ਤਰਲੋਚਨ ਸਿੰਘ ਮਾਣਕਿਆਂ ਨੇ ਦਿੱਲੀ ਦੀ ਅਦਾਲਤ ਅੰਦਰ ਪੇਸ਼ ਹੋ ਕੇ ਪੇਸ਼ੀ ਭੁਗਤੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਬਹੁ ਚਰਚਿਤ ਰਹੇ ਕੌਮ ਘਾਤੀਏ ਸੌਦਾ ਸਾਧ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਚਲ ਰਹੇ ਹਨ, ਜੱਜ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਐਫ ਆਈ ਆਰ ਨੰਬਰ 77/07 ਧਾਰਾ 121,121 ਏ, 18,19,20 ਯੂਆਪਾ ਅਤੇ 25,24,59 ਅਧੀਨ ਬੀਤੇ ਦਿਨ ਨਿਜੀ ਤੋਰ ਤੇ ਪੇਸ਼ ਹੋਏ। ਕਰੋਨਾ ਮਹਾਮਾਰੀ ਕਾਰਣ ਇਹ ਕੇਸ ਮੁੜ ਪੁਰੇ ਡੇਢ ਸਾਲ ਬਾਦ ਚਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਡੀਉ ਕਾਨਫਰੈਸਿੰਗ ਰਾਹੀਂ ਪੇਸ਼ੀ ਹੁੰਦੀ ਰਹੀ ਸੀ । ਅਦਾਲਤ ਅੰਦਰ ਅਜ ਤਰਲੋਚਨ ਸਿੰਘ ਨੇ ਆਪਣੀ ਗਵਾਹੀ ਦਰਜ਼ ਕਰਵਾਈ ਜੋ ਕਿ ਤਕਰੀਬਨ ਤਿੰਨ ਘੰਟੇ ਤਕ ਚਲੀ ਸੀ । ਪੇਸ਼ੀ ਭੁਗਤਣ ਤੋਂ ਬਾਅਦ ਭਾਈ ਮਾਣਕਿਆਂ ਨੇ ਦਸਿਆ ਕਿ ਇਸ ਕੇਸ ਵਿਚ ਦਿੱਲੀ ਦੀ ਸ਼ਪੈਸਲ ਸੈਲ ਪੁਲਿਸ ਨੇ ਪੰਜਾਬ ਦੇ ਵੱਖ ਵੱਖ ਜਿਲਿਆਂ ਚੋਂ ਮੇਰੇ ਸਣੇ ਦਸ ਸਿੰਘਾਂ ਨੂੰ ਫੜਕੇ ਸੋਧਾ ਸਾਧ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਨਾਮਜਦ ਕਰਕੇ ਦਿੱਲੀ ਤਿਹਾੜ ਜੇਲ ਦੀਆਂ ਕਾਲ ਕੋਠੜੀਆਂ ਵਿਚ ਬੰਦ ਕਰ ਦਿਤਾ ਸੀ, ਮਾਮਲੇ ਵਿਚ ਨਾਮਜਦ ਭਾਈ ਦਿਆ ਸਿੰਘ ਲਾਹੌਰੀਆ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਸਨ । ਸਾਢੇ ਪੰਜ ਸਾਲ ਬਾਦ ਮੇਰੀ ਜਮਾਨਤ ਹੋਈ ਸੀ ਅਤੇ ਬਾਕੀ ਦੇ ਸਾਰੇ ਸਿੰਘ ਆਪਣਾ ਗੁਨਾਹ ਕਬੂਲ ਕਰਕੇ ਜੇਲ੍ਹ ਵਿਚ ਬਾਹਰ ਆ ਚੁੱਕੇ ਹਨ । ਉਨ੍ਹਾਂ ਦਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀਆਂ ਇਕ ਦੋ ਤਰੀਕਾਂ ਵਿਚ ਮਾਮਲੇ ਦੀ ਅਖੀਰਲੀਆਂ ਬਹਿਸ ਹੋਣਗੀਆਂ ਜਿਸ ਉਪਰੰਤ ਅਦਾਲਤ ਆਪਣਾ ਫ਼ੈਸਲਾ ਦੇਵੇਗੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ ।
Comments (0)