ਪੰਜਾਬ ਸਰਕਾਰ ਨੇ ਲਖਬੀਰ ਸਿੰਘ ਹੱਤਿਆ ਦੀ ਜਾਂਚ ਲਈ ਐੱਸਆਈਟੀ ਬਣਾਈ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਿਹੰਗ ਅਮਨ ਸਿੰਘ ਦੇ ਸਮੂਹ ਦੀਆਂ ਗਤੀਵਿਧੀਆਂ, ਸਿੰਘੂ ਸਰਹੱਦ ’ਤੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਤੇ ਹੋਰ ਪੱਖਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕਰ ਦਿੱਤੀ ਹੈ। ਏਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਐੱਸਆਈਟੀ ਦੇ ਮੁਖੀ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਅਮਨ ਸਿੰਘ ਦੀਆਂ ਗਤੀਵਿਧੀਆਂ ਅਤੇ ਬਹੁਤ ਸਾਰੇ ਨਕਲੀ ਨਿਹੰਗ ਨੇਤਾਵਾਂ ਦੇ ਬਾਰੇ ਵਿੱਚ ਤੱਥ ਜਾਣਨ ਲਈ ਵੱਖ -ਵੱਖ ਨਿਹੰਗ ਸਮੂਹਾਂ ਦੀ ਮੀਟਿੰਗ ਬੁਲਾਉਣ।
ਬੇਅਦਬੀ ਦੇ ਦੋਸ਼ੀ ਨੂੰ ਸੋਧਨ ਵਾਲਾ ਸਰਬਜੀਤ ਸਿੰਘ ਮੋਨੇ ਤੋਂ ਬਣਿਆ ਸੀ ਨਿਹੰਗ
ਦਿੱਲੀ ਦੇ ਬਾਰਡਰ ’ਤੇ ਲੰਘੇ ਦਿਨੀਂ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਲਖਬੀਰ ਸਿੰਘ ਦਾ ਕਤਲ ਕਰਨ ਵਾਲੇ ਨਿਹੰਗ ਸਰਬਜੀਤ ਸਿੰਘ ਦੇ ਪਿਛੋਕੜ ਸਬੰਧੀ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ। ਕਰੀਬ ਦੋ ਸਾਲ ਪਹਿਲਾਂ ਘਰੋਂ ਗਿਆ ਤੇ ਥੋੜ੍ਹਾ ਸਮਾਂ ਪਹਿਲਾਂ ਨਿਹੰਗ ਬਣਿਆ ਸਰਬਜੀਤ ਸਿੰਘ ਪਹਿਲਾਂ ਕਲੀਨਸ਼ੇਵਨ ਸੀ। ਉਹ ਬਟਾਲਾ ਦੀ ਸੁਖਮਨੀ ਕਲੋਨੀ ’ਚ ਮਾਮਾ ਜੱਗਾ ਸਿੰਘ ਦੇ ਘਰ ਰਹਿੰਦਾ ਸੀ। ਸਰਬਜੀਤ ਸਿੰਘ ਨੂੰ ਇੱਕ ਮਹੀਨੇ ਦੀ ਉਮਰ ਵਿੱਚ ਨਾਨਕਾ ਪਰਿਵਾਰ ਆਪਣੇ ਕੋਲ ਲੈ ਆਇਆ ਸੀ। ਪਰਿਵਾਰਕ ਜੀਅ ਦਿੱਲੀ ਵਾਲੀ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਲਖਬੀਰ ਸਿੰਘ ਨੂੰ ਦਿੱਤੀ ਸਜ਼ਾ ਨੂੰ ਜਾਇਜ਼ ਵੀ ਠਹਿਰਾਇਆ ਹੈ। ਪਰਿਵਾਰਕ ਜੀਆਂ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਦੀ ਮੰਗ ਕੀਤੀ ਹੈ। ਸਰਬਜੀਤ ਸਿੰਘ ਦੀ ਨਾਨੀ ਬਚਨ ਕੌਰ ਨੇ ਦੱਸਿਆ ਕਿ ਸਰਬਜੀਤ ਪਿੰਡ ਵਿੱਠਵਾਂ (ਸ੍ਰੀ ਹਰਗੋਬਿੰਦਪੁਰ) ਤੋਂ ਹੈ, ਪਰ ਸਿਰਫ਼ ਇੱਕ ਮਹੀਨੇ ਦੀ ਉਮਰ ਵਿੱਚ ਉਹ ਉਸ ਨੂੰ ਨਾਨਕੇ ਘਰ ਪਿੰਡ ਖੁਜਾਲਾ ਲੈ ਆਏ ਸਨ। ਉਹ ਬਚਪਨ ਤੋਂ ਸਾਊ ਸੁਭਾਅ ਦਾ ਸੀ ਪਰ ਧੱਕੇਸ਼ਾਹੀ ਤੇ ਅਨਿਆਂ ਬਰਦਾਸ਼ਤ ਨਹੀਂ ਸੀ ਕਰਦਾ। ਮਾਮੀ ਪਲਵਿੰਦਰ ਕੌਰ ਨੇ ਦੱਸਿਆ ਕਿ 2007 ਵਿੱਚ ਉਸ ਦਾ ਵਿਆਹ ਕਰ ਦਿੱਤਾ ਪਰ ਉਸ ਦੇ ਅੱਖੜ ਸੁਭਾਅ ਕਾਰਨ ਪਤਨੀ ਨਾਲ ਕਰੀਬ ਦੋ ਸਾਲਾਂ ਬਾਅਦ ਹੀ ਤਲਾਕ ਹੋ ਗਿਆ ਸੀ। ਕਰੀਬ ਦੋ ਸਾਲ ਪਹਿਲਾਂ ਉਹ ਨਾਂਦੇੜ ਸਾਹਿਬ ਸਣੇ ਹੋਰ ਗੁਰਧਾਮਾਂ ’ਤੇ ਅਕਸਰ ਜਾਂਦਾ ਰਿਹਾ। ਮਾਮਾ ਜੱਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਵੀ ਚੈਨਲਾਂ ਤੋਂ ਹੀ ਘਟਨਾ ਸਬੰਧੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਬਟਾਲਾ ਪੁਲੀਸ ਨੇ ਸਰਬਜੀਤ ਸਿੰਘ ਦੇ ਅਤੀਤ ਸਣੇ ਹੋਰ ਵੇਰਵੇ ਇਕੱਤਰ ਕੀਤੇ। ਜੱਗਾ ਸਿੰਘ ਮੁਲਜ਼ਮ ਲਖਬੀਰ ਸਿੰਘ ਵੱਲੋਂ ਜਿਹੜੇ ਹੋਰ ਨਾਵਾਂ ਦਾ ਖ਼ੁਲਾਸਾ ਕੀਤਾ ਗਿਆ ਹੈ, ਦੀ ਭਾਲ ’ਤੇ ਜ਼ੋਰ ਦਿੱਤਾ।
Comments (0)