ਹੜ੍ਹਾਂ ਦੇ ਝੰਬੇ ਪੰਜਾਬ ਨੂੰ ਪਰਵਾਸੀਆਂ ਤੋਂ ਉਮੀਦਾਂ

ਹੜ੍ਹਾਂ ਦੇ ਝੰਬੇ ਪੰਜਾਬ ਨੂੰ ਪਰਵਾਸੀਆਂ ਤੋਂ ਉਮੀਦਾਂ

ਮਨਜੀਤ ਸਿੰਘ ਟਿਵਾਣਾ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ-ਬਦਨੀਤੀਆਂ ਵਿਚ ਫਸ ਕੇ ਬੁਰੀ ਤਰ੍ਹਾਂ ਦਰੜੀ ਗਈ ਖਾਲਸਈ ਸਰਜ਼ਮੀਂ ਪੰਜਾਬ ਉਤੇ ਇਕ ਹੋਰ ਆਫਤ ਆਣ ਪਈ ਹੈ। ਪੰਜਾਬ ਦਾ ਵੱਡਾ ਹਿੱਸਾ ਸਰਕਾਰੀ ਤੇ ਪ੍ਰਸ਼ਾਸਨਿਕ ਨਾ-ਅਹਿਲੀਅਤ ਕਾਰਨ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਦਿੱਲੀ ਤੇ ਦੂਜੇ ਰਾਜਾਂ ਦੀਆਂ ਬਿਜਲੀ ਤੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਲਈ ਬਣਾਏ ਗਏ ਭਾਖੜਾ ਤੇ ਨੰਗਲ ਡੈਮਾਂ ਵਿਚੋਂ ਛੱਡੇ ਪਾਣੀ ਨੇ ਤਬਾਹੀ ਲਿਆ ਧਰੀ ਹੈ। ਇਸ ਤਰ੍ਹਾਂ ਪੰਜਾਬ ਉਤੇ ਪਾਣੀ ਦੀ ਡਾਹਢੀ ਮਾਰ ਪਈ ਹੈ।
ਤੱਥ ਗਵਾਹੀਆਂ ਭਰਦੇ ਹਨ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਤੋਂ ਇਕ ਗੁਲਾਮ ਬਸਤੀ ਵਰਗਾ ਵਰਤਾਉ ਕੀਤਾ ਹੈ। ਰਾਜ ਦੀਆਂ ਆਪਣੀਆਂ ਚੁਣੀਆਂ ਸਰਕਾਰਾਂ ਨੇ ਕੇਂਦਰ ਦਾ ਹੱਥਠੋਕਾ ਬਣ ਕੇ ਇਸ ਨੂੰ ਦੋਹੀਂ ਹੱਥੀਂ ਲੁੱਟਿਆ ਤੇ ਲੁਟਾਇਆ ਹੈ। ਜੇਕਰ ਭਾਰਤ ਦੀਆਂ ਕੇਂਦਰ ਤੇ ਰਾਜ ਸਰਕਾਰਾਂ ਪੰਜਾਬ ਤੇ ਇਥੋਂ ਦੇ ਬਾਸ਼ਿੰਦਿਆਂ ਪ੍ਰਤੀ ਸੁਹਿਰਦ ਸੋਚ ਰੱਖਦੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਤਰਾਂ ਲਿਖਣ ਦੀ ਲੋੜ ਨਾ ਪੈਂਦੀ।
ਭਾਰਤ ਵਿਚ ਮਾਨਸੂਨ ਦੀ ਬਾਰਸ਼ ਨੂੰ ਆਮ ਕਰ ਕੇ ਕਿਸਾਨਾਂ ਲਈ ਵਰਦਾਨ ਸਮਝਿਆ ਜਾਂਦਾ ਹੈ ਪਰ ਦੇਸ਼ ਦੀ ਕਥਿਤ ਅਜ਼ਾਦੀ ਦੇ ਪੌਣੀ ਸਦੀ ਬੀਤ ਜਾਣ ਬਾਅਦ ਵੀ ਇਹ ਮਾਨਸੂਨ ਅਕਸਰ ਲੋਕਾਂ ਲਈ ਆਫਤ ਬਣਤੀ ਆ ਰਹੀ ਹੈ। ਪੰਜਾਬ ਸਰਕਾਰ ਲੱਖ ਦਾਅਵੇ ਕਰਦੀ ਰਹੇ ਕਿ ਉਹ ਹੜ੍ਹਾਂ ਨੂੰ ਰੋਕਣ ਲਈ ਚਿੰਤਤ ਹੈ ਪਰ ਹਕੀਕਤ ਇਹ ਹੈ ਕਿ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਲਈ ਪੈਸਾ ਹੀ ਜਾਰੀ ਨਹੀਂ ਹੋਇਆ। ਲੋਕਾਂ ਅੰਦਰ ਇਹ ਪ੍ਰਭਾਵ ਵੀ ਜਾ ਰਿਹਾ ਹੈ ਕਿ ਪੈਸਾ ਦੇਰੀ ਨਾਲ ਜਾਰੀ ਹੋਣ ਪਿਛੇ ਅਸਲੀ ਮਕਸਦ ਹੜ੍ਹਾਂ ਨੂੰ ਕੁਦਰਤੀ ਆਫ਼ਤ ਕਹਿ ਕੇ ਡੰਗ ਟਪਾਉਣਾ ਰਿਹਾ ਹੈ। ਰਾਹਤ ਦੇ ਕੰਮਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਤਾਂ ਪੁਰਾਣਾ ਰੋਗ ਹੈ ਹੀ, ਸਗੋਂ ਸਮਾਜ ਵਿਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੈ ਕਿ ਹੜ੍ਹ ਸੱਚਮੁੱਚ ਆਏ ਹਨ ਜਾਂ ਲਿਆਂਦੇ ਗਏ ਹਨ? ਕਾਨੂੰਨਨ ਵੀ ਜ਼ਿਆਦਾ ਪਾਣੀ ਜਾਂ ਹੜ੍ਹ ਵਰਗੀ ਹਾਲਤ ਨੂੰ ਨਿਰੋਲ ਕੁਦਰਤੀ ਆਫ਼ਤ ਨਹੀਂ ਮੰਨਿਆ ਜਾ ਸਕਦਾ। ਸਰਕਾਰ ਦੀ ਦਲੀਲ ਤਾਂ ਮੰਨੀ ਜਾ ਸਕਦੀ ਹੈ ਜੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਹੋਣ ਦੇ ਬਾਵਜੂਦ ਹੜ੍ਹ ਆ ਜਾਣ। ਇਥੇ ਤਾਂ ਭਾਖੜਾ, ਨੰਗਲ ਤੇ ਰੋਪੜ ਹੈਡ ਵਰਕਸ ਦੇ ਫਲੱਡ ਗੇਟਾਂ ਨੂੰ ਖੋਲ੍ਹਣ ਤੋਂ ਬਾਅਦ ਹੀ ਇਹ ਹਾਲਾਤ ਪੈਦਾ ਹੋਏ ਹਨ।
ਮੁਢਲੇ ਅੰਦਾਜ਼ੇ ਮੁਤਾਬਕ ਪੰਜਾਬ ਦਾ ਲਗਭਗ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅੰਕੜੇ ਦੀ ਤਾਈਦ ਖੁਦ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੀਤੀ ਹੈ ਪਰ ਅਸਲ ਵਿਚ ਨੁਕਸਾਨ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੀ ਹੁੰਦਾ ਹੈ। ਇਥੋਂ ਦੀਆਂ ਸਰਕਾਰਾਂ ਤੇ ਬਾਬੂਸ਼ਾਹੀ ਅਜਿਹੇ ਮੌਕਿਆਂ 'ਤੇ ਜ਼ਿਆਦਾਤਰ ਝੂਠ ਹੀ ਬੋਲਣ ਦੇ ਆਦੀ ਹਨ।
ਪੰਜਾਬ ਲਈ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਇਕ ਪਾਸੇ ਕੇਂਦਰ ਸਰਕਾਰ ਸੂਬੇ ਦੇ ਦਰਿਆਈ ਪਾਣੀਆਂ ਦੀ ਅੰਨ੍ਹੀ ਲੁੱਟ ਕਰ ਰਹੀ ਹੈ, ਕੁਦਰਤੀ ਜਲ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ, ਧਰਤੀ ਹੇਠਲਾ ਪਾਣੀ ਨਿੱਤ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਬਰਸਾਤ ਦੌਰਾਨ ਹੜ੍ਹ ਆ ਰਹੇ ਹਨ। 
ਹਰ ਸਰਕਾਰ ਬਰਸਾਤ ਦੇ ਦਿਨਾਂ 'ਚ ਅਗਾਊਂ ਪ੍ਰਬੰਧ ਕਰਨ ਦੀਆਂ ਡੀਂਗਾਂ ਮਾਰਦੀ ਹੈ ਪਰ ਨਾ ਕਦੇ ਘੱਗਰ ਦੀ ਤਬਾਹੀ ਰੁਕੀ ਹੈ ਤੇ ਨਾ ਹੀ ਸਤਲੁਜ-ਬਿਆਸ ਤੇ ਹੋਰ ਬਰਸਾਤੀ ਨਾਲਿਆਂ ਵਿਚ ਪਾੜ ਪੈਣ ਤੋਂ ਰੋਕਿਆ ਜਾ ਸਕਿਆ ਹੈ। ਬਰਸਾਤ ਦੇ ਮੌਸਮ ਵਿਚ ਘੱਗਰ, ਸਤਲੁਜ ਅਤੇ  ਬਿਆਸ ਦਰਿਆਵਾਂ ਵਿਚ ਪੈਂਦੇ ਪਾੜ ਕਰੋੜਾਂ-ਅਰਬਾਂ ਰੁਪਏ ਦਾ ਨੁਕਸਾਨ ਕਰ ਦਿੰਦੇ ਹਨ। ਪੰਜਾਬ ਦੇ ਪਾਣੀਆਂ ਦੀ ਲੁੱਟ ਤੇ ਅਜਿਹੀਆਂ ਮਾਰੂ ਨੀਤੀਆਂ ਕਾਰਨ ਹੀ ਅਗਲੇ 20 ਸਾਲਾਂ ਤਕ ਹਰੇ-ਭਰੇ ਪੰਜਾਬ ਸੂਬੇ ਦੇ ਮਾਰੂਥਲ ਬਣ ਕੇ ਰਹਿ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਪੰਜਾਬ ਦੀ ਇਸ ਹੋਣੀ ਦੇ ਕਾਰਨ ਭਾਵੇਂ ਬਹੁਤ ਡੂੰਘੇਰੇ ਹਨ ਤੇ ''ਅੰਮ੍ਰਿਤਸਰ ਟਾਈਮਜ਼” ਨੇ ਅਕਸਰ ਆਪਣੇ ਪਾਠਕਾਂ ਨੂੰ ਇਨ੍ਹਾਂ ਕਾਰਨਾਂ ਬਾਰੇ ਵਿਸਥਾਰ ਵਿਚ ਦੱਸਿਆ ਵੀ ਹੈ। ਮੌਜੂਦਾ ਸਮੇਂ ਆਫਤ ਦੀਆਂ ਇਨ੍ਹਾਂ ਘੜੀਆਂ ਵਿਚ ਪੰਜਾਬ ਦੀ ਹਰ ਪਾਸਿਉਂ ਕੀਤੀ ਜਾ ਰਹੀ ਬਰਬਾਦੀ ਦੇ ਉਕਤ ਕਾਰਨਾਂ ਵਿਚ ਜਾਣ ਦੀ ਬਜਾਇ ਮੁਸ਼ਕਲਾਂ ਵਿਚ ਫਸੇ ਆਪਣੇ ਭਰਾਵਾਂ ਦੀ ਛੇਤੀ ਤੋਂ ਛੇਤੀ ਸਾਰ ਲੈਣਾ ਹੀ ਸਹੀ ਕਾਰਜ ਹੈ। ਪਰਵਾਸੀ ਪੰਜਾਬੀ ਹਮੇਸ਼ਾ ਆਪਣੇ ਪੰਜਾਬ ਲਈ ਸਹਾਰਾ ਬਣਦੇ ਆ ਰਹੇ ਹਨ। ਪਰਵਾਸੀ ਪੰਜਾਬੀਆਂ ਨੇ ਪਹਿਲਾਂ ਵੀ ਪੰਜਾਬ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਬਣਨ ਅਤੇ ਕਈ ਪਰਿਵਾਰਾਂ ਨੂੰ ਆਰਥਿਕ ਚੁਣੌਤੀਆਂ ਨਾਲ ਸਿੱਝਣ ਦੀ ਸਮਰੱਥਾ ਦਿੱਤੀ ਹੈ। ਪਰਵਾਸ ਦਾ ਦਰਦ ਹੰਢਾ ਰਹੇ ਪੰਜਾਬੀਆਂ ਨੇ ਹਮੇਸ਼ਾ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ ਵਿਚ ਵਸਦੇ ਪੰਜਾਬੀਆਂ ਦੇ ਭਲੇ ਹਿੱਤ ਸਮੇਂ-ਸਮੇਂ 'ਤੇ ਬਹੁਤ ਸਾਰੇ ਭਲਾਈ ਦੇ ਮਿਸਾਲੀ ਕਾਰਜ ਕੀਤੇ ਹਨ। ਕਿੰਨੀਆਂ ਹੀ ਥਾਵਾਂ ਉਤੇ ਖੇਡ ਸਟੇਡੀਅਮ, ਲਾਇਬਰੇਰੀਆਂ ਤੇ ਹਸਪਤਾਲਾਂ ਸਮੇਤ ਬਹੁਤ ਸਾਰੇ ਸਮਾਜ ਭਲਾਈ ਦੇ ਕਾਰਜ ਪਰਵਾਸੀ ਪੰਜਾਬੀਆਂ ਦੀ ਬਦੌਲਤ ਚੱਲ ਰਹੇ ਹਨ। ਪਰਵਾਸੀ ਪੰਜਾਬੀਆਂ ਦੇ ਮਨ ਦੀ ਭਾਵਨਾ ਰਹੀ ਹੈ ਕਿ ਉਹਨਾਂ ਬਾਹਰਲੇ ਮੁਲਕਾਂ ਵਿਚ ਆ ਕੇ ਆਪਣੀ ਜ਼ਿੰਦਗੀ ਬਸਰ ਕਰਨ ਲਈ ਜੋ ਸੁਖ ਸਹੂਲਤਾਂ ਮਾਣੀਆਂ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿਚ ਪਿਛੇ ਰਹਿ ਰਹੇ ਲੋਕਾਂ ਨੂੰ ਵੀ ਦੇ ਸਕਣ। ਇਸੇ ਮੰਤਵ ਨਾਲ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ ਵਿਚੋਂ ਹਿੱਸਾ ਕੱਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ ਹੋਵੇਗਾ। 
ਪੰਜਾਬ ਵਿਚ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਮਹਿਜ਼ ਸੌ ਕਰੋੜ ਰੁਪਏ ਦੀ ਮਦਦ ਦਾ ਐਲਾਨ ਕਰ ਕੇ ਸਿਰਫ ''ਗੋਂਗਲੂਆਂ ਤੋਂ ਮਿੱਟੀ ਝਾੜਨ” ਦਾ ਕੰਮ ਕੀਤਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਭ੍ਰਿਸ਼ਟ ਅਫਸਰਸ਼ਾਹੀ ਅਤੇ ਬੇਈਮਾਨ ਆਗੂਆਂ ਦੇ ਰਹਿੰਦਿਆਂ ਇਹ ਸੌ ਕਰੋੜ ਵੀ ਹੜ੍ਹ ਪੀੜਤਾਂ ਨੂੰ ਪੂਰਾ ਨਹੀਂ ਮਿਲਣਾ। ਪਰਵਾਸੀ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਕੰਮ ਵਿਚ ਜੁਟ ਵੀ ਗਈਆਂ ਹਨ, ਜੋ ਸ਼ਲਾਘਾਯੋਗ ਹੈ। ਇਸ ਵਕਤ ਪੰਜਾਬ ਨੂੰ ਆਪਣਿਆਂ ਦੇ ਧਰਵਾਸ ਦੀ ਖਾਸ ਲੋੜ ਹੈ। ਇਕ ਵਾਰ ਮੁੜ ਬਿਪਤਾ ਵਿਚ ਫਸੇ ਪੰਜਾਬ ਦੀਆਂ ਨਜ਼ਰਾਂ ਆਪਣੇ ਪਰਵਾਸੀ ਭਰਾਵਾਂ ਵੱਲ ਲੱਗੀਆਂ ਹੋਈਆਂ ਹਨ। ਇਸ ਸੰਕਟ ਦੇ ਸਮੇਂ ਵੀ ਪਰਵਾਸੀ ਪੰਜਾਬੀਆਂ ਨੂੰ ਹੀ ਆਪਣੇ ਪੰਜਾਬ ਦੀ ਬਾਂਹ ਫੜਨੀ ਹੋਵੇਗੀ।