ਕਾਂਗਰਸੀ ਐਮਪੀ ਸਿੰਘ ਵੀ ਦਾ ਬੇਅਦਬੀ ਸਬੰਧੀ ਸਿਖ ਵਿਰੋਧੀ ਟਵੀਟ 

ਕਾਂਗਰਸੀ ਐਮਪੀ ਸਿੰਘ ਵੀ ਦਾ ਬੇਅਦਬੀ ਸਬੰਧੀ ਸਿਖ ਵਿਰੋਧੀ ਟਵੀਟ 

* ਅਖੇ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ 'ਤੇ ਸਖ਼ਤ ਐਕਸ਼ਨ ਹੋਵੇ    

 * ਜਥੇਦਾਰ ਅਕਾਲ ਤਖਤ ਤੇ ਸਿਰਸਾ ਨੇ ਦਿੱਤੀ ਇਹ ਤਿੱਖੀ ਪ੍ਰਤੀਕਿਰਿਆ

* ਪੰਥਕ ਜਥੇਬੰਦੀਆਂ ਤੇ ਸਿਆਸਤਦਾਨਾਂ ਵਲੋਂ ਬੇਅਦਬੀ ਨੂੰ ਸਾਜਿਸ਼ ਦਸਿਆ

*ਸਿਧੂ ਨੇ ਕਿਹਾ ਕਿ ਫਾਹੇ ਲਗਾਉ ਦੋਸ਼ੀਆਂ ਨੂੰ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ : ਗੁਰੂ ਗਰੰਥ ਸਾਹਿਬ ਬੇਅਦਬੀ ਕੇਸ ਪਹਿਲਾਂ ਅੰਮ੍ਰਿਤਸਰ ਤੇ ਫਿਰ ਕਪੂਰਥਲਾ 'ਵਿਚ  ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਗਰਮ ਹੈ। ਦੋਵੇਂ ਹੀ ਮਾਮਲਿਆਂ ਵਿਚ ਮੁਲਜ਼ਮਾਂ ਦੀ ਕੁੱਟ-ਕੁੱਟ ਕੇ ਸੰਗਤਾਂ ਵਲੋਂ ਹੱਤਿਆ ਕਰ ਦਿੱਤੀ ਗਈ ਹੈ। ਕਾਂਗਰਸੀ ਐੱਮਪੀ ਅਭਿਸ਼ੇਕ ਸਿੰਘਵੀ ਦੇ ਦਰਬਾਰ ਸਾਹਿਬ ਬੇਅਦਬੀ ਸਬੰਧੀ ਕੀਤੇ ਨਫਰਤੀ ਟਵੀਟ ਨੇ ਸਿਆਸਤ ਭਖਾ ਦਿੱਤੀ ਹੈ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਭਿਸ਼ੇਕ ਸਿੰਘਵੀ ਟਵੀਟ ਕਰ ਕੇ ਆਖ ਰਹੇ ਹਨ ਕਿ 'ਸ੍ਰੀ ਅੰਮ੍ਰਿਤਸਰ ਸਾਹਿਬ ਬੇਅਦਬੀ ਕਰਨ ਵਾਲੇ ਨੂੰ ਮਾਰਨ ਵਾਲਿਆਂ 'ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ ਹੈ।' ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ  ਸਿੰੰਘ ਨੇ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ 1947 ਤੋਂ ਬਾਅਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਸਿੱਖ ਮਰਿਆਦਾ, ਸਿੱਖ ਧਰਮ ਅਸਥਾਨਾਂ, ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲੇ ਕਰ ਕੇ ਤੇ ਸਰਕਾਰੀ ਸਰਪ੍ਰਸਤੀ ਹੇਠ ਇਨ੍ਹਾਂ ਹਮਲਾਵਰ ਦੋਖੀਆਂ ਨੂੰ ਸਜ਼ਾ ਦੇਣ ਦੀ ਜਗ੍ਹਾ ਪੁਸ਼ਤਪਨਾਹੀ ਕਰ ਕੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਸਿੱਖ ਕੌਮ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਹੈ। ਅਹਿਮ ਸਵਾਲ ਇਹ ਹੈ ਕਿ ਸੰਗਤ ਵੱਲੋਂ ਦੋਸ਼ੀ ਨੂੰ ਮਾਰਨ ਤਕ ਹੀ ਨੌਬਤ ਹੀ ਕਿਉਂ ਆਈ? ਜਦੋਂ ਕਾਨੂੰਨ ਦਾ ਰਾਜ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਅਸਮਰੱਥ ਰਿਹਾ ਤਾਂ ਵਲੂੰਧਰੇ ਹਿਰਦੇ ਚੁੱਕੀ ਫਿਰਦੇ ਸਿੱਖ ਕੀ ਕਰਨ? 84 ਦੀ ਨਸਲਕੁਸ਼ੀ ਲਈ ਇਨਸਾਫ਼ ਉਡੀਕਦੇ ਜਹਾਨੋਂ ਤੁਰ ਗਏ ਸਿੱਖਾਂ ਦੇ ਵਾਰਸ ਤੇ ਜਿੰਦਗੀ ਦੇ ਆਖਰੀ ਸਾਹ ਗਿਣ ਰਹੇ ਸਿੱਖ ਕੀ ਕਰਨ? ਇਹ ਵੀ ਅਭਿਸ਼ੇਕ ਸਿੰਘਵੀ ਨੂੰ ਦੱਸਣਾ ਚਾਹੀਦਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇੰਦਰਾ ਗਾਂਧੀ ਵਾਂਗ ਕਾਂਗਰਸ ਸਰਕਾਰ ਵੀ ਡਬਲ ਗੇਮ ਨਾ ਖੇਡੇ। ਪੰਜਾਬ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਗੱਲਾਂ ਦੀ ਬਜਾਏ ਕਾਰਵਾਈ ਕਰੋ।

ਵਖ ਵਖ ਧਿਰਾਂ ਵਲੋਂ ਬੇਅਦਬੀ ਦੀ ਘਟਨਾ ਦੀ ਨਿਖੇਧੀ

ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਧਿਰਾਂ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਅਤੇ ਤਿੰਨ ਕੁ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸੁੱਟਣ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਘਟਨਾਵਾਂ ਸਾਜ਼ਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣਾਂ ਨੇੜੇ ਆਉਣ ਤੇ ਹੀ ਕਿਉਂ ਵਾਪਰਦੀਆਂ ਹਨ।   ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਆਪਣੇ ਰਾਜਕਾਲ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਨਾਕਾਮ ਹੋਈ ਹੈ। 

 ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਸਰੇਰਾਹ ਫਾਂਸੀ 'ਤੇ ਟੰਗ ਦਿੱਤਾ ਜਾਣਾ ਚਾਹੀਦੈ। ਸਿੱਧੂ ਨੇ ਕਿਹਾ, 'ਕੱਟੜਪੰਥੀ ਤਾਕਤਾਂ ਸਾਡੀ ਪੰਜਾਬ ਏਕਤਾ ਨੂੰ ਭੰਗ ਕਰ ਰਹੀਆਂ ਹਨ।   ਜੇਕਰ ਬੇਅਦਬੀ ਦੀ ਘਟਨਾ ਹੁੰਦੀ ਹੈ, ਅਜਿਹੇ ਹੀ ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਭਗਵਤ ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਵੇ- ਦੋਸ਼ੀਆਂ ਨੂੰ ਜਨਤਕ ਰੂਪ 'ਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਸੰਵਿਧਾਨ ਤਹਿਤ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।'  ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਖ਼ਾਲਸਾ ਨੇ  ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਕੀਤੀ ਗਈ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਪਿੱਛੇ ਸਮੇਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੀਤੀ ਕਾਰਵਾਈ ਨੂੰ ਉਚਿਤ ਦੱਸਦਿਆਂ ਮੁਲਾਜ਼ਮਾਂ ਤੇ ਸੰਗਤ ਦੀ ਸ਼ਲਾਘਾ ਕੀਤੀ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਬਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਹਰਕਤ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਘਟਨਾ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ, ਜਿਸ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ।  ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਪਿਛਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਨਹੀਂ ਤਾਂ ਆਉਂਦੇ ਸਮੇਂ ਵਿੱਚ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰਾਂ ਹੀ ਜ਼ਿੰਮੇਵਾਰ ਹੋਣਗੀਆਂ। 

