ਸਬ ਇੰਸਪੈਕਟਰ (ਐੱਸਆਈ) ਦਿਲਬਾਗ਼ ਸਿੰਘ ਖਾੜਕੂਆਂ ਦੀ ਹਿਟ ਲਿਸਟ ਵਿਚ   

ਸਬ ਇੰਸਪੈਕਟਰ (ਐੱਸਆਈ) ਦਿਲਬਾਗ਼ ਸਿੰਘ ਖਾੜਕੂਆਂ ਦੀ ਹਿਟ ਲਿਸਟ ਵਿਚ   

ਐੱਸਆਈ ਦੀ ਬੋਲੈਰੋ ਵਿਚ ਆਈਈਡੀ ਫਿੱਟ ਕਰ ਕੇ ਦੋਸ਼ੀ ਫ਼ਰਾਰ, ਪੁਲਿਸ ਨੇ ਡਿਫਿਊਜ਼ ਕੀਤਾ ਬੰਬ  

ਅੰਮ੍ਰਿਤਸਰ ਟਾਈਮਜ਼

 ਅੰਮ੍ਰਿਤਸਰ : ਸੀਆਈਏ ਸਟਾਫ ਦੇ ਸਬ ਇੰਸਪੈਕਟਰ (ਐੱਸਆਈ) ਦਿਲਬਾਗ਼ ਸਿੰਘ ਦੀ ਬੋਲੈਰੋ ਗੱਡੀ ਵਿਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਕਰੀਬ ਦੋ ਵਜੇ ਦੇ ਕਰੀਬ ਦੋ ਨਕਾਬਪੋਸ਼ ਅਪਰਾਧੀ ਆਈਈਡੀ ਫਿੱਟ ਕਰ ਕੇ ਫ਼ਰਾਰ ਹੋ ਗਏ। ਦੋਵੇਂ ਇਕ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਹਾਲਾਂਕਿ ਪਤਾ ਲੱਗਣ ’ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਆਈਈਡੀ ਨੂੰ ਸੁਰੱਖਿਅਤ ਸਥਾਨ ’ਤੇ ਲਿਜਾ ਕੇ ਇਸ ਨੂੰ ਡਿਫਿਊਜ਼ ਕਰ ਦਿੱਤਾ। ਤੇ ਵੱਡਾ ਹਾਦਸਾ ਟਲ ਗਿਆ। ਪੂਰੀ ਘਟਨਾ ਨੇਡ਼ੇ ਹੀ ਲੱਗੇ ਇਕ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ ਤੇ ਫੁਟੇਜ ਦੇ ਆਧਾਰ ’ਤੇ ਪੁਲਿਸ ਅਪਰਾਧੀਆਂ ਦੀ ਪਛਾਣ ਕਰ ਰਹੀ ਹੈ। 

ਪੰਜਾਬ ਪੁਲਿਸ ਦੇ ਸੀਆਈਏ ਸਟਾਫ ਦੇ ਸਬ-ਇੰਸਪੈਕਟਰ ਦਿਲਬਾਗ਼ ਸਿੰਘ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸੀ-ਬਲਾਕ ਵਿਚ ਰਹਿੰਦੇ ਹਨ। ਮੰਗਲਵਾਰ ਸਵੇਰੇ ਮੰਗਾ ਤੇ ਉਸ ਦਾ ਸਾਥੀ ਉਨ੍ਹਾਂ ਦੀ ਕਾਰ ਸਾਫ ਕਰਨ ਆਏ। ਸਫ਼ਾਈ ਕਰਦਿਆਂ ਉਨ੍ਹਾਂ ਕਾਰ ਦੇ ਪਿਛਲੇ ਪਹੀਏ ਹੇਠਾਂ ਡੱਬੇ ਵਰਗੀ ਚੀਜ਼ ਪਈ ਦੇਖੀ, ਜਿਸ ਵਿਚੋਂ ਕੁਝ ਤਾਰਾਂ ਬਾਹਰ ਨਿਕਲੀਆਂ ਹੋਈਆਂ ਸਨ। ਉਨ੍ਹਾਂ ਇਸ ਦੀ ਸੂਚਨਾ ਦਿਲਬਾਗ ਸਿੰਘ ਨੂੰ ਦਿੱਤੀ। ਦਿਲਬਾਗ ਸਿੰਘ ਨੇ ਦੇਖਿਆ ਤਾਂ ਉਹ ਸਮਝ ਗਏ ਕਿ ਗੱਡੀ ਵਿਚ ਆਈਈਡੀ ਫਿੱਟ ਕੀਤੀ ਗਈ ਹੈ। ਉਨ੍ਹਾਂ ਇਸ ਦੀ ਜਾਣਕਾਰੀ ਫ਼ੌਰੀ ਤੌਰ ’ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।

ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ ਡੀਸੀਪੀ ਮੁਖਵਿੰਦਰ ਸਿੰਘ ਨੇ ਕਿਹਾ ਕਿ ਆਈਈਡੀ ਡਿਫਿਊਜ਼ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ਵਿਚ ਦੋ ਨਕਾਬਪੋਸ਼ ਨੌਜਵਾਨ ਆਉਂਦੇ ਦਿਖਾਈ ਦਿੱਤੇ ਹਨ ਤੇ ਉਨ੍ਹਾਂ ਦੀ ਪਛਾਣ ਲਈ ਜਾਂਚ ਕਰਵਾਈ ਜਾ ਰਹੀ ਹੈ। ਥਾਣਾ ਰਣਜੀਤ ਐਵੇਨਿਊ ਵਿਚ ਬੇਪਛਾਣ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਬੰਬ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਲਗਾਇਆ ਗਿਆ ਜਦੋਂ ਸ਼ਹਿਰ ਦੇ ਚੱਪੇ-ਚੱਪੇ ਵਿਚ ਪੁਲਿਸ ਤਾਇਨਾਤ ਸੀ। ਇਸ ਦੇ ਬਾਵਜੂਦ ਸਮਾਜ ਵਿਰੋਧੀ ਅਨਸਰ ਕਾਰਵਾਈ ਨੂੰ ਅੰਜਾਮ ਦੇ ਗਏ।

ਦਿਲਬਾਗ ਸਿੰਘ ਨੂੰ ਮਿਲ ਰਹੀਆਂ ਸਨ ਧਮਕੀਆਂ

ਸੀਆਈਏ ਸਟਾਫ ਵਿਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਪੰਜਾਬ ਸੰਤਾਪ ਦੇ ਦੌਰ ਵਿਚ ਪੁਲਿਸ ’ਵਿਚ ਭਰਤੀ ਹੋਏ ਸਨ। ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਕਈ ਖਾੜਕੂਆਂ ਨੂੰ ਫਡ਼ਿਆ ਸੀ। ਦਿਲਬਾਗ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਕੁਝ ਦਿਨ ਪਹਿਲਾਂ ਵੀ ਉਸ ਨੂੰ ਖਾਲਿਸਤਾਨੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਸੀ। ਉਨ੍ਹਾਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਸੀ।