ਮਾੜੀਆਂ ਸਿਹਤ ਸਹੂਲਤਾਂ ਦੇ ਝੰਬੇ ਪੰਜਾਬੀਆਂ ਦੇ ਖਿੱਸਿਆਂ ਵਿੱਚੋਂ ਕਰੋੜਾਂ ਦਾ ਇਲਾਜ ਕਰਾਉਂਦੇ ਵਿਧਾਇਕ

ਮਾੜੀਆਂ ਸਿਹਤ ਸਹੂਲਤਾਂ ਦੇ ਝੰਬੇ ਪੰਜਾਬੀਆਂ ਦੇ ਖਿੱਸਿਆਂ ਵਿੱਚੋਂ ਕਰੋੜਾਂ ਦਾ ਇਲਾਜ ਕਰਾਉਂਦੇ ਵਿਧਾਇਕ

ਚੰਡੀਗੜ੍ਹ: ਜਿੱਥੇ ਪੰਜਾਬ ਦੀ ਆਰਥਿਕਤਾ ਔਖੇ ਸਾਹ ਭਰ ਰਹੀ ਹੈ ਤੇ ਪੰਜਾਬ ਦਾ ਕਿਸਾਨ ਨਿਤ ਮਾੜੀ ਆਰਥਿਕਤਾ ਦਾ ਸ਼ਿਕਾਰ ਹੋਇਆ ਫਾਹਾ ਲੈ ਰਿਹਾ ਹੈ ਉੱਥੇ ਪੰਜਾਬ ਦੇ ਵਿਧਾਇਕਾਂ ਦੀ ਸਦਾ ਬਹਾਰ ਰਹਿੰਦੀ ਹੈ, ਭਾਵੇਂ ਕੁਰਸੀ ਕੋਲ ਹੋਵੇ ਭਾਵੇਂ ਨਾ ਹੋਵੇ। ਅਜਿਹਾ ਹੀ ਇੱਕ ਅਹਿਮ ਪੱਖ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਚਰਨਜੀਤ ਭੁੱਲਰ ਨੇ ਉਘੇੜਿਆ ਹੈ। ਚਰਨਜੀਤ ਭੁੱਲਰ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚੋਂ ਮੋਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਸਿਹਤ 'ਤੇ ਰੋਜ਼ਾਨਾ 40 ਹਜ਼ਾਰ ਰੁਪਏ ਖਰਚ ਕੀਤੇ ਜਾਂਦੇ ਹਨ। ਅਹਿਮ ਗੱਲ ਇਹ ਹੈ ਕਿ ਇਹ ਅੰਕੜਾ ਮਹਿਜ਼ ਵਿਧਾਇਕਾਂ ਦਾ ਹੈ, ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਮੰਤਰੀਆਂ ਅਤੇ ਸਾਬਕਾ ਮੰਤਰੀਆਂ ਦਾ ਖਰਚਾ ਇਸ ਅੰਕੜੇ ਵਿਚ ਦਰਜ ਨਹੀਂ ਹੈ। 

ਆਓ ਵਿਧਾਇਕਾਂ ਦੇ ਇਲਾਜ਼ ਖਰਚੇ 'ਤੇ ਇੱਕ ਝਾਤ ਮਾਰੀਏ

ਪੰਜਾਬ ਦੇ ਲੋਕ ਵਿਧਾਇਕਾਂ ਨੂੰ ਸਿਹਤਯਾਬ ਰੱਖਣ ਲਈ ਹਰ ਵਰ੍ਹੇ ਦਿੰਦੇ ਨੇ 1.39 ਕਰੋੜ ਰੁਪਏ
ਆਰਟੀਆਈ ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਿਕ ਲੰਘੇ ਬਾਰਾ ਵਰ੍ਹਿਆਂ ਵਿੱਚ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ 'ਤੇ 16.72 ਕਰੋੜ ਰਪਏ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚੋਂ ਖਰਚੇ ਗਏ ਹਨ। ਇਹਨਾਂ ਅੰਕੜਿਆਂ ਮੁਤਾਬਿਕ ਪੰਜਾਬ ਦੇ ਲੋਕ ਆਪਣੇ ਵਿਧਾਇਕਾਂ/ਸਾਬਕਾ ਵਿਧਾਇਕਾਂ ਨੂੰ ਸਿਹਤਯਾਬ ਰੱਖਣ ਲਈ 1.39 ਕਰੋੜ ਰੁਪਏ ਖਰਚਦੇ ਹਨ। 

