ਬਰਗਾੜੀ ਪਸਚਾਤਾਪ ਦਿਹਾੜਾ ਅਤੇ 6 ਜੂਨ ਘੱਲੂਘਾਰੇ ਦਿਹਾੜੇ ਦੇ ਕੌਮੀ ਪ੍ਰੌਗਰਾਮਾਂ ਨੂੰ ਮੁੱਖ ਰੱਖਕੇ ਸਰਕਾਰ ਤੇ ਪੁਲਿਸ ਵੱਲੋਂ ਦਹਿਸਤ ਪੈਦਾ ਕਰਨਾ ਸਹਿਣਯੋਗ ਨਹੀ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 29 ਮਈ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਹਰ ਸਾਲ ਬਰਗਾੜੀ ਜਿਥੇ ਬਰਗਾੜੀ ਮੋਰਚੇ ਦੀਆਂ ਗ੍ਰਿਫਤਾਰੀਆਂ ਦੇਣ ਦਾ ਚੱਲ ਰਿਹਾ ਸਿਲਸਿਲਾ 2 ਸਾਲਾਂ ਤੋਂ ਨਿਰੰਤਰ ਕਾਮਯਾਬੀ ਨਾਲ ਚੱਲਦਾ ਆ ਰਿਹਾ ਹੈ ਅਤੇ ਜਿਥੇ ਸਿੱਖ ਕੌਮ 01 ਜੂਨ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੇ ਭੋਗ ਪਵਾਕੇ ਬਤੌਰ ਪਸਚਾਤਾਪ ਦਿਹਾੜਾ ਮਨਾਉਦੇ ਹੋਏ ਅਰਦਾਸ ਕਰਦੀ ਹੈ । ਦੂਸਰਾ ਬਲਿਊ ਸਟਾਰ ਦੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੇ ਵੱਡੀ ਗਿਣਤੀ ਵਿਚ ਸਿੱਖ ਕੌਮ ਇਕੱਠੀ ਹੋ ਕੇ ਸਮੂਹਿਕ ਰੂਪ ਵਿਚ ਅਰਦਾਸ ਕਰਦੇ ਹੋਏ ਆਪਣੇ ਵਿੱਢੇ ਕੌਮੀ ਸੰਘਰਸ਼ ਦੀ ਮੰਜਿਲ ਨੂੰ ਪ੍ਰਾਪਤ ਕਰਨ ਲਈ ਪ੍ਰਣ ਕਰਦੀ ਹੈ । ਇਨ੍ਹਾਂ ਦੋਵਾਂ ਵੱਡੇ ਕੌਮੀ ਪ੍ਰੋਗਰਾਮਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਵੱਲੋ ਸਾਡੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਘਰਾਂ ਉਤੇ ਪਹੁੰਚਕੇ ਜੋ ਗੈਰ ਕਾਨੂੰਨੀ ਢੰਗ ਨਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਤੇ ਕਿੰਨੇ ਬੰਦੇ ਲੈਕੇ ਜਾਣਗੇ, ਉਥੇ ਕੀ ਪ੍ਰੋਗਰਾਮ ਹੋਵੇਗਾ ਆਦਿ ਦੀਆਂ ਗੱਲਾਂ ਕਰਕੇ ਸਿੱਖ ਕੌਮ ਵਿਚ ਜੋ ਦਹਿਸਤ ਪਾਈ ਜਾ ਰਹੀ ਹੈ, ਇਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ । ਇਸ ਲਈ ਜੋ ਵੀ ਆਈ.