ਲਹਿੰਦੇ ਪੰਜਾਬ ਵਿਚ ਸਥਿਤ ਜੈਸ਼-ਏ-ਮੋਹਮਦ ਦੇ ਕਥਿਤ ਟਿਕਾਣੇ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥਾਂ ਵਿਚ ਲਿਆ
ਲਾਹੌਰ: ਭਾਰਤੀ ਮੀਡੀਆ ਵਲੋਂ ਲਹਿੰਦੇ ਪੰਜਾਬ ਦੇ ਬਹਾਵਲਪੁਰ ਵਿਚ ਸਥਿਤ ਜਿਸ ਮਸਜਿਦ ਅਤੇ ਮਦਰੱਸੇ ਨੂੰ ਜੈਸ਼-ਏ-ਮੋਹਮਦ ਦਾ ਅੱਡਾ ਦੱਸਿਆ ਜਾ ਰਿਹਾ ਸੀ ਉਸਦੇ ਪ੍ਰਬੰਧ ਨੂੰ ਪੰਜਾਬ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਲਿਆ ਹੈ ਅਤੇ ਪ੍ਰਬੰਧ ਲਈ ਇਕ ਪ੍ਰਬੰਧਕ ਨੂੰ ਨਿਯੁਕਤ ਕੀਤਾ ਹੈ।
ਬਹਾਵਲਪੁਰ ’ਚ ਪ੍ਰਬੰਧਕ ਨੂੰ ਤਾਇਨਾਤ ਕਰਦਿਆਂ ਕੈਂਪਸ ਦੀ ਸੁਰੱਖਿਆ ਪੰਜਾਬ ਪੁਲੀਸ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਪਾਕਿਸਤਾਨ ਸਰਕਾਰ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮਦਰੇਸਾਤੁਲ ਸਾਬੀਰ ਅਤੇ ਜਾਮਾ-ਏ-ਮਸਜਿਦ ਸੁਭਾਨਅੱਲਾਹ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਭਾਵੇਂ ਕਿ ਭਾਰਤੀ ਮੀਡੀਆ ਇਸ ਕੰਪਲੈਕਸ ਨੂੰ ਜੈਸ਼-ਏ-ਮੋਹਮਦ ਦਾ ਸਿਖਲਾਈ ਕੈਂਪ ਬਣਾ ਕੇ ਪੇਸ਼ ਕਰ ਰਿਹਾ ਹੈ ਪਰ ਇਹ ਇਕ ਮੱਦਰੱਸਾ ਅਤੇ ਜਾਮੀਆ ਮਸਜ਼ਿਦ ਹੈ ਜਿੱਥੇ ਅਨਾਥ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਧਾਰਮਿਕ ਅਤੇ ਦੁਨਿਆਵੀ ਸਿੱਖਿਆ ਲੈਂਦੇ ਹਨ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਇਸ ਕੰਪਲੈਕਸ ਦਾ ਖਰਚਾ ਬਹਾਵਲਪੁਰ ਦੇ ਲੋਕਾਂ ਦੇ ਦਾਨ ਨਾਲ ਚਲਦਾ ਹੈ।
Comments (0)