ਪ੍ਰਾਪਤ ਅੰਕੜਿਆਂ 'ਤੇ ਨਜ਼ਰ ਮਾਰਿਆਂ ਸਾਹਮਣੇ ਆਇਆ ਕਿ ਲੰਘੇ 12 ਵਰ੍ਹਿਆਂ ਦੌਰਾਨ ਹਰ ਸਾਲ ਔਸਤਨ 41 ਵਿਧਾਇਕਾਂ ਦੇ ਇਲਾਜ ਦਾ ਖਰਚਾ ਸਰਕਾਰੀ ਖਜ਼ਾਨੇ ਨੇ ਝੱਲਿਆ ਜਦੋਂ ਕਿ ਔਸਤਨ 152 ਸਾਬਕਾ ਵਿਧਾਇਕਾਂ ਨੇ ਹਰ ਵਰ੍ਹੇ ਖਜ਼ਾਨੇ ਦੀ ਮਦਦ ਨਾਲ ਆਪਣਾ ਇਲਾਜ ਕਰਵਾਇਆ। 

ਸਾਬਕਾ ਵਿਧਾਇਕ ਇਹ ਖਰਚ ਕਰਨ ਵਿੱਚ ਮੋਜੂਦਾ ਨਾਲੋਂ ਮੋਹਰੀ
ਅੰਕੜਿਆਂ ਤੋਂ ਇਹ ਵੀ ਸਾਫ ਹੈ ਕਿ ਮੋਜੂਦਾ ਵਿਧਾਇਕਾਂ ਨਾਲੋਂ ਸਾਬਕਾ ਵਿਧਾਇਕ ਇਸ ਸਹੂਲਤ ਦਾ ਵੱਧ ਫਾਇਦਾ ਲੈਂਦੇ ਹਨ। ਮਿਸਾਲ ਵਜੋਂ ਲੰਘੇ ਮਾਲੀ ਵਰ੍ਹੇ ਦੌਰਾਨ ਸਿਰਫ 19 ਮੋਜੂਦਾ ਵਿਧਾਇਕਾਂ ਨੇ ਇਲਾਜ ਦਾ ਖਰਚਾ ਲਿਆ ਹੈ ਜਦੋਂਕਿ ਇਸੇ ਦੌਰਾਨ 215 ਸਾਬਕਾ ਵਿਧਾਇਕਾਂ ਦੇ ਇਲਾਜ਼ ਦਾ ਖਰਚਾ ਪੰਜਾਬ ਦੇ ਖਜ਼ਾਨੇ ਨੇ ਚੁੱਕਿਆ ਹੈ। 

ਬਾਦਲ ਤੇ ਬਰਾੜ ਪਰਿਵਾਰ ਦਾ ਸਭ ਤੋਂ ਵੱਡਾ ਭਾਰ
ਲੰਘੇ ਬਾਰਾਂ ਸਾਲਾਂ ਦੌਰਾਨ ਸਭ ਤੋਂ ਵੱਡਾ ਇਲਾਜ ਖਰਚਾ ਬਾਦਲ ਤੇ ਬਰਾੜ ਪਰਿਵਾਰ ਦਾ ਰਿਹਾ ਹੈ। ਬਾਦਲ ਪਰਿਵਾਰ ਨੇ ਇਸ ਸਮੇਂ ਦੌਰਾਨ 4.50 ਕਰੋੜ ਰੁਪਏ ਇਲਾਜ ਖਰਚ ਵਜੋਂ ਖਜ਼ਾਨੇ 'ਚੋਂ ਲਏ ਹਨ ਜਦੋਂ ਕਿ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ 'ਤੇ ਵੀ 3.43 ਕਰੋੜ ਰੁਪਏ ਦਾ ਖਰਚ ਆਇਆ ਸੀ। 

ਵਿਧਾਇਕਾਂ ਦੇ ਇਲਾਜ ਖਰਚੇ ਦੀ ਕੋਈ ਹੱਦ ਨਹੀਂ
ਜਿੱਥੇ ਪੰਜਾਬ ਦੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਧੱਕੇ ਖਾਣੇ ਪੈਂਦੇ ਹਨ ਤੇ ਮਹਿੰਗੀਆਂ ਸਿਹਤ ਸਹੂਲਤਾਂ ਕਾਰਨ ਪੰਜਾਬ ਦੇ ਆਮ ਲੋਕ ਕਰਜ਼ਈ ਹੋ ਰਹੇ ਹਨ ਉੱਥੇ ਪੰਜਾਬ ਦੇ ਵਿਧਾਇਕਾਂ ਲਈ ਇਲਾਜ ਖਰਚੇ ਦੀ ਕੋਈ ਹੱਦ ਨਹੀਂ ਹੈ। ਪੰਜਾਬ ਸਰਕਾਰ ਵੱਲੋਂ 20 ਫਰਵਰੀ 2004 ਤੋਂ ਵਿਧਾਇਕਾਂ ਨੂੰ ਖੁੱਲ੍ਹਾ ਇਲਾਜ਼ ਖਰਚਾ ਦਿੱਤਾ ਜਾਂਦਾ ਹੈ।