ਲਾਹੌਰ ਵਿੱਚ ਪੰਜਾਬੀ ਪ੍ਰੇਮੀਆਂ ਨੇ ਮਾਂ-ਬੋਲੀ ਲਈ ਪੰਜਾਬ ਅਸੈਂਬਲੀ ਬਾਹਰ ਕੀਤਾ ਪ੍ਰਦਰਸ਼ਨ

ਲਾਹੌਰ ਵਿੱਚ ਪੰਜਾਬੀ ਪ੍ਰੇਮੀਆਂ ਨੇ ਮਾਂ-ਬੋਲੀ ਲਈ ਪੰਜਾਬ ਅਸੈਂਬਲੀ ਬਾਹਰ ਕੀਤਾ ਪ੍ਰਦਰਸ਼ਨ

ਲਾਹੌਰ: ਲਾਹੌਰ ਦੀ ਸ਼ਿਮਲਾ ਪਹਾੜੀ ਸਥਿਤ ਪ੍ਰੈੱਸ ਕਲੱਬ ਅੱਗੇ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ, ਸਨਮਾਨ ਤੇ ਇਨਸਾਫ਼ ਦਿਵਾਉਣ ਲਈ ਪੰਜਾਬੀ ਪ੍ਰਚਾਰ ਸੰਸਥਾ ਵਲੋਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਦੁਪਹਿਰ 3 ਤੋਂ 4 ਵਜੇ ਤੱਕ ਰੋਸ ਮੁਜ਼ਾਹਰਾ ਕਰਨ ਉਪਰੰਤ ਉੱਥੋਂ ਪ੍ਰਦਰਸ਼ਨਕਾਰੀ ਪੰਜਾਬ ਅਸੈਂਬਲੀ ਲਈ ਪੈਦਲ ਰਵਾਨਾ ਹੋਏ। 

ਪੰਜਾਬ ਅਸੈਂਬਲੀ ਦੇ ਬਾਹਰ ਕੱਢੀ ਵਿਸ਼ਾਲ ਜਾਗਰੂਕਤਾ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬੀ ਪ੍ਰਚਾਰ ਸੰਸਥਾ ਦੇ ਸਦਰ ਅਹਿਮਦ ਰਜ਼ਾ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਭਾਸ਼ਾ ਪ੍ਰੇਮੀ ਕਦੇ ਪਿੱਛੇ ਨਹੀਂ ਹਟਣਗੇ ਤੇ ਜਦੋਂ ਤਕ ਪੰਜਾਬ ਦੇ ਸਕੂਲਾਂ 'ਚ ਨਰਸਰੀ ਜਮਾਤ ਤੋਂ 12ਵੀਂ ਤੱਕ ਪੰਜਾਬੀ ਨੂੰ ਵਿਸ਼ੇ ਦੇ ਤੌਰ 'ਤੇ ਲਾਗੂ ਨਹੀਂ ਕੀਤਾ ਜਾਂਦਾ ਉਸ ਵਕਤ ਤੱਕ ਸੂਬਾ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਿਆ ਜਾਵੇਗਾ। 

ਅਲੀ ਅਹਿਮਦ ਅਤੇ ਪ੍ਰੋ. ਜ਼ਾਮੀਲ ਪਾਲ ਨੇ ਪੰਜਾਬ 'ਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰੋ. ਤਾਰਿਕ ਜਟਾਲਾ ਨੇ ਕਿਹਾ ਕਿ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। 

ਬਾਬਰ ਜਲੰਧਰੀ ਨੇ ਕਿਹਾ ਕਿ ਲਹਿੰਦੇ ਪੰਜਾਬ 'ਚ 75.23 ਫ਼ੀਸਦੀ ਲੋਕਾਂ ਦੁਆਰਾ ਪੰਜਾਬੀ ਬੋਲੇ ਜਾਣ ਦੇ ਬਾਵਜੂਦ ਪੰਜਾਬੀ ਨੂੰ ਪ੍ਰਮੁੱਖ ਭਾਸ਼ਾ ਦਾ ਸਥਾਨ ਨਹੀਂ ਦਿੱਤਾ ਜਾ ਸਕਿਆ ਹੈ। ਮੁਸ਼ਤਾਕ ਸੂਫ਼ੀ ਨੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਸੂਬੇ ਦੇ ਲੋਕਾਂ ਨੂੰ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।