ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਸੰਗਤਾਂ ਨੇ ਲਾਇਆ ਸੋਧਾ 

ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਸੰਗਤਾਂ ਨੇ ਲਾਇਆ ਸੋਧਾ 

 *ਕਪੂਰਥਲਾ ਗੁਰਦੁਆਰਾ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਸੰਗਤਾਂ ਨੇ ਝਟਕਾਇਆ                 * 2015 ਤੋਂ ਬਾਅਦ ਬੇਅਦਬੀ ਦੇ 100 ਤੋਂ ਜ਼ਿਆਦਾ ਮਾਮਲੇ

 *ਚੋਣਾਂ ਕਾਰਨ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼: ਮੁਖ ਮੰਤਰੀ

* ਸਾਜ਼ਿਸ਼ਕਾਰਾਂ ਦਾ ਛੇਤੀ ਪਰਦਾਫਾਸ਼ ਕੀਤੇ ਜਾਣ ਦਾ ਕੀਤਾ ਦਾਅਵਾ

*ਬਾਇਓਮੈਟ੍ਰਿਕ ਰਿਕਾਰਡ ਨਾਲ ਵੀ ਨਹੀਂ ਹੋ ਸਕੀ ਬੇਅਦਬੀ ਦੇ ਦੋਸ਼ੀਆਂ ਦੀ ਪਛਾਣ 

  *ਸ਼੍ਰੋਮਣੀ ਕਮੇਟੀ ਨੇ ਗੁਰਧਾਮਾਂ ’ਤੇ ਚੌਕਸੀ ਵਧਾਈ

   *ਡਰੋਨ ਖਰੀਦਣ ਦੀ ਤਿਆਰੀ  

ਅੰਮ੍ਰਿਤਸਰ ਟਾਈਮਜ਼ ਬਿਉਰੋ

  ਅੰਮ੍ਰਿਤਸਰ: 18- 19 ਦਸੰਬਰ ਨੂੰ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਦੋ ਘਟਨਾਵਾਂ ਅੰਮ੍ਰਿਤਸਰ ਤੇ ਕਪੂਰਥਲੇ ਵਿਚ ਵਾਪਰੀਆਂ। ਦੋ ਮੁਲਜ਼ਮਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਤੇ ਬੇਅਦਬੀ ਕਾਂਡ ਨਾਲ ਪੂਰੇ ਸਿਖ ਜਗਤ ਵਿਚ ਰੋਸ ਫੈਲਿਆ ਹੋਇਆ ਹੈ । ਦਰਬਾਰ ਸਾਹਿਬ ਵਿਚ ਬੇਅਦਬੀ ਦੀ ਘਟਨਾ ਨੂੰ ਸਿਖ ਜਗਤ ਨੇ ਆਪਣੇ ਵਾਜੂਦ ਲਈ ਚੈਲਿੰਜ ਸਮਝਿਆ ਤੇ ਸੰਘ ਪਰਿਵਾਰ ਤੇ ਸਿਖ ਵਿਰੋਧੀ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਹੈ।ਸੰਘ ਪਰਿਵਾਰ ਦਾ ਕਹਿਣਾ ਕਿ ਬੇਅਦਬੀ ਦੀ ਘਟਨਾ ਨਿੰਦਨਯੋਗ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ। ਬੀਤੇ ਸ਼ਨਿਚਰਵਾਰ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਾਜ਼ਮਾਂ ਨੂੰ  ਸੰਗਤ ਅਤੇ ਸੇਵਾਦਾਰਾਂ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਐਤਵਾਰ ਸਵੇਰੇ ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿਚ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਯਤਨ ਕਰਨ ਵਾਲੇ ਨੌਜਵਾਨ ਨੂੰ ਸੰਗਤ ਨੇ ਪੁਲਿਸ ਦੀ ਮੌਜੂਦਗੀ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ। ਇਨ੍ਹਾਂ ਦੋਵਾਂ ਘਟਨਾਵਾਂ ਨੇ ਸੂਬੇ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਬਰਗਾੜੀ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਸਜ਼ਾ ਦੇਣ ਸਬੰਧੀ ਸਿਆਸੀ ਘਟਨਾਕ੍ਰਮ ਭਖਿਆ ਹੋਇਆ ਸੀ ਕਿ ਹੁਣ ਦੋ ਤਾਜ਼ਾ ਘਟਨਾਵਾਂ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ।ਪੰਜਾਬ ਵਿਚ ਪਿਛਲੇ ਕੁਝ ਪਿਛਲੇ ਸਾਲਾਂ ਦੌਰਾਨ 100 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਪਵਿੱਤਰ ਗ੍ਰੰਥ ਦੀ ਚੋਰੀ ਤੇ ਫਿਰ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਵਿੱਤਰ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਸਿਆਸਤ ਦੇ ਕੇਂਦਰ ਵਿਚ ਰਹੇ ਹਨ।