ਏ.ਐਸ, ਆਈ.ਪੀ.ਐਸ ਅਧਿਕਾਰੀ ਜਾਂ ਹੋਰ ਹੇਠਲੇ ਦਰਜੇ ਦੇ ਮੁਲਾਜਮ 01 ਜੂਨ ਤੇ 06 ਜੂਨ ਦੇ ਪ੍ਰੋਗਰਾਮਾਂ ਪ੍ਰਤੀ ਦਹਿਸਤ ਪਾਉਣ ਲਈ ਅਜਿਹਾ ਕਰ ਰਹੇ ਹਨ, ਉਹ ਆਪਣੇ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਕੰਮਾਂ ਤੋ ਬਾਜ਼ ਆਉਣ ਵਰਨਾ ਇਸਦੇ ਨਿਕਲਣ ਵਾਲੇ ਨਤੀਜੇ ਸਰਕਾਰ ਅਤੇ ਅਫਸਰਸਾਹੀ ਲਈ ਮਾਰੂ ਸਾਬਤ ਹੋਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਲੁਧਿਆਣਾ, ਸੰਗਰੂਰ, ਪਟਿਆਲਾ, ਅੰਮ੍ਰਿਤਸਰ ਆਦਿ ਵਿਚ ਪਾਈ ਜਾ ਰਹੀ ਦਹਿਸਤ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਅਜਿਹੀਆ ਗੈਰ ਕਾਨੂੰਨੀ ਅਤੇ ਅਮਨ-ਚੈਨ ਨੂੰ ਢਾਅ ਲਗਾਉਣ ਵਾਲੀਆ ਕਾਰਵਾਈਆ ਕਰਨ ਵਾਲੀ ਸਰਕਾਰਾਂ ਦੀ ਚਾਪਲੂਸੀ ਕਰਨ ਵਾਲੀ ਅਫਸਰਸਾਹੀ ਨੂੰ ਸਖ਼ਤੀ ਨਾਲ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਬੇਸੱਕ ਲੰਮੇ ਸਮੇ ਤੋ ਆਪਣੀ ਕੌਮੀ ਆਜਾਦੀ ਅਤੇ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਕਰਦੀ ਆ ਰਹੀ ਹੈ । ਪਰ ਇਸਨੇ ਕਦੀ ਵੀ ਗੈਰ ਕਾਨੂੰਨੀ ਜਾਂ ਗੈਰ ਜਮਹੂਰੀਅਤ ਅਮਲਾਂ ਦੀ ਵਰਤੋਂ ਨਹੀ ਕੀਤੀ ਅਤੇ ਨਾ ਹੀ ਅਸੀ ਅਜਿਹੀਆ ਗੱਲਾਂ ਵਿਚ ਵਿਸਵਾਸ ਰੱਖਦੇ ਹਾਂ । ਅਸੀ ਆਪਣੇ ਸੰਘਰਸ਼ ਨੂੰ ਕੌਮਾਂਤਰੀ ਅਤੇ ਮੁਲਕੀ ਜਮਹੂਰੀਅਤ ਪੱਖੀ ਲੀਹਾਂ ਅਨੁਸਾਰ ਚਲਾ ਰਹੇ ਹਾਂ ਅਤੇ ਜੋ ਵੀ ਪਾਰਟੀ ਵੱਲੋ ਕਿਸੇ ਮੁੱਦੇ ਨੂੰ ਲੈਕੇ ਰੋਸ਼ ਜਾਂ ਰੈਲੀਆ ਹੁੰਦੀਆਂ ਹਨ ਜਾਂ ਸਾਡੇ ਕੌਮੀ ਇਕੱਠ ਹੁੰਦੇ ਹਨ, ਉਨ੍ਹਾਂ ਵਿਚ ਪੂਰਾ ਅਨੁਸਾਸਿਤ ਢੰਗ ਨਾਲ ਸਭ ਅਹੁਦੇਦਾਰ, ਵਰਕਰ, ਮੈਬਰ ਤੇ ਸਿੱਖ ਕੌਮ ਸਮੂਲੀਅਤ ਕਰਦੀ ਹੈ । ਜੋ ਜਿ਼ਲ੍ਹਾ, ਸ਼ਹਿਰੀ, ਪਿੰਡ ਪੱਧਰ ਤੇ ਸਾਡੇ ਅਹੁਦੇਦਾਰਾਂ ਤੇ ਮੈਬਰਾਂ ਦੇ ਘਰਾਂ ਵਿਚ ਪੁਲਿਸ ਭੇਜਕੇ ਗੈਰ ਕਾਨੂੰਨੀ ਢੰਗ ਨਾਲ ਪੁੱਛਤਾਛ ਕਰਦੇ ਹੋਏ ਦਹਿਸਤ ਉਤਪੰਨ ਕੀਤੀ ਜਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਨੂੰ ਬਿਲਕੁਲ ਸਹਿਣ ਨਹੀ ਕਰੇਗਾ ਅਤੇ ਅਜਿਹੀ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਜਾਂ ਸਾਡੇ ਅਹੁਦੇਦਾਰਾਂ, ਮੈਬਰਾਂ ਦੇ ਘਰਾਂ ਵਿਚ ਜਾ ਕੇ ਤੰਗ ਪ੍ਰੇਸ਼ਾਨ ਕਰਨ ਵਾਲੀ ਅਫਸਰਸਾਹੀ ਨੂੰ ਅਸੀ ਅਜਿਹਾ ਕਰਨ ਦੀ ਬਿਲਕੁਲ ਇਜਾਜਤ ਨਹੀ ਦੇਵਾਂਗੇ । ਅਜਿਹੀ ਦਹਿਸਤ ਵਿਸ਼ੇਸ਼ ਤੌਰ ਤੇ ਲੁਧਿਆਣਾ ਜਿ਼ਲ੍ਹੇ ਤੋ ਸੁਰੂ ਕੀਤੀ ਗਈ ਹੈ ਜੋ ਬੰਦ ਕੀਤੀ ਜਾਵੇ । ਸਾਨੂੰ ਜੋ ਵਿਧਾਨ ਰਾਹੀ ਅਮਨਮਈ ਢੰਗ ਨਾਲ ਆਪਣੇ ਹਰ ਤਰ੍ਹਾਂ ਦੇ ਸਮਾਜਿਕ, ਧਾਰਮਿਕ, ਸਿਆਸੀ ਇਕੱਤਰਤਾਵਾ ਕਰਨ ਦੇ ਹੱਕ ਪ੍ਰਾਪਤ ਹਨ ਉਸਨੂੰ ਜ਼ਬਰੀ ਕੁੱਚਲਣ ਦੀ ਕੋਸਿ਼ਸ਼ ਨਾ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ ।
ਸ. ਮਾਨ ਨੇ ਸਮੁੱਚੀ ਪਾਰਟੀ ਦੇ ਅਹੁਦੇਦਾਰ, ਮੈਬਰਾਂ, ਸਮੱਰਥਕਾਂ ਦੇ ਨਾਲ-ਨਾਲ ਸਮੁੱਚੀ ਸਿੱਖ ਕੌਮ ਨੂੰ 01 ਜੂਨ ਦੇ ਦਿਹਾੜੇ ਬਰਗਾੜੀ ਪਸਚਾਤਾਪ ਦਿਹਾੜੇ ਦੀ ਹੋਣ ਵਾਲੀ ਅਰਦਾਸ ਵਿਚ ਅਤੇ 06 ਜੂਨ ਨੂੰ ਘੱਲੂਘਾਰੇ ਦਿਹਾੜੇ ਦੇ ਸ਼ਹੀਦ ਸਿੰਘਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਣ ਵਾਲੀ ਅਰਦਾਸ ਵਿਚ ਬਿਨ੍ਹਾਂ ਕਿਸੇ ਡਰ-ਭੈ ਦੇ ਹੁੰਮ ਹੁੰਮਾਕੇ ਪਹੁੰਚਣ ਦੀ ਸੰਜੀਦਗੀ ਭਰੀ ਅਪੀਲ ਵੀ ਕੀਤੀ ।
Comments (0)