ਭਾਜਪਾ ਵਲੋਂ ਫੋਗਾਟ ਭੈਣਾਂ ਵਿਚੋਂ ਇੱਕ ਨੂੰ ਨੌਕਰੀ ਦੀ ਪੇਸ਼ਕਸ਼

ਭਾਜਪਾ ਵਲੋਂ ਫੋਗਾਟ ਭੈਣਾਂ ਵਿਚੋਂ ਇੱਕ ਨੂੰ ਨੌਕਰੀ ਦੀ ਪੇਸ਼ਕਸ਼

ਕੈਪਸ਼ਨ-ਗੀਤਾ ਫੋਗਾਟ, ਬਬੀਤਾ ਫੋਗਾਟ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਭਾਜਪਾ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਹਰਿਆਣਾ ਦੀਆਂ ਪਹਿਲਵਾਨ ਭੈਣਾਂ ਗੀਤਾ ਤੇ ਬਬੀਤਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵਿਚੋਂ ਇੱਕ ਭੈਣ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਸ੍ਰੀ ਤਿਵਾੜੀ ਨੇ ਗੀਤਾ ਤੇ ਬਬੀਤਾ ਵਿਚੋਂ ਇੱਕ ਨੂੰ ਦੱਖਣੀ ਦਿੱਲੀ ਨਗਰ ਨਿਗਮ ਵਿੱਚ ਡਿਪਟੀ ਡਾਇਰੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਐਸਐਮਸੀਡੀ ਦੀ ਸਥਾਈ ਕਮੇਟੀ ਦੇ ਮੁਖੀ ਸ਼ਲੇਂਦਰ ਸਿੰਘ ਮੌਂਟੀ ਵੀ ਹਾਜ਼ਰ ਸਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਦੋਨਾਂ ਭੈਣਾਂ ਨੇ ਛੋਟੀ ਉਮਰ ਵਿੱਚ ਨਾਮਣਾ ਖੱਟਿਆ ਹੈ ਉਨ੍ਹਾਂ ਵਿਚੋਂ ਇੱਕ ਨੂੰ ਇਹ ਨੌਕਰੀ ਸਨਮਾਨ ਸਰੂਪ ਦਿੱਤੀ ਜਾ ਰਹੀ ਹੈ। ਸ੍ਰੀ ਤਿਵਾੜੀ ਮੁਤਾਬਕ ਕੋਸ਼ਿਸ਼ ਕੀਤੀ ਜਾਵੇਗੀ ਕਿ ਦੂਜੀ ਭੈਣ ਨੂੰ ਵੀ ਨੌਕਰੀ ਦਿੱਤੀ ਜਾਵੇ। ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਸਥਾਈ ਕਮੇਟੀ ਦੇ ਮੁਖੀ ਨੇ ਕਿਹਾ ਕਿ ਕੁਸ਼ਤੀ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਹੀ ਹੈ ਪਰ ਹੁਣ ਇਹ ਅਣਗੌਲੀ ਜਾ ਰਹੀ ਸੀ। ਦੋਨਾਂ ਭੈਣਾਂ ਨੇ ਭਾਜਪਾ ਪ੍ਰਧਾਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਹੁਣ ਕੁਸ਼ਤੀ ਦੀ ਖੇਡ ਰਾਹੀਂ ਭਾਰਤੀ ਖਿਡਾਰੀਆਂ ਨੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰੀਆਂ ਹਨ ਤੇ ਤਮਗ਼ੇ ਹਾਸਲ ਕੀਤੇ ਹਨ। ਇਹ ਪੇਂਡੂ ਖੇਡ ਹੁਣ ਰੇਤੇ ਤੋਂ ਹੁੰਦੀ ਹੋਈ ਗੱਦਿਆਂ ਤੱਕ ਦਾ ਸਫ਼ਰ ਕਰ ਗਈ ਹੈ। ਹਰਿਆਣਾ ਦੀ ਇਸ ਕੁਦਰਤੀ ਖੇਡ ਨੂੰ ਸੂਬੇ ਅੰਦਰ ਕੁਸ਼ਤੀ ਨੂੰ ਖਾਸਾ ਉਤਸ਼ਾਹਤ ਕੀਤਾ ਗਿਆ ਹੈ।