਹੇ ਵਿਖੇ ਭਾਰਤ ਸਰਕਾਰ ਦੇ ਸਮਰਥਨ ਨਾਲ ਕਰਵਾਏ ਗਏ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਸਮਾਰੋਹ ਵਿਚ ਪਾਰਟੀ ਵਲੋਂ ਸ਼ਮੂਲੀਅਤ ਇਸ ਲਈ ਨਹੀਂ ਹੋਈ ਕਿਉਂਕਿ ਨਾ ਤਾਂ ਮੈਨੂੰ ਤੇ ਨਾ ਹੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਮਾਗਮ ਲਈ ਬਕਾਇਦਾ ਸੱਦਾ ਪੱਤਰ ਦਿੱਤਾ ਗਿਆ । ਮੀਟਿੰਗ ਵਿਚ ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਘਟਨਾ 'ਤੇ ਵੀ ਵਿਚਾਰ-ਵਟਾਂਦਰਾ ਹੋਇਆ ਅਤੇ ਕੁਝ ਆਗੂਆਂ ਦਾ ਇਹ ਵਿਚਾਰ ਸੀ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ ਅਸਲ ਵਿਚ ਉਨ੍ਹਾਂ ਦੀ ਭੂਮਿਕਾ ਕਾਫ਼ੀ ਚੰਗੀ ਸੀ ।ਮੀਟਿੰਗ ਦੌਰਾਨ ਬੰਦੀ ਸਿੰਘਾਂ ਦੇ ਮੁੱਦੇ 'ਤੇ ਵੀ ਵਿਸਥਾਰ ਵਿਚ ਵਿਚਾਰ- ਵਟਾਂਦਰਾ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਇਸ ਸੰਬੰਧੀ  ਦਿੱਤੇ ਗਏ ਬਿਆਨ ਦੀ ਵੀ ਸ਼ਲਾਘਾ ਹੋਈ ।ਮੀਟਿੰਗ ਦੌਰਾਨ ਬਿਜਲੀ ਦੀ ਥੁੜ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਪਾਰਟੀ ਵਲੋਂ ਇਸ ਸੰਬੰਧੀ ਕੁਝ ਜ਼ਰੂਰੀ ਮਾਮਲੇ ਰਾਜਪਾਲ ਕੋਲ ਉਠਾਉਣ ਦੀ ਵੀ ਮੰਗ ਰੱਖੀ ਗਈ ।ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਜਗਮੀਤ ਸਿੰਘ ਬਰਾੜ ਅਤੇ ਹੀਰਾ ਸਿੰਘ ਗਾਬੜੀਆ ਆਦਿ ਹਾਜ਼ਰ ਸਨ ।