ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਅਜ਼ਾਦੀ ਪਸੰਦ ਆਗੂਆਂ ਨੂੰ ਗ੍ਰਿਫਤਾਰ ਕੀਤਾ

ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਅਜ਼ਾਦੀ ਪਸੰਦ ਆਗੂਆਂ ਨੂੰ ਗ੍ਰਿਫਤਾਰ ਕੀਤਾ
ਯਾਸਿਨ ਮਲਿਕ ਪੁਲਿਸ ਦੀ ਹਿਰਾਸਤ ਵਿਚ

ਸ਼੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਅੱਜ ਕਸ਼ਮੀਰ ਵਿਚ ਜ਼ਮਾਤ-ਏ-ਇਸਲਾਮੀ ਸੰਸਥਾ ਨਾਲ ਸਬੰਧਿਤ ਦਰਜਨਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਗ੍ਰਿਫਤਾਰੀਆਂ ਸੋਮਵਾਰ ਨੂੰ ਭਾਰਤ ਦੀ ਸੁਪਰੀਮ ਕੋਰਟ ਵਲੋਂ ਧਾਰਾ 35ਏ ਸਬੰਧੀ ਸੁਣਾਏ ਜਾਣ ਵਾਲੇ ਫੈਂਸਲੇ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਦਸੀਆਂ ਗਈਆਂ ਹਨ। 

ਇਹਨਾਂ ਗ੍ਰਿਫਤਾਰੀਆਂ ਤੋਂ ਇਲਾਵਾ ਭਾਰਤ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 100 ਦੇ ਕਰੀਬ ਹੋਰ ਟੁਕੜੀਆਂ ਕਸ਼ਮੀਰ ਭੇਜਣ ਦਾ ਫੈਂਸਲਾ ਕੀਤਾ ਹੈ। 

ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਯਾਸਿਨ ਮਲਿਕ ਨੂੰ ਬੀਤੀ ਸ਼ਾਮ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਕੋਠੀ ਬਾਠ ਪੁਲਿਸ ਥਾਣੇ ਵਿਚ ਰੱਖਿਆ ਗਿਆ ਹੈ। 

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵੀਟ ਕਰਦਿਆਂ ਇਹਨਾਂ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ਗ੍ਰਿਫਤਾਰੀਆਂ ਕਸ਼ਮੀਰ ਵਿਚ ਹਾਲਾਤਾਂ ਨੂੰ ਹੋਰ ਖਰਾਬ ਕਰਨਗੇ। ਉਨ੍ਹਾਂ ਸਵਾਲ ਚੁੱਕਿਆ ਕਿ ਇਹ ਗ੍ਰਿਫਤਾਰੀਆਂ ਕਿਸ ਕਾਨੂੰਨੀ ਅਧਾਰ 'ਤੇ ਕੀਤੀਆਂ ਗਈਆਂ ਹਨ। 

ਜਮਾਤ-ਏ-ਇਸਲਾਮੀ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਅਤੇ ਫੌਜ ਵਲੋਂ ਘਰਾਂ ਵਿਚ ਛਾਪੇਮਾਰੀਆਂ ਕਰਕੇ ਕੇਂਦਰੀ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖਿੱਤੇ ਵਿਚ ਮਾਹੌਲ ਖਰਾਬ ਕਰਨ ਲਈ ਨਵੀਂ ਸਾਜਿਸ਼ ਰਚੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਫੌਜ ਅਤੇ ਪੁਲਿਸ ਦੀ ਇਸ ਕਾਰਵਾਈ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਸੁਪਰੀਮ ਕੋਰਟ ਵਿਚ ਧਾਰਾ 35-ਏ ਸਬੰਧੀ ਆਉਣ ਵਾਲੇ ਫੈਂਸਲੇ ਤੋਂ ਪਹਿਲਾਂ ਹੀ ਪਰਦੇ ਓਹਲੇ ਫੈਂਸਲਾ ਕੀਤਾ ਜਾ ਚੁੱਕਿਆ ਹੈ। 

ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਭਾਰਤ ਵਿਚ ਰਲੇਵੇਂ ਵੇਲੇ ਤੋਂ ਜੰਮੂ ਕਸ਼ਮੀਰ ਨੂੰ ਧਾਰਾ 35-ਏ ਅਧੀਨ ਖਾਸ ਸਹੂਲਤਾਂ ਦਿੱਤੀਆਂ ਗਈਆਂ ਸਨ ਜਿਸ ਮੁਤਾਬਿਕ ਜੰਮੂ ਕਸ਼ਮੀਰ ਵਿਚ ਸੂਬੇ ਤੋਂ ਬਾਹਰ ਦਾ ਕੋਈ ਸਖਸ਼ ਜ਼ਮੀਨ ਨਹੀਂ ਖਰੀਦ ਸਕਦਾ ਤੇ ਵਸਨੀਕ ਨਹੀਂ ਬਣ ਸਕਦਾ। ਭਾਰਤ ਦੇ ਸੰਵਿਧਾਨ ਦੀ ਇਸ ਧਾਰਾ ਨੂੰ ਆਰਐਸਐਸ ਨਾਲ ਸਬੰਧਿਤ ਇਕ ਸੰਸਥਾ ਨੇ ਭਾਰਤ ਦੀ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਸਬੰਧੀ ਫੈਂਸਲਾ ਅਗਲੇ ਹਫਤੇ ਆਉਣ ਦੀ ਸੰਭਾਵਨਾ ਹੈ।