ਭਾਰਤੀ ਫੌਜ ਦੇ ਸਿੱਖ ਜਰਨੈਲ ਦੇ ਹੈਲੀਕਾਪਟਰ ਦਾ ਡਿਗਣਾ: ਹਾਦਸਾ ਜਾਂ ਸਾਜਿਸ਼?

ਭਾਰਤੀ ਫੌਜ ਦੇ ਸਿੱਖ ਜਰਨੈਲ ਦੇ ਹੈਲੀਕਾਪਟਰ ਦਾ ਡਿਗਣਾ: ਹਾਦਸਾ ਜਾਂ ਸਾਜਿਸ਼?
ਲੈਫਟਿਨੇਂਟ ਜਨਰਲ ਰਨਬੀਰ ਸਿੰਘ

ਜੰਮੂ: ਬੀਤੇ ਵੀਰਵਾਰ ਜੰਮੂ ਦੇ ਪੂੰਛ ਜਿਲ੍ਹੇ ਵਿੱਚ ਉਡਾਨ ਦੌਰਾਨ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਕੇ ਡਿਗ ਗਿਆ। ਇਸ ਹੈਲੀਕਾਪਟਰ ਵਿੱਚ ਹਾਦਸੇ ਮੌਕੇ ਭਾਰਤੀ ਫੌਜ ਦੀ ਉੱਤਰੀ ਇਕਾਈ ਦੇ ਕਮਾਂਡਰ ਲੈਫਟਿਨੇਂਟ ਜਨਰਲ ਰਨਬੀਰ ਸਿੰਘ ਸਵਾਰ ਸਨ। ਜਹਾਜ਼ ਹਾਦਸੇ ਵਿੱਚ ਉਹਨਾਂ ਦਾ ਬਚਣਾ ਇੱਕ ਕ੍ਰਿਸ਼ਮਾ ਹੀ ਮੰਨਿਆ ਜਾ ਰਿਹਾ ਹੈ। ਭਾਰਤੀ ਫੌਜ ਨੇ ਇਸ ਹਾਦਸੇ ਨੂੰ ਤਕਨੀਕੀ ਨੁਕਸ ਕਾਰਨ ਵਾਪਰੀ ਘਟਨਾ ਦੱਸਿਆ ਹੈ।

ਹਾਦਸਾ ਜਾਂ ਸਾਜਿਸ਼?
ਲੈਫਟਿਨੇਂਟ ਜਨਰਲ ਰਨਬੀਰ ਸਿੰਘ ਭਾਰਤੀ ਫੌਜ ਵਿੱਚ ਮੋਜੂਦਾ ਸਮੇਂ ਸਭ ਤੋਂ ਉੱਚ ਸਿੱਖ ਅਫਸਰ ਹਨ ਜੋ ਭਾਰਤੀ ਫੌਜ ਦੇ ਅਗਲੇ ਮੁਖੀ ਬਣਨ ਦੇ ਸਭ ਤੋਂ ਵੱਡੇ ਦਾਅਵੇਦਾਰ ਵੀ ਹਨ। ਪਰ ਬੀਤੇ ਕੁੱਝ ਸਮੇਂ ਤੋਂ ਭਾਰਤੀ ਫੌਜ ਦੇ ਮੁਖੀ ਦੀ ਚੋਣ ਵਿਵਾਦਾਂ ਵਿੱਚ ਘਿਰੀ ਰਹੀ ਹੈ ਤੇ ਸਰਕਾਰ 'ਤੇ ਯੌਗਤਾ ਨੂੰ ਪਿਛਾਂਹ ਕਰਕੇ ਆਪਣੀ ਇੱਛਾ ਦੇ ਅਫਸਰ ਨੂੰ ਫੌਜ ਮੁਖੀ ਨਿਯੁਕਤ ਕਰਨ ਦੇ ਦੋਸ਼ ਲੱਗਦੇ ਆਏ ਹਨ। 

ਹਾਦਸੇ ਵਿੱਚ ਮਲਬਾ ਬਣਿਆ ਹੈਲੀਕਾਪਟਰ

ਇਸ ਹਾਦਸੇ ਵਿੱਚ ਤਬਾਹ ਹੋਏ ਹੈਲੀਕਾਪਟਰ ਦੀਆਂ ਤਸਵੀਰਾਂ ਦਾ ਹਵਾਲਾ ਦਿੰਦਿਆਂ ਇੱਕ ਫੌਜੀ ਅਫਸਰ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦਾ ਬਚਣਾ ਇੱਕ ਕ੍ਰਿਸ਼ਮਾ ਦੱਸਿਆ ਹੈ। 

ਪਿਛਲੇ ਫੌਜ ਮੁਖੀ ਦੀ ਚੌਣ ਬਣੀ ਸੀ ਵਿਵਾਦਿਤ
2016 ਵਿੱਚ ਭਾਰਤੀ ਫੌਜ ਦੇ ਮੁਖੀ ਲਾਏ ਗਏ ਲੈਫਟਿਨੈਂਟ ਜਨਰਲ ਵਿਪਿਨ ਰਾਵਤ ਦੀ ਚੋਣ ਵਿਵਾਦਾਂ ਵਿੱਚ ਘਿਰ ਗਈ ਸੀ ਜਦੋਂ ਉਹਨਾਂ ਤੋਂ ਉੱਚ ਅਫਸਰਾਂ ਨੂੰ ਪਿੱਛੇ ਕਰਕੇ ਅਤੇ ਫੌਜ ਦੀ ਚਲਦੀ ਆਉਂਦੀ ਰੀਤ ਨੂੰ ਦਰਕਿਨਾਰ ਕਰਕੇ ਭਾਰਤ ਸਰਕਾਰ ਨੇ ਵਿਪਿਨ ਰਾਵਤ ਨੂੰ ਫੌਜ ਮੁਖੀ ਲਾ ਦਿੱਤਾ ਸੀ। ਵਿਪਿਨ ਰਾਵਤ ਇਸ ਸਾਲ ਦਸੰਬਰ ਵਿੱਚ ਸੇਵਾ ਮੁਕਤ ਹੋ ਰਹੇ ਹਨ ਤੇ ਹੁਣ ਨਵਾਂ ਭਾਰਤੀ ਫੌਜ ਮੁਖੀ ਚੁਣਿਆ ਜਾਣਾ ਹੈ।