ਅਕਾਲੀ ਦਲ (ਸੰਯੁਕਤ) ਨੇ ਸ੍ਰੀ ਦਰਬਾਰ  ਸਾਹਿਬ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਾਂਗਰਸ ਸਰਕਾਰ ਤੋਂ ਇਸ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਵਿੱਚ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਪੁਲੀਸ ਤੇ ਬਾਦਲਾਂ ਦੇ ਕੰਟਰੋਲ ਵਾਲੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੋਂ ਸਿੱਖਾਂ ਦਾ ਭਰੋਸਾ ਉੱਠ ਚੁੱਕਾ ਹੈ। ਇਸ ਕਰਕੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ, ''ਨਿੰਦਾਯੋਗ ਹੈ, ਘੋਰ ਨਿੰਦਾਯੋਗ ਹੈ। ਪਰ ਇਸਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਪੰਜਾਬ 'ਚ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਾਂਚ ਦਾ ਵਿਸ਼ਾ ਬਣਨੀਆਂ ਚਾਹੀਦੀਆਂ ਨੇ। ਬੇਅਦਬੀ ਕਾਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।  ਸਾਥੀ ਬੰਤ ਸਿੰਘ ਬਰਾੜ ਸਕੱਤਰ ਪੰਜਾਬ ਸੀ ਪੀ ਆਈ ਨੇ   ਕਿਹਾ ਕਿ  ਕਿ ਸ਼੍ਰੋਮਣੀ  ਕਮੇਟੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਮਰੱਥ ਰਹੀ ਹੈ । ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਅਜਿਹੇ ਸ਼ੱਕੀ ਵਿਅਕਤੀਆਂ ਨੂੰ ਜਾਨੋਂ ਮਾਰਨ ਦੀ ਬਜਾਏ ਉਹਨਾਂ ਨੂੰ ਫੜ ਕੇ ਜਾਂਚ ਕਰਕੇ ਘਟਨਾ ਦੀ ਤਹਿ ਤੱਕ ਜਾਣਾ ਚਾਹੀਦਾ ਹੈ ।

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅੰਮ੍ਰਿਤਸਰ ਤੇ ਕਪਰੂਥਲਾ ਚ ਬੇਅਬਦੀ ਦੀਆਂ ਘਟਨਾਵਾਂ ਨੂੰ ਅਤਿਅੰਤ ਮੰਦਭਾਗੀਆਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਟਦੇ ਨਾਲ ਕੇਂਦਰ ਅਤੇ ਕੌਮਾਂਤਰੀ ਏਜੰਸੀਆਂ ਨੂੰ ਸੂਬੇ ਦੇ ਵੋਟਾਂ ਸਮੇਂ ਅਜਿਹੀਆਂ ਘਟਨਾਵਾਂ ਵਾਪਰਨ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਂਕਿ ਉਨ੍ਹਾਂ ਨੂੰ ਕੇਂਦਰ ਦੀਆਂ ਜਾਂਚ ਏਜੰਸੀਆਂ ਤੇੇ ਵਿਸ਼ਵਾਸ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਨੇ ਦੁਖਾਂਤ ਝੱਲਿਆ ਹੈ ਇਸ ਸਾਜਿਸ਼ ਪਿੱਛੇ ਛਿਪ ਰਹੀਆਂ ਤਾਕਤਾਂ/ ਏਜੰਸੀਆਂ ਨੂੰ ਨੰਗੇ ਕਰਨਾ ਮੁੱਖ ਲੋੜ ਬਣ ਗਈ ਹੈ। ਆਪਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆ ਜਾਂਦੀਆਂ ਤਾਂ ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ਵਿਖੇ ਬੇਅਦਬੀ ਦੀ ਬੱਜਰ ਘਟਨਾ ਨਾ  ਵਾਪਰਦੀ। ਅਕਾਲੀ ਦਲ ਤੇ ਕਾਂਗਰਸ ਨੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਥਾਂ ਕੇਵਲ ਵਿਸ਼ੇਸ਼ ਜਾਂਚ ਟੀਮਾਂ ਬਿਠਾ ਕੇ ਮਾਮਲੇ ਠੰਬੇ ਬਸਤੇ ਵਿੱਚ ਪਾਉਣ ਦਾ ਯਤਨ ਕੀਤਾ ਹੈ।