11 ਭਿ੍ਸ਼ਟ ਪੁਲਸੀਏ ਬਰਖਾਸਤ ਕੀਤੇ

11 ਭਿ੍ਸ਼ਟ ਪੁਲਸੀਏ ਬਰਖਾਸਤ ਕੀਤੇ

ਪਟਿਆਲਾ: ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ਵਿਚ ਘਿਰੇ 11 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤੀ ਵਰਤਦਿਆਂ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚ ਛੇ ਸਹਾਇਕ ਥਾਣੇਦਾਰ, ਤਿੰਨ ਹੌਲਦਾਰ ਅਤੇ ਦੋ ਸਿਪਾਹੀ ਪੱਧਰ ਦੇ ਮੁਲਾਜ਼ਮ ਹਨ। 

ਕੁਝ ਮਹੀਨੇ ਪਹਿਲਾਂ ਵੀ ਅਜਿਹੇ ਮਾਮਲਿਆਂ ਵਿਚ ਚਾਰ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਚੁੱਕਾ ਹੈ। ਹਾਲਾਂਕਿ ਉਨ੍ਹਾਂ ਦੀ ਸਿਫ਼ਾਰਿਸ਼ ’ਤੇ ਚੰਗੀ ਕਾਰਗੁਜ਼ਾਰੀ ਵਾਲੇ 81 ਪੁਲੀਸ ਮੁਲਾਜ਼ਮਾਂ ਨੂੰ ਤਰੱਕੀਆਂ ਵੀ ਮਿਲੀਆਂ ਹਨ। ਅੱਜ ਜਿਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ, ਉਨ੍ਹਾਂ ਵਿਚ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ, ਲੋਕਲ ਰੈਂਕ ਦੇ ਪੰਜ ਸਹਾਇਕ ਥਾਣੇਦਾਰ- ਸੁਖਵਿੰਦਰ ਕੌਰ, ਸਾਹਿਬ ਸਿੰਘ, ਟਹਿਲ ਸਿੰਘ, ਜੰਗੀਰ ਸਿੰਘ ਅਤੇ ਗੁਰਮੀਤ ਸਿੰਘ, ਦੋ ਹੌਲਦਾਰ ਹਰਜਿੰਦਰ ਸਿੰਘ ਤੇ ਬਲਜਿੰਦਰ ਸਿੰਘ, ਹੌਲਦਾਰ ਅਮਰਜੀਤ ਸਿੰਘ, ਸਿਪਾਹੀ ਨਰਿੰਦਰਪਾਲ ਸਿੰਘ ਅਤੇ ਸਿਪਾਹੀ ਗੁਰਪ੍ਰਤਾਪ ਸਿੰਘ ਸ਼ਾਮਲ ਹਨ। 

ਪੁਲੀਸ ਮੁਖੀ ਦਾ ਕਹਿਣਾ ਸੀ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ’ਚ ਸ਼ਮੂਲੀਅਤ ਸਾਹਮਣੇ ਆਉਣ ’ਤੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰਨ ਸਮੇਤ ਵਿਭਾਗੀ ਪੜਤਾਲ ਵੀ ਕੀਤੀ ਗਈ ਹੈ। ਦੋੋਸ਼ੀ ਪਾਏ ਜਾਣ ’ਤੇ ਹੀ ਇਨ੍ਹਾਂ ਨੂੰ ਬਰਤਰਫ਼ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਚੰਗੀ ਕਾਰਗੁਜ਼ਾਰੀ ਵਾਲੇ ਕਈ ਮੁਲਾਜ਼ਮਾਂ ਦੀ ਸਿਫ਼ਾਰਿਸ਼ ਵੀ ਕੀਤੀ ਗਈ ਹੈ। 81 ਪੁਲੀਸ ਮੁਲਾਜ਼ਮਾਂ ਨੂੰ ਤਰੱਕੀਆਂ, 50 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀਜੀਪੀ ਡਿਸਕ ਅਤੇ 1,816 ਮੁਲਾਜ਼ਮਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਸਰਟੀਫ਼ਿਕੇਟ ਮਿਲੇ ਹਨ।