 ਇਹਨਾਂ ਮਾਮਲਿਆਂ ਸਬੰਧੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਨ੍ਹਾਂ ਘਟਨਾਵਾਂ ਸਬੰਧੀ ਨਿਆਂ ਵਿਚ ਦੇਰੀ ਨੂੰ ਲੈ ਕੇ ਸਿਆਸਤ ਤੇ ਦੂਸ਼ਣਬਾਜ਼ੀ ਦਾ ਦੌਰ ਚੱਲ ਹੀ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਵਿਚ ਹੋਈਆਂ ਘਟਨਾਵਾਂ ਨਾਲ ਪੂਰਾ ਸੂਬਾ ਤੇ ਸਿਖ ਜਗਤ ਰੋਸ ਵਿਚ  ਹੈ। ਖ਼ੁਦ ਪੰਜਾਬ ਪੁਲਿਸ ਅਨੁਸਾਰ ਇਕ ਜੂਨ ਜੂਨ 2015 ਤੋਂ ਬਾਅਦ 100 ਤੋਂ ਜ਼ਿਆਦਾ ਬੇਅਦਬੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।    

ਦਰਬਾਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ 

 ਸ਼ਾਮ ਦੌਰਾਨ  ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਗਿਆਨੀ ਬਲਜੀਤ ਸਿੰਘ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ ਤਾਂ ਇਕ ਨੌਜਵਾਨ, ਜਿਸ ਦੀ ਉਮਰ 25 ਕੁ ਸਾਲ ਦੇ ਕਰੀਬ ਦੱਸੀ ਜਾਂਦੀ ਹੈ, ਮੱਥਾ ਟੇਕਣ ਵਾਲੀ ਸੰਗਤ ਵਿਚੋਂ ਨਿਕਲ ਕੇ ਅਚਾਨਕ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ਵਾਲੇ ਖੇਤਰ ਵਿਚ ਦਾਖਲ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੱਗੇ ਪਈ ਸੋਨੇ ਦੇ ਮਿਆਨ ਵਾਲੀ ਸ੍ਰੀ ਸਾਹਿਬ ਚੁੱਕ ਲਈ । ਇਸ ਮੌਕੇ ਉਥੇ ਮੌਜੂਦ ਸੇਵਾਦਾਰਾਂ ਤੇ ਸ਼ਰਧਾਲੂਆਂ ਨੇ ਉਸ ਨੂੰ ਕਾਬੂ ਕਰਕੇ ਬਾਹਰ ਪਰਿਕਰਮਾ ਵਿਚ ਲਿਜਾ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਗੁਸੇ ਵਿਚ ਆਏ ਸ਼ਰਧਾਲੂਆਂ ਨੇ ਉਸ ਦੀ ਭਾਰੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ।ਜਾਣਕਾਰੀ ਅਨੁਸਾਰ ਭਾਵੇਂ ਇਸ ਵਿਅਕਤੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ, ਪਰ ਇਹ ਵਿਅਕਤੀ ਉੱਤਰ-ਪ੍ਰਦੇਸ਼ ਜਾਂ ਬਿਹਾਰ ਨਾਲ ਸਬੰਧਿਤ ਕੋਈ ਪ੍ਰਵਾਸੀ ਨੌਜਵਾਨ ਸਮਝਿਆ ਜਾ ਰਿਹਾ ਹੈ ।ਇਸ ਸਬੰਧੀ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ  ਗੁਰੂ ਘਰ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਸ਼ਰਧਾਲੂਆਂ ਵਲੋਂ ਮੌਕੇ 'ਤੇ ਹੀ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਦੇ ਦਿੱਤੀ ਗਈ ਹੈ ।  ਬੇਅਦਬੀ ਦੀ ਇਸ ਵਾਪਰੀ ਘਟਨਾ ਕਾਰਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |

ਬੇਅਦਬੀ ਦੀ ਘਟਨਾ ਬਾਰੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ  ਗਿਆਨੀ ਜਗਤਾਰ ਸਿੰਘ ਨੇ  ਸ੍ਰੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਨਿਭਾਅ ਰਹੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਤੁਰੰਤ ਹੀ ਅੱਖ ਦੇ ਫੋਰ ਨਾਲ ਇਸ ਦੁਸ਼ਟ ਨੂੰ ਕਾਬੂ ਕਰ ਲਿਆ ਅਤੇ ਸਿੱਖ ਸੰਗਤਾਂ ਵਲੋਂ ਪੰਥਕ ਰਵਾਇਤਾਂ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਹੈ । ਮੌਕੇ ਦੇ ਇਕ ਗਵਾਹ ਬਲਜਿੰਦਰ ਸਿੰਘ ਨਾਂਅ ਦੇ ਸ਼ਰਧਾਲੂ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਹ ਮੌਕੇ 'ਤੇ ਮੌਜੂਦ ਸੀ ਤੇ ਰੋਸ ਵਜੋਂ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰ ਕੇ ਪਰਿਕਰਮਾ ਵਿਚ ਲਿਜਾਏ ਜਾਣ ਸਮੇਂ ਕੁੱਟਮਾਰ ਕੀਤੀ ਗਈ । ਦੋਸ਼ੀ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕੁਝ ਨਹੀਂ ਦੱਸਿਆ | ਉਨ੍ਹਾਂ ਦਾਅਵਾ ਕੀਤਾ ਕਿ ਗੁੱਸੇ ਵਿਚ ਆਈਆਂ ਸੰਗਤਾਂ ਵਲੋਂ ਦੋਸ਼ੀ ਦੀ ਕੀਤੀ ਕੁੱਟਮਾਰ ਦੌਰਾਨ ਉਸ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਨੂੰ ਕੰਬਲ 'ਵਿਚ ਲਪੇਟ ਕੇ ਸ਼ੋ੍ਮਣੀ ਕਮੇਟੀ ਦਫ਼ਤਰ ਦੇ ਮੁੱਖ ਗੇਟ ਦੇ ਅੰਦਰ ਰੱਖ ਦਿੱਤਾ ਗਿਆ ।

  ਸਿੱਖ ਜਥੇਬੰਦੀਆਂ ਦਾ ਪੱਖ

ਇਸੇ ਦੌਰਾਨ ਪਤਾ ਲੱਗਣ 'ਤੇ ਭਾਈ ਹਵਾਰਾ ਕਮੇਟੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਵੀ ਸ਼ੋ੍ਮਣੀ ਕਮੇਟੀ ਦਫ਼ਤਰ ਸਾਹਮਣੇ ਇਕੱਤਰ ਹੋ ਗਈਆਂ ਤੇ ਸ਼ੋ੍ਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮੌਕੇ 'ਤੇ ਮੌਜੂਦ ਭਾਈ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮੌਕੇ 'ਤੇ ਹੀ ਪੰਥਕ ਰਵਾਇਤਾਂ ਅਨੁਸਾਰ ਬਣਦੀ ਸਜ਼ਾ ਸੰਗਤਾਂ ਜਾਂ ਸ਼ੋ੍ਰਮਣੀ ਕਮੇਟੀ ਦੇ ਕਰਮਚਾਰੀਆਂ ਵਿਚੋਂ ਜਿਸ ਨੇ ਵੀ ਦਿੱਤੀ ਹੈ, ਸ਼ਲਾਘਾਯੋਗ ਕੰਮ ਕੀਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਤੇ ਪੰਥ ਵਿਰੋਧੀ ਏਜੰਸੀਆਂ ਜਾਣ ਬੁਝ ਕੇ ਬੇਅਦਬੀਆਂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ । ਉਹਨਾਂ ਕਿਹਾ ਕਿ ਸ਼ੋ੍ਮਣੀ ਕਮੇਟੀ ਨੂੰ ਗੁਰੂ ਘਰਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ |

   ਮੁਲਜ਼ਮ ਖ਼ਿਲਾਫ਼ ਬੇਅਦਬੀ ਤੇ ਇਰਾਦਾ ਕਤਲ ਦੇ ਦੋਸ਼ਾਂ ਹੇਠ ਪਰਚਾ ਦਰਜ

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸੰਬੰਧੀ ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਬੇਅਦਬੀ ਦੀ ਧਾਰਾ 295ਏ ਅਤੇ ਇਰਾਦਾ ਕਤਲ ਦੀ ਧਾਰਾ 307 ਭਾਰਤੀ ਦੰਡਾਵਲੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਾਧਾ ਸਿੰਘ (47) ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਹੈ, ਜਿਸ ਨੇ ਕਿਹਾ ਕਿ ਘਟਨਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੋਰ ਸੇਵਾਦਾਰਾਂ ਨਾਲ ਮੌਜੂਦ ਸੀ 

  ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਤਸਵੀਰ ਜਾਰੀ

ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਪੁਲਿਸ ਵਲੋਂ  ਤਸਵੀਰ ਜਾਰੀ ਕਰ ਦਿੱਤੀ ਗਈ ਹੈ । ਪੁਲਿਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਅਤੇ ਸ਼ੋ੍ਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰਵਾਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਹਰ ਤਰ੍ਹਾਂ ਦੀ ਕਾਰਵਾਈ ਤੇ ਪੁਲਿਸ ਵਲੋਂ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ । 

ਮੁਖ ਮੰਤਰੀ ਚੰਨੀ ਦਰਬਾਰ ਸਾਹਿਬ  ਪੁਜੇ

 ਦਰਬਾਰ ਸਾਹਿਬ ਵਿਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਮੰਦਭਾਗੀ ਘਟਨਾ ਦੇ ਮਾਮਲੇ ਦੀ ਸਰਕਾਰ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਏ।  ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਹਿਰਦੇ ਵੀ ਵਲੂੰਧਰੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ  ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁਝ ਸਮਾਜ ਵਿਰੋਧੀ ਤਾਕਤਾਂ ਆਪਣੇ ਨਾਪਾਕ ਮਨਸੂਬਿਆਂ ਤਹਿਤ ਅਜਿਹੀਆਂ ਕਾਰਵਾਈਆਂ ਕਰਵਾ ਸਕਦੀਆਂ ਹਨ ਜਿਨ੍ਹਾਂ ਨੂੰ ਨਾਕਾਮ ਕਰਨ ਲਈ ਚੌਕਸ ਹੋਣਾ ਜ਼ਰੂਰੀ ਹੈ।  

 ਪੁਲਿਸ ਨਹੀਂ ਕਰ ਸਕੀ ਦੋਸ਼ੀਆਂ ਦੀ ਪਛਾਣ

 ਸ੍ਰੀ ਦਰਬਾਰ ਸਾਹਿਬ ਵਿਖੇ ਮਾਰੇ ਗਏ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਪਛਾਣ ਬਾਇਓਮੈਟ੍ਰਿਕ ਡਾਟਾਬੇਸ ਤੋਂ ਵੀ ਨਹੀਂ ਹੋ ਸਕੀ। ਪੁਲਿਸ ਤੇ ਸੁਵਿਧਾ ਕੇਂਦਰ ਦੀ ਇਕ ਟੀਮ ਸਿਵਲ ਹਸਪਤਾਲ ਤੇ ਪੋਸਟਮਾਰਟਮ ਹਾਊਸ ਪੁੱਜੀ, ਜਿੱਥੇ ਮ੍ਰਿਤਕ ਦੇ ਫਿੰਗਰ ਪ੍ਰਿੰਟ ਦਾ ਰਿਕਾਰਡ ਲਿਆ ਗਿਆ ਪਰ ਮ੍ਰਿਤਕ ਦੇ ਫਿੰਗਰ ਪ੍ਰਿੰਟ ਆਧਾਰ ਡਾਟਾਬੇਸ ਨਾਲ ਮੈਚ ਨਹੀਂ ਹੋਏ।    ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਿਸ ਆਪਣੇ ਪੱਧਰ ਉਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਮਾਰੇ ਗਏ ਦੋਸ਼ੀਆਂ ਦੀ ਪਛਾਣ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ ਤਾਂ ਕੀ ਪੰਜਾਬ ਪੁਲਿਸ ਫੋਰੈਂਸਿਕ ਮਾਹਿਰਾਂ ਦੀ ਮਦਦ ਲਵੇਗੀ।                                                                                         ਸ਼ੋ੍ਮਣੀ ਕਮੇਟੀ ਵੀ ਬਣਾਏਗੀ ਸਿੱਟ