ਕੌਣ-ਕੌਣ ਹੈ ਫੌਜ ਮੁਖੀ ਬਣਨ ਦਾ ਦਾਅਵੇਦਾਰ?
ਭਾਰਤੀ ਫੌਜ ਮੁਖੀ ਰਾਵਤ ਦੀ ਸੇਵਾ ਮੁਕਤੀ ਤੋਂ ਬਾਅਦ ਅਗਲੇ ਫੌਜ ਮੁਖੀ ਬਣਨ ਦੇ ਸਭ ਤੋਂ ਵੱਡੇ ਦਾਅਵੇਦਾਰ ਜਿਹਨਾਂ ਦੋ ਅਫਸਰਾਂ ਨੂੰ ਮੰਨਿਆ ਜਾ ਰਿਹਾ ਹੈ ਉਹਨਾਂ ਵਿੱਚ ਲੈਫ. ਜਨਰਲ ਰਨਬੀਰ ਸਿੰਘ ਅਤੇ ਲੈਫ. ਜਨਰਲ ਮੁਕੁੰਦ ਨਾਰਵਾਨੇ ਦਾ ਨਾਂ ਸ਼ਾਮਿਲ ਹੈ। ਲੈਫ. ਜਨਰਲ ਨਾਰਵਾਨੇ ਮੋਜੂਦਾ ਸਮੇਂ ਭਾਰਤੀ ਫੌਜ ਦੀ ਪੂਰਬੀ ਇਕਾਈ ਦੇ ਕਮਾਂਡਰ ਹਨ। ਉਹਨਾਂ ਨੂੰ ਜਦੋਂ ਸਤੰਬਰ 2018 ਵਿੱਚ ਇਸ ਇਕਾਈ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ ਉਸ ਸਮੇਂ ਵੀ ਫੌਜ ਦੇ ਉੱਚ ਅਫਸਰਾਂ ਨੇ ਹੈਰਾਨੀ ਪ੍ਰਗਟ ਕੀਤੀ ਸੀ ਕਿਉਂਕਿ ਇਹਨਾਂ ਦਾ ਅਪਾਰੇਸ਼ਨਲ ਤਜ਼ਰਬਾ ਘੱਟ ਮੰਨਿਆ ਜਾਂਦਾ ਹੈ ਅਤੇ ਪੂਰਬੀ ਇਕਾਈ ਅਪਾਰੇਸ਼ਨ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਦੱਸ ਦਈਏ ਕਿ ਭਾਰਤੀ ਫੌਜ ਦੀ ਪੂਰਬੀ ਇਕਾਈ ਤੋਂ ਪਿਛਲੇ ਸਮਿਆਂ ਵਿੱਚ ਬਹੁਤ ਜ਼ਿਆਦਾ ਅਫਸਰ ਫੌਜ ਮੁਖੀ ਬਣੇ ਹਨ। ਇਸ ਤੋਂ ਪਹਿਲਾਂ ਦਸੰਬਰ 2017 ਵਿੱਚ ਉਸ ਸਮੇਂ ਵੀ ਫੌਜ ਦੀ ਉੱਚ ਕਮਾਨ ਹੈਰਾਨ ਹੋਈ ਸੀ ਜਦੋਂ ਲੈਫ. ਜਨਰਲ ਨਾਰਵਾਨੇ ਨੂੰ ਫੌਜ ਦੀ ਸਿਖਲਾਈ ਕਮਾਂਡ ਦਾ ਮੁਖੀ ਲਾ ਦਿੱਤਾ ਗਿਆ ਸੀ ਜਿਸ ਲਈ ਉਹਨਾਂ ਦਾ ਤਜ਼ਰਬਾ ਵਾਜਿਬ ਨਹੀਂ ਸਮਝਿਆ ਜਾ ਰਿਹਾ ਸੀ।

ਦੂਜੇ ਪਾਸੇ ਲੈਫ. ਜਨਰਲ ਰਨਬੀਰ ਸਿੰਘ ਦਾ ਫੌਜੀ ਤਜ਼ਰਬਾ ਆਪਰੇਸ਼ਨਲ ਕਰਵਾਈਆਂ ਨਾਲ ਭਰਿਆ ਪਿਆ ਹੈ ਅਤੇ ਉਹ ਮਿਆਂਮਾਰ ਅਤੇ ਪਾਕਿਸਤਾਨ ਦੇ ਪ੍ਰਬੰਧ ਵਾਲੇ ਖੇਤਰ ਵਿੱਚ ਕੀਤੀਆਂ ਗਈਆਂ ਕਥਿਤ ਸਰਜੀਕਲ ਸਟਰਾਈਕਾਂ ਦੇ ਮੁਖੀ ਸਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।