ਪੰਥਕ ਧਿਰਾਂ ਵਲੋਂ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਦਾ ਸਖਤ ਵਿਰੋਧ

ਪੰਥਕ ਧਿਰਾਂ ਵਲੋਂ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਦਾ ਸਖਤ ਵਿਰੋਧ

ਅਕਾਲੀ ਦਲ ਕਿਸਾਨਾਂ ਦੇ ਮਜ਼ਦੂਰਾਂ ਦੀ ਪਾਰਟੀ ਹੁੰਦੀ ਸੀ: ਗਿਆਨੀ ਹਰਪ੍ਰੀਤ ਸਿੰਘ 

ਸਿਖ ਚਿੰਤਕ ਗੁਰਬਚਨ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਵੀ ਬਿਆਨ ਬਾਦਲ ਪਰਿਵਾਰ ਤੇ ਧੜੇ ਨੂੰ ਪਸੰਦ ਨਹੀਂ ਆਇਆ ਕਿ ਅਕਾਲੀ ਦਲ ਹੁਣ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਇਹ ਕਿਸਾਨਾਂ-ਮਜ਼ਦੂਰਾਂ ਦੀ ਪਾਰਟੀ ਨਹੀਂ ਰਹੀ।ਜਥੇਦਾਰ ਨੇ ਇਹ ਵੀ ਕਿਹਾ ਕਿ ਪੀਟੀਸੀ ਤੋਂ ਗੁਰਬਾਣੀ ਦੇ ਅਧਿਕਾਰ ਲੈ ਲਓ ਅਤੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਪ੍ਰਬੰਧ ਕਰੇ। ਇਹ ਕਦੇ ਵੀ ਲਾਗੂ ਨਹੀਂ ਹੋਇਆ। ਲੱਗਦਾ ਅਜਿਹੇ ਆਦੇਸ਼ ਕਾਰਣ ਬਾਦਲਾਂ ਨੇ ਇਹ ਕਾਰਵਾਈ ਕੀਤੀ ਹੈ।”

ਡਾਇਰੈਕਟਰ ਗੁਰਚਰਨ ਸਿੰਘ ਟੋਹੜਾ ਅਡਵਾਂਸ ਇੰਟੀਚਿਊਟ ਆਫ਼ ਸਿੱਖ ਸਟੱਡੀਜ਼, ਬਹਾਦਰਗੜ, ਪਟਿਆਲਾ ਦੇ ਪ੍ਰੋਫੈਸਰ ਬਲਕਾਰ ਸਿੰਘ ਕਹਿੰਦੇ ਹਨ, “ਸ਼੍ਰੋਮਣੀ ਕਮੇਟੀ ਅਫ਼ਸਰਸ਼ਾਹੀ ਤਰ੍ਹਾਂ ਕੰਮ ਕਰਦੀ ਹੈ ਅਤੇ ਜੋ ਉਹਨਾਂ ਦੇ ਕਹਿਣੇ ਵਿੱਚ ਨਹੀਂ ਰਹਿੰਦਾ, ਉਸ ਨੂੰ ਹਟਾ ਦਿੱਤਾ ਜਾਂਦਾ ਹੈ

 ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੋਂ ਬਾਅਦ ਹੁਣ ਦਲ ਖਾਲਸਾ ਨੇ ਨਵੇਂ ਜਥੇਦਾਰ ਨੂੰ ਚੁਣਨ ਦੀ ਪ੍ਰਕਿਆ ਦਾ ਵਿਰੋਧ ਕੀਤਾ ਹੈ । ਦਲ ਖ਼ਾਲਸਾ ਨੇ ਜ਼ੋਰਦਾਰ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਬਦਲਣ ਮੌਕੇ ਇਕ ਵਾਰ ਫਿਰ ਸਥਾਪਿਤ ਪੰਥਕ ਸੰਸਥਾਵਾਂ ਤੇ ਜਥੇਬੰਦੀਆਂ,ਜੋ ਅਕਾਲ ਤਖਤ ਦੀ ਸਰਵਉੱਚਤਾ, ਪ੍ਰਭੂਸੱਤਾ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹਨ, ਨੂੰ ਭਰੋਸੇ ਵਿੱਚ ਨਹੀ ਲਿਆ।ਜਥੇਬੰਦੀ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪ-ਮੁਹਾਰੇ ਜਥੇਦਾਰ ਬਦਲਣ ਦੀ ਰਵਾਇਤ ਅਤੇ ਰੁਝਾਨ ਨਾਲ ਉਹ ਕਦਾਚਿਤ ਸਹਿਮਤ ਨਹੀਂ ਹਨ। ਜਥੇਬੰਦੀ ਦਾ ਮੰਨਣਾ ਹੈ ਕਿ ਜਥੇਦਾਰ ਦੀ ਪਦਵੀ ਨਿਯਮਬੱਧ ਅਤੇ ਸ਼ਖ਼ਸੀਅਤ ਪੰਥ ਅੰਦਰ ਸਰਬ-ਪ੍ਰਵਾਨਿਤ ਹੋਣੀ ਲਾਜ਼ਮੀ ਹੈ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਦੀ ਪਦਵੀ ਦਾ ਵਿਧੀ ਵਿਧਾਨ ( ਨਿਯੁਕਤੀ, ਸੇਵਾ-ਮੁਕਤੀ, ਅਧਿਕਾਰ ਖੇਤਰ ਅਤੇ ਕਾਰਜ-ਖੇਤਰ ) ਘੜੇ ਬਿਨਾਂ ਜਥੇਦਾਰਾਂ ਨੂੰ ਬਦਲਣ ਜਾਂ ਉਹਨਾਂ ਦੀ ਅਦਲਾ-ਬਦਲੀ ਕਰਨ ਨਾਲ ਪੰਥਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਲੈ ਕੇ ਪੈਦਾ ਹੋ ਚੁੱਕਿਆ ਸੰਕਟ ਦੂਰ ਨਹੀ ਹੋਵੇਗਾ ਅਤੇ ਨਾ ਹੀ ਜਥੇਦਾਰ ਦੀ ਪਦਵੀ ਦੀ ਖੁਸੀ ਸ਼ਾਖ ਹੀ ਬਹਾਲ ਹੋ ਸਕੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਇੱਕ-ਤਰਫ਼ਾ ਫੈਸਲੇ ਨੇ ਸਿੱਧ ਕੀਤਾ ਹੈ ਕਿ ਉਹ ਜਥੇਦਾਰ ਦੀ ਪਦਵੀ ਉਤੇ ਆਪਣਾ ਏਕਾਅਧਿਕਾਰ ਛੱਡਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਇੱਕ ਮੌਕਾ ਸੀ ਕਿ ਉਹ ਜਥੇਦਾਰ ਦੀ ਸ਼ਖ਼ਸੀਅਤ ਨੂੰ ਸਰਬ-ਪ੍ਰਵਾਣਿਤ ਬਨਾਉਣ ਵੱਲ ਇਕ ਕਦਮ ਪੁਟਦੇ ਪਰ ਅਫਸੋਸ ਕਿ ਉਹਨਾਂ ਨੇ ਆਪਣੀ ਪਕੜ ਤੇ ਜਕੜ ਬਣਾਈ ਰੱਖਣ ਨੂੰ ਹੀ ਤਰਜੀਹ ਦਿੱਤੀ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੇਕਰ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦੀ ਅਤੇ ਜਥੇਦਾਰ ਦੀ ਨਿਯੁਕਤੀ ਸਥਾਪਿਤ ਪੰਥਕ ਸੰਸਥਾਵਾਂ ਦੀ ਰਾਏ ਨਾਲ ਅਤੇ ਕਿਸੇ ਨਿਰਧਾਰਿਤ ਵਿਧੀ-ਵਿਧਾਨ ਤਹਿਤ ਕਰਦੀ ਤਾਂ ਮੁਤਵਾਜ਼ੀ ਜਥੇਦਾਰਾਂ ਦਾ ਵਿਵਾਦ ਵੀ ਸੁਲਝਾਇਆ ਜਾ ਸਕਦਾ ਸੀ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਪੰਥ ਦੀ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸਤ ਕਾਰਨ ਲਾਂਭੇ ਕਰਨ ਦੀ ਕਾਰਵਾਈ ਨੂੰ ਮੰਦਭਾਗਾ ਤੇ ਤਾਨਾਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿ. ਹਰਪ੍ਰੀਤ ਸਿੰਘ ਜਥੇਦਾਰ ਨੇ ਕਿਹਾ ਸੀ ਕਿ ਅਕਾਲੀ ਦਲ ਕਿਸਾਨਾਂ ਦੇ ਮਜ਼ਦੂਰਾਂ ਦੀ ਪਾਰਟੀ ਹੁੰਦੀ ਸੀ। ਹੁਣ ਸਰਮਾਏਦਾਰਾਂ ਦਾ ਬੋਲਬਾਲਾ ਹੈ, ਜੋ ਸਿਆਸੀ ਨੇਤਾਵਾਂ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਲਾਂਭੇ ਕਰਨ ਦੀ ਸ਼੍ਰੋਮਣੀ ਕਮੇਟੀ ਨੂੰ ਪਿਛਲੇ ਸਮੇਂ ਤੋਂ ਤਾੜ ਸੀ, ਜਿਸ ਦੇ ਹੁਕਮਾਂ ਦੀ ਉਡੀਕ ਕਾਰਨ ਐਮਰਜੈਂਸੀ ਮੀਟਿੰਗ ਬੁਲਾ ਕੇ ਜਥੇਦਾਰ ਨੂੰ ਲਾਂਭੇ ਕਰ ਦਿੱਤਾ, ਜਿਸ ਕਰ ਕੇ ਸਿੱਖ ਕੌਮ ਵਿਚ ਰੋਸ ਹੈ।