 ਸ਼੍ਰੋਮਣੀ  ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਮਗਰੋਂ  ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਂਗ ਸ਼੍ਰੋ੍ਮਣੀ ਕਮੇਟੀ ਵੀ ਇਕ ਸਿੱਟ ਬਣਾਏਗੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਸਿੱਟ ਬਣਨ ਦੀ ਉਡੀਕ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਆਪਣੀ ਸਿੱਟ ਬਣਾਵਾਂਗੇ। ਜੋ ਪੁਲਸ ਨੇ ਤਫ਼ਤੀਸ਼ ਕਰਨੀ ਹੈ, ਉਹ ਉਸ ਦਾ ਆਪਣਾ ਸਿਸਟਮ ਹੈ। ਸਾਡੀ ਸਿੱਟ ਮੋਨੀਟਰੀ ਵਾਚ ਕਰੇਗੀ ਕਿ ਉਸ ਵਿਚ ਕੀ ਸੱਚ ਹੈ ਅਤੇ ਕੀ ਝੂਠ ਹੈ।  ਉਨ੍ਹਾਂ ਕਿਹਾ ਕਿ  ਉਕਤ ਮੁਲਜ਼ਮ ਨੂੰ ਦਰਬਾਰ ਸਾਹਿਬ ਵਿਚ ਤਾਇਨਾਤ ਟਾਸਕ ਫੋਰਸ ਨੇ ਸ਼ੱਕ ਪੈਣ ਤੇ ਅੰਦਰ ਦਾਖਲ ਹੋਣ ਤੋਂ ਕਈ ਵਾਰ ਰੋਕਿਆ ਸੀ ਪਰ ਟਾਸਕ ਫੋਰਸ ਦੀ ਡਿਊਟੀ ਬਦਲਣ ਤੇ ਉਹ ਕਿਸੇ ਤਰ੍ਹਾਂ ਅੰਦਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।ਉਨ੍ਹਾਂ ਕਿਹਾ ਕਿ ਸਿੱਟ ਦੇ ਫ਼ੈਸਲੇ ਤੋਂ ਬਾਅਦ ਉਕਤ ਮੁਲਜ਼ਮ ਨਾਲ ਸਬੰਧਤ ਵੀਡੀਓ ਨੂੰ ਜਨਤਕ ਕੀਤਾ ਜਾਵੇਗਾ ਕਿ ਟਾਸਕ ਫੋਰਸ ਵੱਲੋਂ ਉਸ ਨੂੰ ਕਿੰਨੀ ਵਾਰ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੂਰੀ ਰਿਕਾਰਡਿੰਗ ਹੈ ਕਿ ਉਹ ਕਿੱਥੋਂ ਦਾਖਲ ਹੋਇਆ ਤੇ ਕਿੰਨੀ ਵਾਰ ਪਰਿਕਰਮਾ ਕੀਤੀ। ਕਪੂਰਥਲਾ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੁਲਸ ਤੱਥਾਂ ਦੇ ਆਧਾਰ ਤੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਹ ਲੋਕ ਕਿਸੇ ਸਾਜ਼ਿਸ਼ ਤਹਿਤ ਭੇਜੇ ਗਏ ਸਨ। ਉਹਨਾਂ ਕਿਹਾ ਕਿ ਮੱਥਾ ਟੇਕਣ ਜਾਣ ਵਾਲ਼ੀ ਸੰਗਤ ਵਿਚਲੇ ਮਾੜੇ ਅਨਸਰਾਂ ਤੇ ਤਿੱਖੀ ਨਿਗਾਹ ਰੱਖਣ ਲਈ ਕੁਝ ਥਾਈਂ ਡਰੋਨ ਖਰੀਦੇ ਜਾਣਗੇ। ਹਰੇਕ ਗੁਰਦੁਆਰੇ ਵਿਚ ਲੋੜ ਮੁਤਾਬਿਕ ਸੀਸੀਟੀਵੀ ਕੈਮਰੇ ਲਵਾਏ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 

 ਡੀਜੀਪੀ ਚਟੋਪਾਧਿਆਏ ਨੇ ਲਿਆ ਗੰਭੀਰ ਨੋਟਿਸ

  ਪੰਜਾਬ ਦੇ ਨਵੇਂ ਕਾਰਜਕਾਰੀ ਡੀ. ਜੀ. ਪੀ. ਐੱਸ. ਚਟੋਪਾਧਿਆਏ ਨੇ  ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਕਿਹਾ ਹੈ ਕਿ ਸੂਬੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬੇਅਦਬੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।   ਸੂਬੇ ਵਿੱਚ ਹਾਈ ਅਲਰਟ ਤੋਂ ਬਾਅਦ ਕਈ ਜ਼ਿਲਿਆਂ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।                                       

ਕੇਂਦਰ ਸਰਕਾਰ ਨੇ ਪੰਜਾਬ '  ਹਾਈ ਅਲਰਟ ਦੇ ਦਿੱਤੇ ਨਿਰਦੇਸ਼

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ 'ਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਰੇ ਗੁਰਦੁਆਰਿਆਂ, ਡੇਰਿਆਂ, ਮੰਦਰਾਂ ਤੋਂ ਇਲਾਵਾ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਨੂੰ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਰੋਧੀ ਤੱਤ ਪੰਜਾਬ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਧਾਰਮਿਕ ਸਥਾਨਾਂ ਦਾ ਇਸਤੇਮਾਲ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।